Home / ਓਪੀਨੀਅਨ / ਜਥੇਦਾਰ ਹਰਪ੍ਰੀਤ ਸਿੰਘ ਜੀ! – ਸਿੱਖ ਪੰਥ ਹੋਇਆ ਕਿਉਂ ਖੇਰੂੰ ਖੇਰੂੰ ?

ਜਥੇਦਾਰ ਹਰਪ੍ਰੀਤ ਸਿੰਘ ਜੀ! – ਸਿੱਖ ਪੰਥ ਹੋਇਆ ਕਿਉਂ ਖੇਰੂੰ ਖੇਰੂੰ ?

-ਜਗਤਾਰ ਸਿੰਘ ਸਿੱਧੂ (ਐਡੀਟਰ)

ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਘੱਲੂਘਾਰਾ ‘ਚ ਸ਼ਹੀਦ ਹੋਏ ਸਿਖਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਮੌਕੇ ਦਿੱਤੇ ਸੁਨੇਹੇ ਵਿਚ ਕੌਮੀ ਹਿੱਤਾਂ ਖਾਤਰ ਸਿੱਖ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇੱਕਠੇ ਹੋਣ ਦਾ ਸੱਦਾ ਦਿੱਤਾ ਹੈ। ਇਸ ਦਾ ਵੱਡਾ ਮੰਤਵ ਸਿੱਖ ਮਸਲਿਆਂ ਦੇ ਹੱਲ ਲਈ ਇਕ ਸਾਂਝੀ ਸੋਚ ਤਿਆਰ ਕਰਨਾ ਹੈ। ’84 ਦੇ ਘੱਲੂਘਾਰਾ ਨੂੰ 37 ਸਾਲ ਲੰਘ ਗਏ ਹਨ। ਅਕਸਰ ਇਸ ਮੌਕੇ ‘ਤੇ ਅਕਾਲ ਤਖਤ ਸਾਹਿਬ ਦੇ ਮੌਕੇ ਦੇ ਜਥੇਦਾਰ ਵਲੋਂ ਸੰਦੇਸ਼ ਜਾਰੀ ਕੀਤਾ ਜਾਂਦਾਂ ਹੈ। ਇਸ ਮੌਕੇ ‘ਤੇ ਖਾਲਿਸਤਾਨ ਹਮਾਇਤੀ ਸਿੱਖ ਜਥੇਬੰਦੀਆਂ ਵਲੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਹੈ। ਕਈ ਮੌਕਿਆਂ ਉੱਤੇ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵਿਚਕਾਰ ਟਕਰਾਅ ਵੀ ਹੋਏ ਹਨ। ਐਨੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਕੀ ਸਿੱਖ ਮੌਕੇ ਦੀ ਅਹਿਮੀਅਤ ਹਰ ਸਾਲ ਜਥੇਦਾਰ ਦੇ ਰਵਾਇਤੀ ਭਾਸ਼ਨ ਤੱਕ ਸੀਮਤ ਹੋ ਕੇ ਰਹਿ ਗਈ ਹੈ?

ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਸਿੱਖ ਮਸਲਿਆਂ ਲਈ ਇੱਕਠੇ ਹੋਣ ਬਾਰੇ ਬਿਆਨ ਦੇਣ ਤੋਂ ਪਹਿਲਾਂ ਕੀ ਸਿੱਖ ਜਥੇਬੰਦੀਆਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ? ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨ ਦੀ ਭਰੋਸੇਯੋਗਤਾ ਉੱਤੇ ਸਵਾਲ ਕਿਉਂ ਉੱਠ ਰਹੇ ਹਨ? ਸਿੱਖ ਮਾਮਲਿਆਂ ਬਾਰੇ ਸਹਿਮਤੀ ਤਾਂ ਦੂਰ ਦੀ ਗੱਲ ਹੈ। ਅਜੇ ਤਾਂ ਸਿੰਘ ਸਾਹਿਬ ਬਾਰੇ ਹੀ ਸਹਿਮਤੀ ਨਹੀਂ ਹੈ। ਮੁਤਵਾਜ਼ੀ ਜਥੇਦਾਰ ਆਪਣੇ ਤੌਰ ‘ਤੇ ਕਾਰਵਾਈ ਕਰ ਰਹੇ ਹਨ। ਹੋਰ ਤਾਂ ਹੋਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਜਿੰਮੇਵਾਰੀ ਨਿਭਾ ਰਹੇ ਗਿਆਨੀ ਹਰਪ੍ਰੀਤ ਸਿੰਘ ਦੇ ਅਹੁਦੇ ਅੱਗੇ ਐਕਟਿੰਗ ਜਥੇਦਾਰ ਸ਼ਬਦ ਤੁਰਿਆ ਆ ਰਿਹਾ ਹੈ। ਸਿੰਘ ਕੌਮ ਦੇ ਕਿੰਨੇ ਵੱਡੇ ਦਿਹਾੜੇ ਮਨਾਏ ਗਏ ਪਰ ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਹੀ ਰਹੇ।ਕਿਉਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ (ਬਾਦਲ) ਸਿੱਖ ਭਾਈਚਾਰੇ ਨੂੰ ਦੇਣਗੇ ਜਵਾਬ? ਸਿੰਘ ਸਾਹਿਬਾਨ ਬਾਰੇ ਇਹ ਵਿਵਾਦ ਕਿਉਂ ਉੱਠਿਆ ਕਿ ਡੇਰਾ ਸਿਰਸਾ ਨੂੰ ਮਾਫੀ ਕਿਉਂ ਦਿੱਤੀ ਗਈ? ਫਿਰ ਸਿੱਖਾਂ ਦੇ ਰੋਸ ਨੂੰ ਦੇਖ ਕੇ ਮਾਫੀ ਵਾਪਸ ਲੈ ਲਈ ਗਈ? ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀਆਂ ਤੇ ਹੋਰ ਧਾਰਮਿਕ ਸੰਸਥਾਵਾਂ ਵਿਚ ਨਿਘਾਰ ਆਇਆ। ਕਈ ਸਿੱਖ ਜਥੇਬੰਦੀਆਂ ਵਲੋਂ ਲਗਾਤਾਰ ਇਹ ਦੋਸ਼ ਲੱਗ ਰਹੇ ਹਨ ਕਿ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੀਆਂਆਮ ਚੋਣਾਂ ਨੂੰ ਜਾਣ-ਬੁਝ ਕੇ ਲਟਕਾਇਆ ਜਾ ਰਿਹਾ ਹੈ ਅਤੇ ਅਕਾਲੀ ਦਲ ਦੇ ਰਾਜਸੀ ਵਿੰਗ ਵੱਲੋਂ ਸ਼੍ਰੋਮਣੀ ਕਮੇਟੀ ਕੰਮ ਕਰ ਰਹੀ ਹੈ। ਇਸ ਤਰ੍ਹਾਂ ਜੇਕਰ ਆਮ ਚੋਣਾਂ ਹੋ ਜਾਂਦੀਆਂ ਹਨ ਤਾਂ ਇਸ ਭਾਈਚਾਰੇ ਨੂੰ ਇਕ ਨਵੀਂ ਲੀਡਰਸ਼ਿਪ ਲਿਆਉਣ ਦਾ ਮੌਕਾ ਮਿਲੇਗਾ।

ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ’84 ਦਾ ਘੱਲੂਘਾਰਾ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿਖਾਂ ਨੂੰ ਸਬਕ ਸਿਖਾਉਣ ਅਤੇ ਪਾਰਲੀਮੈਂਟ ਚੋਣ ਜਿੱਤਣ ਲਈ ਕੀਤਾ। ਨਵੰਬਰ ’84 ਦਾ ਕਤਲੇਆਮ ਇਸ ਦੇਸ਼ ਦੇ ਮੱਥੇ ‘ਤੇ ਕਲੰਕ ਹੈ। ਸਮੇਂ ਦੀ ਹਕੂਮਤ ਨੇ ਸਿੱਖਾਂ ਨਾਲ ਦੁਸ਼ਮਣ ਵਾਲਾ ਵਤੀਰਾ ਅਪਣਾਇਆ ਅਤੇ ਜ਼ੁਲਮ ਢਾਹਿਆ। ਇਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਪਰ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਸਬੰਧਤ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਮੌਕੇ ਤਾਂ ਅਕਾਲੀ ਦਲ ਦੀ ਸਰਕਾਰ ਸੀ। ਇਸ ਗੁੱਸੇ ਵਿਚ ਲੋਕਾਂ ਨੇ ਚੋਣਾ ਵੇਲੇ ਅਕਾਲੀ ਦਲ ਨੂੰ ਅਸੈਂਬਲੀ ਅੰਦਰ ਤੀਜੇ ਥਾਂ ‘ਤੇ ਪੁੱਜਾ ਦਿੱਤਾ। ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਾਹਿਬਾਨ ਵਲੋਂ ਇਸ ਨਾਜ਼ੁਕ ਮੁੱਦੇ ‘ਤੇ ਠੋਸ ਭੁਮਿਕਾ ਨਹੀਂ ਨਿਭਾਈ ਗਈ।ਸਮਿਆਂ ਦੀਆਂ ਸਰਕਾਰਾ ਲਈ ਹਰ ਮੁੱਦਾ ਵੋਟਾਂ ਦੀ ਰਾਜਨੀਤੀ ਤੱਕ ਸੀਮਤ ਹੋ ਕੇ ਰਹਿ ਜਾਂਦਾਂ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੁਜੇ ਸਿੰਘ ਸਾਹਿਬਾਨ ਦੀ ਭੂਮਿਕਾ ਬਾਰੇ ਉੱਠ ਰਹੇ ਸਵਾਲਾਂ ਦਾ ਹੱਲ ਲੱਭ ਲਿਆ ਜਾਵੇ ਤਾਂ ਸਿੱਖ ਕੌਮ ਲਈ ਇੱਕਠੇ ਹੋਣ ਦਾ ਰਾਹ ਆਪਣੇ ਆਪ ਖੁੱਲ੍ਹ ਜਾਵੇਗਾ।

ਸੰਪਰਕ-9814002186

Check Also

ਬੇਰੁਜ਼ਗਾਰੀ, ਨੌਜਵਾਨਾਂ ਲਈ ਵੱਡੀ ਚੁਣੌਤੀ

-ਜਗਦੀਸ਼ ਸਿੰਘ ਚੋਹਕਾ; ਭਾਰਤ ਇੱਕ ਵਿਕਾਸਸ਼ੀਲ ਗਰੀਬ ਦੇਸ਼ ਹੈ, ਜਿਸ ਦੀ ਅੱਜ ਵਾਗਡੋਰ ਇਕ ਅਤਿ …

Leave a Reply

Your email address will not be published. Required fields are marked *