ਆਸਟਰੇਲੀਆ ’ਚ ਡਿਲਿਵਰੀ ਕਾਮਿਆਂ ਦੀ ਵਧੀ ਕਮਾਈ, ਘੱਟੋ-ਘੱਟ ਉਜਰਤ ਹੋਈ ਤੈਅ

Global Team
3 Min Read

ਨਿਊਜ਼ ਡੈਸ਼ਕ: ਆਸਟਰੇਲੀਆ ਵਿੱਚ ਫੂਡ ਅਤੇ ਕਰਿਆਨੇ ਦੀ ਡਿਲਿਵਰੀ ਕਰਨ ਵਾਲੇ ਕਾਮਿਆਂ ਲਈ ਨਵੇਂ ਘੱਟੋ-ਘੱਟ ਉਜਰਤ ਮਿਆਰ ਲਾਗੂ ਹੋਣ ਜਾ ਰਹੇ ਹਨ। ਫੇਅਰ ਵਰਕ ਕਮਿਸ਼ਨ ਵੱਲੋਂ ਤੈਅ ਕੀਤੀਆਂ ਇਹ ਨਵੀਆਂ ਦਰਾਂ 17 ਅਗਸਤ 2026 ਤੋਂ ਲਾਗੂ ਹੋਣਗੀਆਂ। ਇਸ ਫੈਸਲੇ ਨਾਲ ਡਿਲਿਵਰੀ ਸੈਕਟਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਕਾਮਿਆਂ ਨੂੰ ਲਾਭ ਮਿਲਣ ਦੀ ਉਮੀਦ ਹੈ।

ਨਵੇਂ ਮਿਆਰਾਂ ਤਹਿਤ ਸਾਈਕਲ ਜਾਂ ਈ-ਬਾਈਕ ਰਾਹੀਂ ਡਿਲਿਵਰੀ ਕਰਨ ਵਾਲਿਆਂ ਲਈ ਘੱਟੋ-ਘੱਟ ਦਰ 31.30 ਆਸਟਰੇਲੀਅਨ ਡਾਲਰ ਪ੍ਰਤੀ ਘੰਟਾ ਹੋਵੇਗੀ। ਮੋਟਰਸਾਈਕਲ ਰਾਹੀਂ ਕੰਮ ਕਰਨ ਵਾਲਿਆਂ ਲਈ ਇਹ ਦਰ 31.50 ਡਾਲਰ, ਜਦਕਿ ਕਾਰ ਰਾਹੀਂ ਡਿਲਿਵਰੀ ਕਰਨ ਵਾਲਿਆਂ ਲਈ 32 ਡਾਲਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ।

ਉਡੀਕ ਦੇ ਸਮੇਂ ਦਾ ਵੀ ਮਿਲੇਗਾ ਭੁਗਤਾਨ

ਨਵੀਂ ਵਿਵਸਥਾ ਦੀ ਇੱਕ ਅਹਿਮ ਗੱਲ ਇਹ ਹੈ ਕਿ ਡਿਲਿਵਰੀ ਕਾਮਿਆਂ ਦੇ ਉਡੀਕ ਕਰਨ ਦੇ ਸਮੇਂ ਨੂੰ ਵੀ ਭੁਗਤਾਨ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ 1 ਜਨਵਰੀ 2027 ਤੋਂ ਇਨ੍ਹਾਂ ਘੱਟੋ-ਘੱਟ ਦਰਾਂ ਵਿੱਚ ਹੋਰ 50 ਸੈਂਟ ਪ੍ਰਤੀ ਘੰਟਾ ਦਾ ਵਾਧਾ ਕੀਤਾ ਜਾਵੇਗਾ।

ਇਸ ਫੈਸਲੇ ਨੂੰ ਫੂਡ ਡਿਲਿਵਰੀ ਉਦਯੋਗ ਨਾਲ ਜੁੜੇ ਕਾਮਿਆਂ ਲਈ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਵਿਦੇਸ਼ਾਂ ਤੋਂ ਆਏ ਭਾਰਤੀ ਵਿਦਿਆਰਥੀਆਂ ਦੀ ਵੀ ਵੱਡੀ ਗਿਣਤੀ ਕੰਮ ਕਰਦੀ ਹੈ।

ਡਿਜੀਟਲ ਪਲੇਟਫਾਰਮ ’ਤੇ ਕੰਮ ਕਰਨ ਵਾਲੇ ਹਜ਼ਾਰਾਂ ਲੋਕ

ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ 2024-25 ਦੌਰਾਨ 1,78,590 ਲੋਕਾਂ ਨੇ ਪਿਛਲੇ 12 ਮਹੀਨਿਆਂ ਵਿੱਚ ਕਿਸੇ ਡਿਜੀਟਲ ਪਲੇਟਫਾਰਮ ਰਾਹੀਂ ਕੰਮ ਕੀਤਾ। ਇਨ੍ਹਾਂ ਵਿੱਚ ਖਾਣੇ ਜਾਂ ਹੋਰ ਸਾਮਾਨ ਦੀ ਡਿਲਿਵਰੀ ਕਰਨ ਵਾਲੇ ਲੋਕ ਵੀ ਸ਼ਾਮਲ ਹਨ।

ਕੰਮਕਾਜੀ ਸੁਧਾਰਾਂ ਤੋਂ ਬਾਅਦ ਹੋਇਆ ਫੈਸਲਾ

ਇਹ ਫੈਸਲਾ ਐਲਬਨੀਜ਼ ਸਰਕਾਰ ਵੱਲੋਂ 2023 ਵਿੱਚ ਕੀਤੇ ਗਏ ਕੰਮਕਾਜੀ ਸੁਧਾਰਾਂ ਤੋਂ ਬਾਅਦ ਸੰਭਵ ਹੋਇਆ ਹੈ। ਵਰਕਪਲੇਸ ਰਿਲੇਸ਼ਨਜ਼ ਮੰਤਰੀ ਅਮਾਂਡਾ ਰਿਸ਼ਵਰਥ ਨੇ ਇਸ ਨੂੰ ਮਹੱਤਵਪੂਰਨ ਮੀਲ ਪੱਥਰ ਦੱਸਿਆ। ਉਨ੍ਹਾਂ ਮੁਤਾਬਕ ਡਿਲਿਵਰੀ ਕਾਮਿਆਂ ਨੂੰ ਹੁਣ ਲਚਕਦਾਰ ਕੰਮ ਅਤੇ ਵਧੀਆ ਸੁਰੱਖਿਆ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਲੋੜ ਨਹੀਂ ਹੋਵੇਗੀ।

ਕਾਮਿਆਂ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਫੈਸਲਾ

ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਇਸ ਫੈਸਲੇ ਨੂੰ ਕਾਮਿਆਂ ਲਈ ਵੱਡੀ ਜਿੱਤ ਅਤੇ ਵਿਸ਼ਵ-ਪੱਧਰੀ ਸੁਰੱਖਿਆ ਵੱਲ ਕਦਮ ਦੱਸਿਆ ਹੈ। ਕਾਮਿਆਂ ਦਾ ਮੰਨਣਾ ਹੈ ਕਿ ਨਵੇਂ ਮਿਆਰਾਂ ਨਾਲ ਉਨ੍ਹਾਂ ਦੀ ਆਮਦਨ ਵਿੱਚ ਸਥਿਰਤਾ ਆ ਸਕਦੀ ਹੈ।

ਹਾਲਾਂਕਿ ਕੁਝ ਡਿਲਿਵਰੀ ਕਾਮੇ ਅਜੇ ਵੀ ਚਿੰਤਤ ਹਨ ਕਿ ਉਨ੍ਹਾਂ ਦੀ ਅਸਲ ਕਮਾਈ ਆਖ਼ਰਕਾਰ ਉਨ੍ਹਾਂ ਨੂੰ ਮਿਲਣ ਵਾਲੇ ਡਿਲਿਵਰੀ ਕੰਮ ਦੇ ਸਮੇਂ ’ਤੇ ਨਿਰਭਰ ਰਹੇਗੀ।

Share This Article
Leave a Comment