ਮੈਲਬੌਰਨ:ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਮਹਾਤਮਾ ਗਾਂਧੀ ਦਾ ਕਾਂਸੀ ਦਾ ਬੁੱਤ ਚੋਰੀ ਹੋ ਗਿਆ। ਚੋਰ ਇਸ ਬੁੱਤ ਨੂੰ ਪੈਰਾਂ ਤੋਂ ਕੱਟ ਕੇ ਲੈ ਗਏ। ਇਹ ਬੁੱਤ 426 ਕਿਲੋਗ੍ਰਾਮ ਵਜ਼ਨੀ ਸੀ ਅਤੇ ਇਸ ਨੂੰ ਕਾਂਸੇ ਨਾਲ ਬਣਾਇਆ ਗਿਆ ਸੀ। ਇਸ ਘਟਨਾ ਦੀ ਭਾਰਤ ਨੇ ਸਖਤ ਨਿੰਦਾ ਕੀਤੀ ਹੈ। ਮੈਲਬੌਰਨ ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਹਾਤਮਾ ਗਾਂਧੀ ਦਾ ਇਹ ਬੁੱਤ ਆਸਟ੍ਰੇਲੀਅਨ ‘ਇੰਡੀਅਨ ਕਮਿਊਨਿਟੀ ਸੈਂਟਰ’ ਦੇ ਬਾਹਰ ਲੱਗੀ ਹੋਈ ਸੀ। ਮਹਾਤਮਾ ਗਾਂਧੀ ਦੇ ਇਸ ਬੁੱਤ ਨੂੰ ਨਵੀਂ ਦਿੱਲੀ ਸਥਿਤ ਭਾਰਤੀ ਸੱਭਿਆਚਾਰਕ ਸਬੰਧ ਪ੍ਰੀਸ਼ਦ (ICCR) ਵੱਲੋਂ ਤੋਹਫ਼ੇ ਵਜੋਂ ਦਿੱਤਾ ਗਿਆ ਸੀ। ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਲਈ ਇਸ ਦਾ ਸੱਭਿਆਚਾਰਕ, ਇਤਿਹਾਸਕ ਅਤੇ ਪ੍ਰਤੀਕਾਤਮਕ ਮਹੱਤਵ ਵੀ ਸੀ। ਇਸ ਦਾ ਉਦਘਾਟਨ 12 ਨਵੰਬਰ, 2021 ਨੂੰ ਆਸਟ੍ਰੇਲੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕੀਤਾ ਸੀ।
‘ਆਸਟ੍ਰੇਲੀਆ ਟੂਡੇ’ ਦੀ ਰਿਪੋਰਟ ਅਨੁਸਾਰ, ਇਹ ਚੋਰੀ ਕਥਿਤ ਤੌਰ ‘ਤੇ ਬੀਤੇ ਸੋਮਵਾਰ ਨੂੰ ਲਗਭਗ 12:50 ਵਜੇ ਹੋਈ। ਮੈਲਬੌਰਨ ਪੁਲਿਸ ਦੇ ਮੁਤਾਬਕ ਤਿੰਨ ਅਪਰਾਧੀਆਂ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਨੂੰ ਉਸ ਦੇ ਆਧਾਰ ਤੋਂ ਕੱਟਣ ਲਈ ‘ਐਂਗਲ ਗ੍ਰਾਈਂਡਰ’ ਦੀ ਵਰਤੋਂ ਕੀਤੀ। ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਪ੍ਰਤਿਮਾ ਨੂੰ ਗਿੱਟਿਆਂ ਤੋਂ ਕੱਟਿਆ ਹੋਇਆ ਦੇਖਿਆ ਜਾ ਰਿਹਾ ਹੈ। ਬੁੱਤ ਵਾਲੀ ਥਾਂ ‘ਤੇ ਸਿਰਫ਼ ਪੈਰ ਹੀ ਬਚੇ ਹਨ।
ਇਸ ਘਟਨਾ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਮੈਲਬੌਰਨ ਦੇ ਰੋਵਿਲ ਵਿੱਚ ‘ਆਸਟ੍ਰੇਲੀਅਨ ਇੰਡੀਅਨ ਕਮਿਊਨਿਟੀ ਸੈਂਟਰ’ ਵਿੱਚ ਮਹਾਤਮਾ ਗਾਂਧੀ ਦੀ ਪ੍ਰਤਿਮਾ ਨੂੰ ਅਣਪਛਾਤੇ ਲੋਕਾਂ ਦੁਆਰਾ ਨੁਕਸਾਨ ਪਹੁੰਚਾਉਣ ਅਤੇ ਹਟਾਉਣ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਆਸਟ੍ਰੇਲੀਆਈ ਅਧਿਕਾਰੀਆਂ ਦੇ ਸਾਹਮਣੇ ਇਹ ਮਾਮਲਾ ਜ਼ੋਰਦਾਰ ਤਰੀਕੇ ਨਾਲ ਉਠਾਇਆ ਹੈ ਅਤੇ ਉਨ੍ਹਾਂ ਨੂੰ ਚੋਰੀ ਹੋਏ ਬੁੱਤ ਨੂੰ ਵਾਪਸ ਲਿਆਉਣ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

