ਜਗਤਾਰ ਸਿੰਘ ਸਿੱਧੂ
ਮੈਨਜਿੰਗ ਐਡੀਟਰ
ਜਲੰਧਰ ਲੋਕ ਸਭਾ ਉਪ ਚੋਣ ਲਈ ਵੱਡੀਆਂ ਰਾਜਸੀ ਧਿਰਾਂ ਵੱਲੋ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਚੋਣ ਸਰਗਰਮੀਆਂ ਉੱਭਰ ਕੇ ਸਾਹਮਣੇ ਆ ਗਈਆਂ ਹਨ। ਅੱਜ ਤੋਂ ਉਮੀਦਵਾਰਾਂ ਵੱਲੋ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਹੋਣ ਨਾਲ ਚੋਣ ਮੁਹਿੰਮ ਇਕ ਨਵੇਂ ਦੌਰ ‘ਚ ਦਾਖ਼ਲ ਹੋ ਗਈ ਹੈ। ਕਿਸੇ ਵੀ ਪਾਰਲੀਮੈਂਟ ਜਾ ਵਿਧਾਨ ਸਭਾ ਦੀ ਸੀਟ ਲਈ ਲੜੀ ਜਾ ਰਹੀ ਚੋਣ ਦੇ ਮੱਦੇਨਜ਼ਰ ਬਹੁਤ ਸਾਰੇ ਸਵਾਲ ਅਤੇ ਮੁੱਦੇ ਉੱਠਣੇ ਸੁਭਾਵਿਕ ਹਨ। ਇਸ ਲਈ ਜੇਕਰ ਜਲੰਧਰ ਲੋਕ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾ ਇਸ ਚੋਣ ‘ਚ ਪਹਿਲੀ ਵਾਰ ਪੰਥਕ ਨਜ਼ਰੀਆ ਵੀ ਉਭਰ ਕੇ ਸਾਹਮਣੇ ਆਇਆ ਹੈ। ਇਸ ਚੋਣ ਦਾ ਇਹ ਵੀ ਦਿਲਚਸਪ ਪਹਿਲੂ ਹੈ ਕਿ ਨੂੰਹ ਮਾਸ ਦੇ ਰਿਸ਼ਤੇ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਅਕਾਲੀ ਦਲ ਅਤੇ ਬੀਜੇਪੀ ਇਕ ਦੂਜੇ ਦੇ ਆਹਮੋ ਸਾਹਮਣੇ ਹਨ। ਇਕ ਦੂਜੇ ਦੇ ਆਹਮੋ ਸਾਹਮਣੇ ਹੋਣਾ ਰਾਜਸੀ ਮੈਦਾਨ ‘ਚ ਸੁਭਾਵਿਕ ਗੱਲ ਹੈ ਪਰ ਇਸ ਮਾਮਲੇ ਵਿਚ ਤਾਂ ਬੀਜੇਪੀ ਨੇ ਉਮੀਦਵਾਰ ਹੀ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਲਿਆ ਕੇ ਅਕਾਲੀ ਦਲ ਨੂੰ ਸਿੱਧੇ ਤੌਰ ‘ਤੇ ਹੀ ਵੱਡਾ ਝਟਕਾ ਦਿੱਤਾ ਹੈ ਕਿਉ ਜੋ ਇੰਦਰ ਇਕਬਾਲ ਸਿੰਘ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਟਕਸਾਲੀ ਅਕਾਲੀ ਹਨ। ਚਰਨਜੀਤ ਸਿੰਘ ਅਟਵਾਲ ਜਿੱਥੇ ਅਕਾਲੀ ਦਲ ਵੱਲੋ ਪਾਰਲੀਮੈਂਟ ‘ਚ ਡਿਪਟੀ ਸਪੀਕਰ ਰਹੇ, ਵਿਧਾਨ ਸਭਾ ਸਪੀਕਰ ਰਹੇ ਅਤੇ ਪਾਰਟੀ ਦੇ ਵੱਡੇ ਅਹੁਦਿਆਂ ‘ਤੇ ਰਹੇ ਇਸ ਤਰਾਂ ਇਸ ਪਰਿਵਾਰ ਵੱਲੋ ਬੀਜੇਪੀ ‘ਚ ਜਾ ਕੇ ਅਕਾਲੀ ਦਲ ਵਿਰੁੱਧ ਚੋਣ ਲੜਨਾ ਆਪਣੇ ਆਪ ‘ਚ ਇਕ ਵੱਡੀ ਚੁਣੌਤੀ ਹੈ। ਇਹ ਵੀ ਦੇਖਣਾ ਹੋਵੇਗਾ ਕਿ ਬੀਜੇਪੀ ਆਪਣੇ ਸ਼ਹਿਰੀ ਅਧਾਰ ਵਾਲੀਆਂ ਕਿੰਨੀਆਂ ਵੋਟਾਂ ਹਾਸਲ ਕਰਦੀ ਹੈ ਅਤੇ ਸਿੱਖ ਭਾਈਚਾਰੇ ਵੱਲੋ ਇਸਦੇ ਉਮੀਦਵਾਰ ਨੂੰ ਕਿੰਨਾ ਸਮਰਥਨ ਮਿਲਦਾ ਹੈ। ਹਾਲਾਂਕਿ ਪਿਛਲੇ ਸਮੇ ‘ਚ ਬੀਜੇਪੀ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਨੂੰ ਆਪਣੇ ‘ਚ ਸ਼ਾਮਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਤਰਾਂ ਜਲੰਧਰ ਦੇ ਵੋਟਰ ਸਮੁੱਚੇ ਮੁਕਾਬਲੇ ਦੇ ਨਾਲ ਨਾਲ ਇਹ ਵੀ ਫੈਸਲਾ ਕਰਨਗੇ ਕਿ ਬੀਜੇਪੀ ਅਤੇ ਅਕਾਲੀ ਦਲ ‘ਚੋ ਕਿਸਨੂੰ ਤਰਜੀਹ ਦਿੱਤੀ ਗਈ ਹੈ। ਗੱਲ ਕੇਵਲ ਇਹਨਾਂ ਦੋਹਾਂ ਪਾਰਟੀਆਂ ਦੀ ਨਹੀਂ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਾਗੀਰ ਕੌਰ ਦੀ ਅਗਵਾਈ ਹੇਠਲਾ ਅਕਾਲੀ ਧੜਾ ਵੀ ਆਪਣੇ ਤੌਰ ‘ਤੇ ਉਮੀਦਵਾਰ ਖੜਾ ਕਰਨ ਲਈ ਉਮੀਦਵਾਰ ਦੀ ਤਲਾਸ਼ ਕਰ ਰਿਹਾ ਹੈ ਕਿਉਂ ਜੋ ਇਸ ਧੜੇ ਨੂੰ ਬੀਜੇਪੀ ਦੀ ਪਹੁੰਚ ਤੋਂ ਨਾਰਾਜ਼ਗੀ ਹੈ।
ਇਹ ਕਿਵੇਂ ਹੋ ਸਕਦਾ ਹੈ ਕਿ ਪਾਰਲੀਮੈਂਟ ਮੈਂਬਰ ਸਿਮਰਜੀਤ ਸਿੰਘ ਮਾਨ ਦਾ ਅਕਾਲੀ ਧੜਾ ਅਜਿਹੇ ਮੌਕੇ ‘ਤੇ ਚੁੱਪ ਕਰਕੇ ਬੈਠ ਜਾਵੇ ਜਦੋ ਕਿ ਸਿਮਰਜੀਤ ਸਿੰਘ ਮਾਨ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸੰਗਰੂਰ ਦੀ ਸੀਟ ਜਿੱਤ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾ ਚੁੱਕਾ ਹੈ। ਇਹ ਸਾਰੀ ਸਥਿਤੀ ‘ਚ ਜਿੱਥੇ ਜਲੰਧਰ ਦੇ ਵੋਟਰ ਸਰਕਾਰਾਂ ਦੇ ਮੁੱਦਿਆਂ ਅਤੇ ਰਾਜਸੀ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ ਵੋਟ ਕਰਨਗੇ ਉਥੇ ਭਾਵੁਕ ਮੁੱਦੇ ਵੀ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੱਥ ਨੂੰ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਕਿ ਜਲੰਧਰ ਪਾਰਲੀਮੈਂਟ ਹਲਕਾ ਬਾਹਰ ਬੈਠੇ ਹਜ਼ਾਰਾਂ ਪ੍ਰਵਾਸੀ ਪੰਜਾਬੀਆਂ ਨਾਲ ਵੀ ਜੁੜਿਆ ਹੋਇਆ ਹੈ। ਖਾਸ ਤੌਰ ‘ਤੇ ਪ੍ਰਵਾਸੀ ਪੰਜਾਬੀ ਭਗਵੰਤ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਆਪਣੀ ਭੂਮਿਕਾ ਨਿਭਾਉਣਗੇ। ਜਿਸ ਤਰਾਂ ਆਮ ਆਦਮੀ ਪਾਰਟੀ ਵੱਲੋ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਗਏ ਸਨ ਪਰ ਇਕ ਅੱਧ ਮੁੱਦੇ ਨੂੰ ਛੱਡ ਕੇ ਉਹਨਾਂ ਵਾਅਦਿਆਂ ਦੀ ਪੂਰਤੀ ਨਾ ਹੋਣਾ ਵੀ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ। ਬੇਸ਼ੱਕ ਜਲੰਧਰ ਦੀ ਉਪ ਚੋਣ ਦੀ ਮਿਆਦ ਇਕ ਸਾਲ ਹੀ ਹੈ। ਕਿਉ ਹੋ 2024 ‘ਚ ਪਾਰਲੀਮੈਂਟ ਦੀਆਂ ਆਮ ਚੋਣਾਂ ਆ ਰਹੀਆਂ ਨੇ ਪਰ ਇਸਦੇ ਬਾਵਜੂਦ ਇਸ ਹਲਕੇ ਦੇ ਨਤੀਜੇ ਪੰਜਾਬ ਦੀ ਰਾਜਨੀਤੀ ਦੀ ਨਬਜ ਦਾ ਸੁਨੇਹਾ ਵੀ ਦੇਣਗੇ