ਰਾਜ ਬਦਲਿਆ, ਤਾਜ ਬਦਲਿਆ – ਬਦਲ ਗਈਆਂ ਵਫਾਦਾਰੀਆਂ

TeamGlobalPunjab
3 Min Read

-ਅਵਤਾਰ ਸਿੰਘ;

ਪੰਜਾਬ ਵਿੱਚ ਇਸ ਵੇਲੇ ਸੱਤਾ ਤਬਦੀਲੀ ਹੋ ਚੁੱਕੀ ਹੈ। ਸਾਢੇ ਨੌਂ ਸਾਲ ਸੂਬੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਵਿਰੋਧੀਆਂ ਨੇ ਪਾਰਟੀ ਵਿੱਚ ਖਿਲਾਫਤ ਕਰਕੇ ਹਾਈ ਕਮਾਂਡ ਤੋਂ ਗੱਦੀਓਂ ਲੁਹਾ ਕੇ ਚਰਨਜੀਤ ਸਿੰਘ ਚੰਨੀ ਸੂਬੇ ਦੀ ਕਮਾਨ ਸੰਭਾਲ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸੱਤਾ ਤਬਦੀਲੀ ਮਗਰੋਂ ਕੁਝ ਦੂਰ ਹੋ ਗਏ ਤੇ ਕੁਝ ਨੇੜੇ ਆਉਣੇ ਸ਼ੁਰੂ ਹੋ ਗਏ। ਸਿਆਸਤ ਵਿੱਚ ਕੋਈ ਕਿੰਨਾ ਵੀ ਨੇੜੇ ਸਮਝੇ ਪਰ ਮੌਕੇ ਮਿਲਦੇ ਹੀ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸੱਤਾ ਪ੍ਰਾਪਤੀ ਤੋਂ ਬਾਅਦ ਹਰ ਕੋਈ ਆਪਣੇ ਵਿਸ਼ਵਾਸ਼ ਦਾ ਬੰਦਾ ਹੀ ਨੇੜੇ ਲਿਆਉਂਦਾ ਹੈ। ਅੱਜ ਕੱਲ੍ਹ ਵੀ ਇਹੋ ਕੁਝ ਹੋ ਰਿਹਾ ਹੈ। ਨਵੇਂ ਮੁੱਖ ਮੰਤਰੀ ਨੇ ਪੁਰਾਣੇ ਅਫਸਰ ਬਦਲ ਕੇ ਆਪਣੇ ਭਰੋਸੇ ਦੇ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਇਸੇ ਤਰ੍ਹਾਂ ਛੋਟੇ ਤੋਂ ਵੱਡੇ ਪੱਧਰ ਤੱਕ ਮਾਤਾਹਿਤ ਤਬਦੀਲ ਹੋ ਰਹੇ ਹਨ। ਮੰਤਰੀ ਸੰਤਰੀ ਬਦਲਣ ਦੀਆਂ ਵੀ ਕਨਸੋਆਂ ਹਨ। ਅਜਿਹਾ ਸੁਭਾਵਿਕ ਹੁੰਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਦੂਰ ਹੋਏ ਨੇੜੇ ਆਉਣੇ ਸ਼ੁਰੂ ਹੋ ਜਾਂਦੇ ਹਨ। ਪੁਰਾਣਿਆਂ ਨੂੰ ਭੁਲਣਾ ਸ਼ੁਰੂ ਹੋ ਜਾਂਦਾ ਹੈ।

ਇਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜੇਲਿਆਂ ਤੋਂ ਅਹੁਦੇ ਵਾਪਸ ਕਰਨ ਮਗਰੋਂ ਬੁਧਵਾਰ ਨੂੰ ਪੀਆਰਟੀਸੀ ਦੀਆਂ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਵਾਲੇ ਸਰਕਾਰੀ ਇਸ਼ਤਿਹਾਰ ਹਟਾਉਣ ਦੇ ਹੁਕਮ ਚਾੜ੍ਹ ਦਿੱਤੇ ਗਏ ਹਨ। ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਨੇ ਪੀਆਰਟੀਸੀ ਦੇ ਡਾਇਰੈਕਟਰ ਨੂੰ ਭੇਜੇ ਪੱਤਰ ‘ਚ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਲਈ ਪੀਆਰਟੀਸੀ ਦੀਆਂ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਦੀ ਫੋਟੋ ਵਾਲੇ ਪ੍ਰਚਾਰ ਨੂੰ ਤੁਰੰਤ ਹਟਾਉਣ ਲਈ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਹੁਕਮ ਦਿੱਤੇ ਜਾਣ। ਇਸ ਆਦੇਸ਼ ਤੋਂ ਬਾਅਦ ਕਈ ਥਾਵਾਂ ‘ਤੇ ਬੱਸਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਫੋਟੋਆਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

- Advertisement -

ਇਸੇ ਤਰ੍ਹਾਂ ਬੁਧਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿਚ ਇਕ ਘਟਨਾ ਵਾਪਰੀ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਦੇ ਕਰੀਬੀ ਨੂੰ ਬਦਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਫ਼ਾਦਾਰ ਨੂੰ ਅਹੁਦਾ ਸੌਂਪਿਆ ਗਿਆ। ਦਮਨਦੀਪ ਸਿੰਘ ਉੱਪਲ ਨੂੰ ਦਿਨੇਸ਼ ਬੱਸੀ ਦੀ ਥਾਂ ‘ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਾ ਦਿੱਤਾ ਗਿਆ ਹੈ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਫ਼ਾਦਾਰ ਦਿਨੇਸ਼ ਬੱਸੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਿਕ ਦਿਨੇਸ਼ ਬੱਸੀ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕਥਿਤ ਤੌਰ ’ਤੇ ਚੰਗੇ ਸੰਬੰਧ ਨਹੀਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੰਮ੍ਰਿਤਸਰ ਫੇਰੀ ਦੌਰਾਨ ਬੱਸੀ ਦੀ ਥਾਂ ਸਿੱਧੂ ਦੇ ਕਰੀਬੀ ਦਮਨਦੀਪ ਚੇਅਰਮੈਨ ਲਗਾ ਦਿੱਤਾ। ਇਸੇ ਤਰ੍ਹਾਂ ਪੰਜਾਬ ਵਿੱਚ ਹੋਰ ਤਬਦੀਲੀਆਂ ਦੀਆਂ ਕਨਸੋਆਂ ਵੀ ਹਨ। ਅਜਿਹੀਆਂ ਤਬਦੀਲੀਆਂ ਨੂੰ ਦੇਖਦਿਆਂ ਕਿਸੇ ਨੇ ਠੀਕ ਹੀ ਕਿਹਾ ਕਿ – ਰਾਜ ਬਦਲਿਆ, ਤਾਜ਼ ਬਦਲਿਆ – ਬਦਲ ਗਈਆਂ ਵਫਾਦਾਰੀਆਂ। ਅਜੇ ਹੋਰ ਬਦਲੇ ਹੋਏ ਚੇਹਰਿਆਂ ਦੇ ਦਰਸ਼ਨਾਂ ਲਈ ਤਿਆਰ ਰਹੋ !

Share this Article
Leave a comment