Home / ਓਪੀਨੀਅਨ / ਕਿਸਾਨ ਦੀ ਲੜਾਈ ਲੜਨ ਵਾਲੇ ਕੌਣ ਹਨ ?

ਕਿਸਾਨ ਦੀ ਲੜਾਈ ਲੜਨ ਵਾਲੇ ਕੌਣ ਹਨ ?

-ਅਵਤਾਰ ਸਿੰਘ

ਕੇਂਦਰ ਦੀ ਮੌਜੂਦਾ ਹੈਂਕੜਬਾਜ਼ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨ ਦੇਸ਼ ਦਾ ਅੰਨਦਾਤਾ ਅੱਜ ਰੇਲ ਪਟੜੀਆਂ ਅਤੇ ਸੜਕਾਂ ਉਪਰ ਸੰਘਰਸ਼ ਕਰ ਰਿਹਾ ਹੈ। ਪੰਜਾਬ ਦਾ ਹਰ ਕਿਸਾਨ ਇਸ ਵਿੱਚ ਸ਼ਾਮਿਲ ਹੋ ਰਿਹਾ ਰਿਹਾ ਹੈ। ਇਸ ਤੋਂ ਬਿਨਾ ਹੋਰ ਜਥੇਬੰਦੀਆਂ ਵੀ ਕਿਸਾਨ ਦੇ ਹੱਕ ਵਿੱਚ ਨਿੱਤਰ ਪਈਆਂ ਹਨ। ਪੇਸ਼ ਹੈ ਕਿਸਾਨ ਲੀਡਰਾਂ ਦੇ ਜੀਵਨ ਸੰਘਰਸ਼ ਉਪਰ ਇਕ ਝਾਤ :

ਜੋਗਿੰਦਰ ਸਿੰਘ ਉਗਰਾਹਾਂ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ: ਕਿਸਾਨ ਪਰਿਵਾਰ ਨਾਲ ਸੰਬੰਧਤ ਸੁਨਾਮ ਤੋਂ ਸਾਬਕਾ ਫੌਜੀ ਜੋਗਿੰਦਰ ਸਿੰਘ ਉਗਰਾਹਾਂ ਦੇਸ਼ ਵਿੱਚ ਕਿਸਾਨਾਂ ਦਾ ਹਰਮਨ ਪਿਆਰਾ ਨੇਤਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਸਾਲ 2002 ਤੋਂ ਕਿਸਾਨਾਂ ਦੇ ਵੱਖ ਵੱਖ ਮੁੱਦੇ ਉਠਾ ਰਹੀ ਹੈ। ਉਗਰਾਹਾਂ ਆਪਣੇ ਭਾਸ਼ਣ ਰਾਹੀਂ ਕਿਸਾਨਾਂ ਦੇ ਮੁੱਦਿਆਂ ਨੂੰ ਉਭਾਰਨ ਅਤੇ ਖੇਤੀ ਕਾਨੂੰਨਾਂ ਬਾਰੇ ਜਾਣਕਾਰੀ ਰੱਖਣ ਕਰਕੇ ਉਸ ਨੂੰ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੂੰ ਜੋੜਨ ਵਾਲਾ ਨੇਤਾ ਕਿਹਾ ਜਾਂਦਾ ਹੈ। ਉਸ ਦੇ ਭਾਸ਼ਣ ਨੂੰ ਸੁਣਨ ਲਈ ਕਿਸਾਨ ਦੂਰੋਂ ਦੂਰੋਂ ਪਹੁੰਚਦੇ ਹਨ। ਮੌਜੂਦਾ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਉਗਰਾਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਿੱਚ ਕਿਸੇ ਸਿਆਸੀ ਆਗੂ, ਵਿਧਾਇਕ ਜਾਂ ਸੰਸਦ ਮੈਂਬਰ ਦੀ ਲੋੜ ਨਹੀਂ ਹੈ। ਆਪਣੇ ਹੱਕਾਂ ਵਾਸਤੇ ਲੜਨ ਲਈ ਕਿਸਾਨ ਇਕੱਲਾ ਹੀ ਕਾਫੀ ਹੈ।

ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੀ ਕਿਸਾਨਾਂ ਦੇ ਅਣਥੱਕ ਲੀਡਰ ਹਨ। ਸਾਬਕਾ ਸਕੂਲ ਅਧਿਆਪਕ ਸੁਖਦੇਵ ਸਿੰਘ ਕੋਕਰੀ ਕਲਾਂ ਜਿਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਹੈ ਤੇ ਜ਼ਿਲਾ ਮੋਗਾ ਦੇ ਪਿੰਡ ਕੋਕਰੀ ਕਲਾਂ ਨਾਲ ਸੰਬੰਧਤ ਹਨ, ਨੇ ਬਹੁਤ ਸਾਰੇ ਕਿਸਾਨ ਸੰਘਰਸ਼ਾਂ ਦੀ ਅਗਵਾਈ ਕੀਤੀ। 1978 ਵਿਚ ਉਨ੍ਹਾਂ ਨੇ ਟੈਮਪ੍ਰੇਰੀ ਅਧਿਆਪਕਾਂ ਲਈ ਲੜਾਈ ਲੜੀ ਜਿਸ ਵਿੱਚ ਉਨ੍ਹਾਂ ਨੇ ਦੋ ਮਹੀਨੇ ਜੇਲ ਵੀ ਕੱਟੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼  ਬੁਲੰਦ ਕਰਦੇ ਹਨ। ਕੋਕਰੀ ਕਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਕਿਸਾਨ ਦੇ ਹੱਕ ਨਾਲ ਜੁੜੇ ਮੁੱਦੇ ਉਠਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕਾਲਾ ਕਾਨੂੰਨ ਲਾਗੂ ਹੋਣ ਨਾਲ ਛੋਟਾ ਕਿਸਾਨ ਤਬਾਹ ਹੋ ਜਾਵੇਗਾ। ਉਹ ਅਜਿਹਾ ਨਹੀਂ ਹੋਣ ਦੇਣਗੇ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਜਿਨ੍ਹਾਂ ਦੀ ਉਮਰ ਇਸ ਵੇਲੇ 78 ਸਾਲ ਹੈ, ਕਿਸਾਨਾਂ ਦੀ ਲੜਾਈ ਲੜਨ ਵਾਲੇ ਪਹਿਲੀ ਕਤਾਰ ਦੇ ਨੇਤਾ ਹਨ। ਖੰਨਾ ਨੇੜੇ ਪਿੰਡ ਰਾਜੇਵਾਲ ਨਾਲ ਸੰਬੰਧ ਰੱਖਣ ਵਾਲੇ ਬਲਬੀਰ ਸਿੰਘ ਰਾਜੇਵਾਲ ਕਈ ਕਿਸਾਨ ਮੋਰਚਿਆਂ ਦਾ ਸਬੰਧ ਵਿੱਚ ਜੇਲ ਜਾ ਚੁੱਕੇ ਹਨ। ਰਾਜੇਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤਾ ਗਿਆ ਖੇਤੀ ਬਿੱਲ ਕਾਰਪੋਰੇਟ ਨੂੰ ਖੁਸ਼ ਕਰਨ ਲਈ ਬਣਾਇਆ ਗਿਆ ਹੈ। ਉਹ ਇਸ ਨੂੰ ਮੂਲੋਂ ਹੋ ਰੱਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਕਿਸਾਨ ਸੰਘਰਸ਼ ਪੂਰੇ ਦੇਸ਼ ਵਿੱਚ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਕੁਝ ਰਾਜਾਂ ਵਿੱਚ ਸਰਕਾਰ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਕੇਂਦਰ ਸਰਕਾਰ ਨੇ ਖੇਤੀ ਖੇਤਰ ਨੂੰ ਅਣਦੇਖਿਆਂ ਕਰਨ ਦੀ ਹਿੰਮਤ ਕਿਵੇਂ ਕੀਤੀ।

ਜਗਮੋਹਨ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਹਨ ਅਤੇ ਭਾਰਤ-ਪਾਕ ਸਰਹੱਦ ਉਪਰ ਪੈਂਦੇ ਜ਼ਿਲੇ ਫਿਰੋਜ਼ਪੁਰ ਦੇ ਪਿੰਡ ਕਰਮਾ ਤੋਂ ਹਨ। ਪੰਜਾਬ ਦੇ ਕਿਸਾਨਾਂ ਦੇ ਜੁਝਾਰੂ ਨੇਤਾ ਹਨ। 1985 ਦੇ ਦਿੱਲੀ ਦੰਗਿਆਂ ਤੋਂ ਬਾਅਦ ਉਹ ਸਰਗਰਮ ਕਾਰਕੁਨ ਵਜੋਂ ਉਭਰੇ। ਇਨ੍ਹਾਂ ਨੇ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਸੰਘਰਸ਼ਾਂ ਦੀ ਅਗਵਾਈ ਕੀਤੀ। ਜਗਮੋਹਨ ਸਿੰਘ ਕਿਸਾਨਾਂ ਦੇ ਇਮਾਨਦਾਰ ਲਫਟੈਨ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਜਥੇਬੰਦੀ ਤੋਂ ਇਲਾਵਾ ਹੋਰ ਕਿਸਾਨ ਯੂਨੀਅਨ ਵਲੋਂ ਚੰਗਾ ਹੁੰਗਾਰਾ ਮਿਲਦਾ ਰਹਿੰਦਾ ਹੈ।

ਉਪਰੋਕਤ ਕਿਸਾਨ ਲੀਡਰਾਂ ਵਲੋਂ ਆਪਣੀ ਆਖਰੀ ਉਮਰ ਤਕ ਕਿਸਾਨਾਂ ਦੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਸ਼ਲਾਘਾਯੋਗ ਹੈ। ਅਜਿਹੇ ਇਮਾਨਦਾਰ ਅਤੇ ਜੁਝਾਰੂ ਨੇਤਾ ਹੀ ਹਾਕਮ ਨੂੰ ਝੁਕਾ ਕੇ ਮਿਹਨਤਕਸ਼ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾ ਸਕਦੇ ਹਨ। ਇਨ੍ਹਾਂ ਕਿਸਾਨ ਨੇਤਾਵਾਂ ਨੂੰ ਸਲਾਮ।

Check Also

ਕਿਸਾਨਾਂ ਲਈ ਕੀਮਤੀ ਨੁਕਤੇ: ਜੈਵਿਕ ਕਣਕ ਦੀ ਸਫ਼ਲ ਕਾਸ਼ਤ ਕਿਵੇਂ ਕਰੀਏ

-ਚਰਨਜੀਤ ਸਿੰਘ ਔਲਖ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਪੈਦਾ ਕਰਨ ਦਾ ਇੱਕ ਤਰੀਕਾ ਫ਼ਸਲਾਂ, ਸਬਜੀਆਂ ਅਤੇ …

Leave a Reply

Your email address will not be published. Required fields are marked *