ਭਾਜਪਾ ਅਤੇ ਅਕਾਲੀ ਦਲ ਮੁੜ ਆਹਮੋ-ਸਾਹਮਣੇ

Prabhjot Kaur
5 Min Read

ਜਗਤਾਰ ਸਿੰਘ ਸਿੱਧੂ,
ਮੈਨੇਜਿੰਗ ਐਡੀਟਰ

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਇਕ-ਦੂਜੇ ਦੇ ਮੁੜ ਆਹਮੋ-ਸਾਹਮਣੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਧਾਰ ਵਾਲੇ ਖੇਤਰ ਮਾਲਵਾ ਦੇ ਮਲੋਟ ਹਲਕੇ ‘ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨਾਲ ਭਾਜਪਾ ਦੇ ਸਮਝੌਤੇ ਦੀਆਂ ਖਬਰਾਂ ਕੇਵਲ ਅਫਵਾਹਾਂ ਹਨ। ਭਾਜਪਾ ਆਗੂ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਨੂੰ ਜ਼ਰੂਰਤ ਸੀ ਤਾਂ ਉਸ ਵੇਲੇ ਅਕਾਲੀ ਦਲ ਭਾਜਪਾ ਦਾ ਸਾਥ ਛੱਡ ਗਿਆ। ਭਾਜਪਾ ਨੇਤਾ ਨੇ ਸਪਸ਼ਟ ਕੀਤਾ ਕਿ 2024 ਦੀਆਂ ਪਾਰਲੀਮੈਂਟ ਚੋਣਾਂ ਵਿਚ ਪਾਰਟੀ ਆਪਣੇ ਬਲਬੂਤੇ ਨਾਲ ਹੀ ਪੰਜਾਬ ਵਿਚ ਲੜੇਗੀ। ਇਸ ਦੇ ਜਵਾਬ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੀ ਮੀਡੀਆ ਵਿਚ ਸੁਨੇਹਾ ਦਿੱਤਾ ਗਿਆ ਕਿ ਭਾਜਪਾ ਨੂੰ ਉਸ ਦੀ ਨੀਤੀ ਮੁਬਾਰਕ। ਅਕਾਲੀ ਦਲ 2024 ਦੀਆਂ ਪਾਰਲੀਮੈਂਟ ਚੋਣਾਂ ਅਤੇ ਉਸ ਤੋਂ ਅੱਗੇ ਵਿਧਾਨਸਭਾ ਚੋਣਾਂ ਦੀ ਤਿਆਰੀ ਆਪਣੇ ਤੌਰ ’ਤੇ ਲੜਨ ਲਈ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਿਧਾਨਸਭਾ ਚੋਣਾਂ ਵਿਚ ਵੀ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਨਹੀਂ ਸੀ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਵਿਧਾਨਸਭਾ ਚੋਣ ਲੜੀ ਸੀ ਤਾਂ ਅਕਾਲੀ ਦਲ ਦੀਆਂ ਤਿੰਨ ਸੀਟਾਂ ਆਈਆਂ ਸਨ। ਬੇਸ਼ਕ ਭਾਜਪਾ ਨੇ ਇਹ ਤਾਂ ਸਪਸ਼ਟ ਨਹੀਂ ਕੀਤਾ ਹੈ ਕਿ ਜਦੋਂ ਅਕਾਲੀ ਦਲ ਨੇ ਭਾਜਪਾ ਨੂੰ ਛੱਡਿਆ ਸੀ ਤਾਂ ਭਾਜਪਾ ਲਈ ਕਿਹੜੀ ਵੱਡੀ ਚੁਣੌਤੀ ਸੀ। ਪਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਬਾਰਡਰ ’ਤੇ ਵੱਡਾ ਸੰਘਰਸ਼ ਲੜਿਆ ਜਾ ਰਿਹਾ ਸੀ ਤਾਂ ਉਸ ਦੇ ਦਬਾਅ ਕਾਰਨ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ। ਹਾਲਾਂਕਿ ਭਾਜਪਾ ਦਾ ਸਾਥ ਛੱਡਣ ਦੇ ਬਾਵਜੂਦ ਅਕਾਲੀ ਦਲ ਨੂੰ ਵਿਰੋਧੀ ਧਿਰਾਂ ਦੇ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਕੈਬਨਿਟ ਵੱਲੋਂ ਪ੍ਰਵਾਨ ਕੀਤੇ ਗਏ ਸਨ ਤਾਂ ਉਸ ਵੇਲੇ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਬਾਦਲ ਕੈਬਨਿਟ ਵਿਚ ਮੈਂਬਰ ਸਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਪਰਿਵਾਰਵਾਦ ਦਾ ਸ਼ਿਕਾਰ ਹੋ ਗਿਆ ਹੈ। ਇਸ ਕਰਕੇ ਪੰਜਾਬੀਆਂ ਨੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਰੱਦ ਕਰ ਦਿੱਤਾ ਹੈ।

ਭਾਜਪਾ ਦਾ ਅਕਾਲੀ ਦਲ ਨੂੰ ਦਿੱਤਾ ਗਿਆ ਸੁਨੇਹਾ ਪੰਜਾਬ ਦੀ ਰਾਜਨੀਤੀ ਲਈ ਬੜੀ ਅਹਿਮੀਅਤ ਰੱਖਦਾ ਹੈ। ਇਹ ਸੁਨੇਹੇ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਭਾਜਪਾ ਪੰਜਾਬ ਵਿਚ ਹੁਣ ਆਪਣੇ ਬਲਬੂਤੇ ਨਾਲ ਚੋਣ ਲੜਨ ਦੀ ਸਮਰਥਾ ਰੱਖਦੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਪੰਜਾਬ ਦੀ ਖੇਤਰੀ ਪਾਰਟੀ ਵਜੋਂ ਜਾਣੇ ਜਾਂਦੇ ਅਕਾਲੀ ਦਲ ਦੀ ਰਾਜਸੀ ਸਮਰਥਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਜਿੱਥੇ ਅਕਾਲੀ ਦਲ ਲਈ ਇਹ ਸੋਚਣ ਦੀ ਘੜੀ ਹੈ ਕਿ ਦਹਾਕਿਆਂ ਤੱਕ ਸਾਥ ਦੇਣ ਵਾਲੀ ਪਾਰਟੀ ਵੱਲੋਂ ਅਜਿਹਾ ਸੁਨੇਹਾ ਕਿਉਂ ਦਿੱਤਾ ਗਿਆ ਹੈ। ਪਿਛਲੇ ਕਾਫੀ ਲੰਮੇਂ ਸਮੇਂ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਰੇੜਕਾ ਪਿਆ ਹੋਇਆ ਹੈ। ਵਿਧਾਨਸਭਾ ਦੀ ਚੋਣ ਬਾਅਦ ਹੋਈ ਹਾਰ ਬਾਰੇ ਬਣੀ ਕਮੇਟੀ ਨੇ ਲੀਡਰਸ਼ੀਪ ਵਿਚ ਤਬਦੀਲੀ ਦਾ ਸੁਝਾਅ ਵੀ ਦਿੱਤਾ ਸੀ ਪਰ ਪਾਰਟੀ ਅੰਦਰ ਹੇਠਲੀਆਂ ਕੁੱਝ ਤਬਦੀਲੀਆਂ ਤੋਂ ਬਾਅਦ ਕੁੱਝ ਵੀ ਨਹੀਂ ਬਦਲਿਆ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪਾਰਟੀ ਤੋਂ ਵੱਖ ਹੋ ਗਏ। ਇਸ ਤੋਂ ਕੁੱਝ ਸਮਾਂ ਪਹਿਲਾਂ ਕੁੱਝ ਹੋਰ ਵੀ ਪਾਰਟੀ ਆਗੂ ਅਲਵਿਦਾ ਆਖ ਗਏ ਸਨ।

ਭਾਜਪਾ ਵੱਲੋਂ ਬੇਸ਼ਕ ਅਕਾਲੀ ਦਲ ’ਤੇ ਪਰਿਵਾਰਵਾਦ ਦਾ ਹਮਲਾ ਕੀਤਾ ਗਿਆ ਹੈ ਪਰ ਭਾਜਪਾ ਨੇ ਵੀ ਆਪਣੇ ਸਿਧਾਂਤਾ ਨੂੰ ਪਿੱਛੇ ਛੱਡ ਕੇ ਪੰਜਾਬ ਵਿਚ ਕਈ ਆਗੂਆਂ ਦੇ ਪਰਿਵਾਰਾਂ ਨੂੰ ਵੀ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪ੍ਰਤੀਨਿਧਤਾ ਦਿੱਤੀ ਹੈ। ਉੰਝ ਵੀ ਇਸ ਵੇਲੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਵਿਚ ਕਾਂਗਰਸ ’ਚੋਂ ਆਏ ਕਈ ਸੀਨੀਅਰ ਆਗੂ ਅਤੇ ਅਕਾਲੀ ਦਲ ਵਿਚੋਂ ਆਏ ਕਈ ਆਗੂ ਸਰਗਰਮੀ ਨਾਲ ਪਾਰਟੀ ਦਾ ਕੰਮ ਕਰ ਰਹੇ ਹਨ। ਮਸਾਲ ਵਜੋਂ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮਤੰਰੀ ਅਤੇ ਸੁਨੀਲ ਜਾਖੜ ਸਾਬਕਾ ਕਾਂਗਰਸ ਪ੍ਰਧਾਨ ਬੇਸ਼ਕ ਭਾਜਪਾ ਦੇ ਚਿਹਰੇ ਬਣ ਗਏ ਹਨ ਪਰ ਇਹ ਤਬਦੀਲੀ ਅਜੇ ਤੱਕ ਪੰਜਾਬੀਆਂ ਨੂੰ ਹਜ਼ਮ ਨਹੀਂ ਹੋਈ ਹੈ। ਇਸ ਬਾਰੇ ਕੋਈ ਦੋ ਰਾਏ ਨਹੀਂ ਕਿ ਭਾਜਪਾ ਕੌਮੀ ਪੱਧਰ ’ਤੇ ਦੇਸ਼ ਦੀ ਸਭ ਤੋਂ ਮਜਬੂਤ ਪਾਰਟੀ ਹੈ ਪਰ ਕੀ ਇਹ ਪਾਰਟੀ ਪੰਜਾਬ ਵਿਚ ਵੀ ਆਪਣਾ ਦਬਦਬਾ ਬਣਾ ਸਕੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ?

- Advertisement -

Share this Article
Leave a comment