Breaking News

ਪੰਜਾਬ ‘ਚ ਭਾਜਪਾ ਨੂੰ ਖੋਰਾ ਜਾਰੀ; ਕਈ ਆਗੂਆਂ ਨੇ ਕਹੀ ਅਲਵਿਦਾ!

-ਜਗਤਾਰ ਸਿੰਘ ਸਿੱਧੂ;

ਭਾਰਤੀ ਜਨਤਾ ਪਾਰਟੀ ਦੇਸ਼ ਸਮੇਤ ਬਹੁਤ ਸਾਰੇ ਸੂਬਿਆਂ ਅੰਦਰ ਇਕ ਮਜ਼ਬੂਤ ਹਾਕਮ ਧਿਰ ਵਜੋਂ ਪਿਛਲੇ ਅਰਸੇ ਵਿਚ ਉੱਭਰ ਕੇ ਸਾਹਮਣੇ ਆਈ ਹੈ ਪਰ ਪੰਜਾਬ ਵਿਚ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਇਥੇ ਦੂਜੀਆਂ ਵਿਰੋਧੀ ਧਿਰਾਂ ਵੱਜੋਂ ਭਾਜਪਾ ਦਾ ਵਿਰੋਧ ਤਾਂ ਸੁਭਾਵਿਕ ਹੈ ਪਰ ਪਾਰਟੀ ਦੇ ਆਪਣੇ ਅੰਦਰੋਂ ਹੀ ਵਿਰੋਧ ਹੋ ਰਿਹਾ ਹੈ।ਪਾਰਟੀ ਦੇ ਕਈ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਜਪਾ ਨੂੰ ਛੱਡ ਕੇ ਜਾ ਰਹੇ ਹਨ। ਪਹਿਲਾਂ ਅਜਿਹਾ ਵਿਰੋਧ ਪੇਂਡੂ ਖੇਤਰਾਂ ਨਾਲ ਸਬੰਧ ਰੱਖਦੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਸੀ ਪਰ ਹੁਣ ਤਾਂ ਸ਼ਹਿਰੀ ਖੇਤਰ ਨਾਲ ਸਬੰਧ ਰਖਦੇ ਭਾਜਪਾ ਦੇ ਕਈ ਨੇਤਾ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋ ਰਹੇ ਹਨ। ਮਿਸਾਲ ਵਜੋਂ ਭਾਜਪਾ ਦੇ ਮਾਝੇ ਦੇ ਟਕਸਾਲੀ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਲੋਂ ਭਾਜਪਾ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।

ਰਾਜਸੀ ਹਲਕਿਆਂ ਅੰਦਰ ਕਈ ਹੋਰ ਆਗੂਆਂ ਵੱਲੋਂ ਵੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਚਰਚਾ ਹੈ। ਨਹੁੰ-ਮਾਸ ਦੇ ਰਿਸ਼ਤੇ ਦਾ ਦਾਅਵਾ ਕਰਨ ਵਾਲਾ ਅਕਾਲੀ ਦਲ ਭਾਜਪਾ ਨੂੰ ਖੋਰਾ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ।ਉਝ ਤਾਂ ਪਾਰਟੀ ਦੇ ਕਈ ਨੇਤਾ ਆਪ ਵਿਚ ਵੀ ਸ਼ਾਮਲ ਹੋਏ ਹਨ। ਇਨ੍ਹਾਂ ਵਿਚ ਭਾਜਪਾ ਦੇ ਯੁਵਾ ਨੇਤਾ ਅਤੇ ਜਨਰਲ ਸੱਕਤਰ ਰਹੇ ਮਲਵਿੰਦਰ ਸਿੰਘ ਕੰਗ ਵੀ ਸ਼ਾਮਲ ਹਨ। ਜਿਹੜੇ ਆਗੂ ਭਾਜਪਾ ਵਿਚ ਬੈਠੇ ਵੀ ਹਨ, ਉਨ੍ਹਾਂ ਵੱਲੋਂ ਵੀ ਬੇਚੈਨੀ ਮਹਿਸੂਸ ਕੀਤੀ ਜਾ ਰਹੀ ਹੈ। ਭਾਜਪਾ ਦੀ ਕੌਮੀ ਲੀਡਰਸ਼ਿਪ ਤਾਂ ਤਿੰਨੇ ਖੇਤੀ ਕਾਨੂੰਨਾਂ ਦੀ ਹਮਾਇਤ ਵਿਚ ਪੰਜਾਬ ਦੇ ਆਗੂਆਂ ਨੂੰ ਪ੍ਰਚਾਰ ਕਰਨ ਦਾ ਥਪੜਾ ਦੇ ਕੇ ਤੋਰ ਦਿੰਦੀ ਹੈ ਪਰ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹਨ। ਅੱਜ ਦੇ ਪੰਜਾਬ ਵਿਚ ਇਸ ਗੱਲ ‘ਤੇ ਆਮ ਸਹਿਮਤੀ ਹੈ ਕਿ ਤਿੰਨੇ ਖੇਤੀ ਕਾਨੂੰਨ ਇਕ ਦਿਨ ਕਿਸਾਨ ਦੀ ਜ਼ਮੀਨ ਖੋਹ ਲੈਣਗੇ ਅਤੇ ਇਸ ਲਈ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਕੋਈ ਹੋਰ ਚਾਰਾ ਨਹੀਂ ਹੈ।ਇਸ ਹਾਲਤ ਵਿਚ ਪੇਂਡੂ ਖੇਤਰਾਂ ਅੰਦਰ ਭਾਜਪਾ ਦੀ ਕੋਈ ਗੱਲ ਸੁਨਣ ਵਾਲਾ ਹੀ ਨਹੀਂ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਕਿਸਾਨੀ ਮੁੱਦੇ ‘ਤੇ ਪਹਿਲੀ ਵਾਰ ਅਜਿਹੀ ਹਾਲਤ ਹੋਈ ਹੈ। ਭਾਜਪਾ ਵਲੋਂ ਕੀਤੀਆਂ ਜਾ ਰਹੀਆਂ ਗੁਪਤ ਮੀਟਿੰਗਾਂ ਦੇ ਵਿਰੋਧ ਵਿਚ ਵੀ ਕਿਸਾਨ ਪੁੱਜ ਜਾਂਦੇ ਹਨ।

ਭਾਜਪਾ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਆ ਰਹੀ ਵਿਧਾਨ ਸਭਾ ਚੋਣ ਦੇ ਮੱਦੇਨਜ਼ਰ ਪਾਰਟੀ ਸ਼ਹਿਰੀ ਖੇਤਰਾਂ ਦੀਆਂ ਸੀਟਾਂ ਲਈ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਪੰਜਾਬ ਦੇ ਵੱਡੇ ਸ਼ਹਿਰਾਂ, ਦੁਆਬਾ ਅਤੇ ਮਾਝਾ ਦੇ ਕੁਝ ਹਲਕਿਆਂ ਵਿਚ ਭਾਜਪਾ ਨੂੰ ਉਮੀਦ ਹੈ ਕਿ ਕੁਝ ਸੀਟਾਂ ਕੱਢੀਆਂ ਜਾ ਸਕਦੀਆਂ ਹਨ। ਇਨ੍ਹਾਂ ਹਲਕਿਆਂ ਵਿਚ ਭਾਜਪਾ ਕੁਝ ਸੀਟਾਂ ਲੈ ਜਾਂਦੀ ਹੈ ਤਾਂ ਵਿਧਾਨ ਸਭਾ ਅੰਦਰ ਇਕ ਧਿਰ ਵਜੋਂ ਆਪਣੀ ਥਾਂ ਬਣਾ ਸਕਦੀ ਹੈ।ਪੰਜਾਬ ਵਿਚ ਮਾਲਵਾ ਖੇਤਰ ਵਿਚ ਤਾਂ ਭਾਜਪਾ ਨੂੰ ਸ਼ਹਿਰੀ ਜਾਂ ਪੇਂਡੂ ਖੇਤਰਾਂ ਵਿਚ ਕੋਈ ਸੀਟ ਮਿਲਣ ਦੀ ਆਸ ਨਹੀਂ ਹੈ। ਮਾਲਵਾ ਵਿਚ ਹੀ ਕਿਸਾਨ ਜਥੇਬੰਦੀਆਂ ਸੱਬ ਤੋਂ ਮਜ਼ਬੂਤ ਹਨ। ਭਾਜਪਾ ਦੀ ਕੌਮੀ ਲੀਡਰਸ਼ਿਪ ਜੋ ਮਰਜ਼ੀ ਦਾਅਵਾ ਕਰੇ ਪਰ ਪੰਜਾਬ ਦੇ ਭਾਜਪਾ ਆਗੂਆਂ ਨੂੰ ਸਮਝ ਲੱਗ ਚੁੱਕੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਬਗੈਰ ਪੰਜਾਬ ਵਿਚ ਪਾਰਟੀ ਦੇ ਪੈਰ ਨਹੀਂ ਲੱਗ ਸਕਦੇ। ਇਸ ਲਈ ਕਾਂਗਰਸ ਪਾਰਟੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਭਾਜਪਾ ਦੀਆਂ ਸ਼ਹਿਰੀ ਵੋਟਾਂ ਨੂੰ ਕਾਂਗਰਸ ਵੱਲ ਕਿਤਿਆਂ ਜਾਵੇ ਕਿਉਂ ਜੋ ਭਾਜਪਾ ਦਾ ਸ਼ਹਿਰੀ ਵੋਟਰ ਅਕਾਲੀ ਦਲ ਵੱਲ ਨਹੀਂ ਜਾਵੇਗਾ ਅਤੇ ਨਾ ਹੀ ਆਪ ਵੱਲ ਜਾ ਸਕਦਾ ਹੈ। ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਵਿਚ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਦਲਿਤ ਵੋਟਰਾਂ ਲਈ ਵੀ ਭਾਜਪਾ ਦੀ ਨਜ਼ਰ ਲੱਗੀ ਹੋਈ ਹੈ।

ਇਸੇ ਲਈ ਕਾਂਗਰਸ ਸਮੇਤ ਸਾਰੀਆਂ ਰਾਜਸੀ ਧਿਰਾਂ ਨੇ ਦਲਿਤ ਅਤੇ ਪਿਛੜੇ ਵਰਗ ਦੇ ਹਿੱਤਾ ਦੀ ਦਾਅਵੇਦਾਰੀ ਕੀਤੀ ਹੈ। ਵੋਟਾਂ ਦੀ ਖਿੱਚ-ਧੂਹ ਵਿਚ ਭਾਜਪਾ ਨੂੰ ਇਨ੍ਹਾਂ ਵਰਗਾਂ ਦਾ ਕਿੰਨਾ ਹਿੱਸਾ ਮਿਲੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਭਾਜਪਾ ਆਗੂਆਂ ਵਲੋਂ ਪਾਰਟੀ ਨੂੰ ਕਹੀ ਜਾ ਰਹੀ ਅਲਵਿਦਾ ਸੂਬਾਈ ਅਤੇ ਕੌਮੀ ਲੀਡਰਸ਼ਿਪ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ।

ਸੰਪਰਕ-9814002186

Check Also

ਭ੍ਰਿਸ਼ਟਾਚਾਰ ਅਤੇ ਡਰੱਗ ਦੇ ਮੁੱਦੇ ਉੱਪਰ ਟਕਰਾਅ ਕਿਉਂ?

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਦਾ ਇੱਕ ਸਾਲ ਮੁਕੰਮਲ …

Leave a Reply

Your email address will not be published. Required fields are marked *