ਬੈਂਸ ਅਤੇ ਡੀਸੀ ਦੇ ਵਿਵਾਦ ਨਾਲ ਭਖੀ ਸਿਆਸਤ ! ਬੈਂਸ ਭਰਾ ਡਟੇ ਹੋਏ ਆਪਣੇ ਸਟੈਂਡ ‘ਤੇ

TeamGlobalPunjab
4 Min Read

ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਫਿਰੋਜ਼ਪੁਰ ਦੇ ਡੀਸੀ ਵਿਚਕਾਰ ਪੈਦਾ ਹੋਏ ਵਿਵਾਦ ਨੇ ਪੰਜਾਬ ਦੀ ਸਿਆਸਤ ਗਰਮ ਕਰ ਦਿੱਤੀ ਹੈ। ਇਸ ਵਿਵਾਦ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਜਨਤਾ ਦੀ ਗੱਲ ਕਿਸ ਢੰਗ ਨਾਲ ਸੁਣਨੀ ਚਾਹੀਦੀ ਹੈ। ਨਾਲ ਹੀ ਚੁਣੇ ਗਏ ਨੁਮਾਇੰਦਿਆਂ ਅਤੇ ਆਗੂਆਂ ਦੀ ਸ਼ਬਦਾਵਲੀ ਅਤੇ ਭਾਸ਼ਾ ਬਾਰੇ ਵੀ ਚਰਚਾ ਚੱਲ ਪਈ ਹੈ। ਇਹ ਚਰਚਾ ਕੁਝ ਹੱਦ ਤੱਕ ਪੰਜਾਬ ਅਤੇ ਲੋਕਾਂ ਦੇ ਭਲੇ ਲਈ ਹੈ ਪਰ ਇਸ ਮਾਮਲੇ ‘ਤੇ ਜੋ ਸਿਆਸਤ ਕੀਤੀ ਜਾ ਰਹੀ ਹੈ ਉਸ ਦਾ ਬੇਹੱਦ ਨੁਕਸਾਨ ਪੰਜਾਬ ਨੂੰ ਹੋਵੇਗਾ। ਇਸ ਛੋਟੇ ਜਿਹੇ ਮਾਮਲੇ ਨੂੰ ਸੱਤਾਧਾਰੀਆਂ ਵੱਲੋਂ ਤੂਲ ਦੇਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਤਾਧਾਰੀ ਪੰਜਾਬ ਦੇ ਅਹਿਮ ਮਾਮਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਕਾਮਯਾਬ ਹੋ ਰਹੇ ਹਨ।

ਤਕਰੀਬਨ ਢਾਈ ਸਾਲ ਤੋਂ ਲਗਾਤਾਰ ਪੰਜਾਬ ਦੇ ਲੋਕੀਂ ਇਹ ਉਡੀਕ ਕਰ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਕਦੋਂ ਲਾਗੂ ਹੋਣਗੇ। ਇਹ ਵਾਅਦੇ ਹਰ ਘਰ ਨੌਕਰੀ , ਨਸ਼ਿਆਂ ਦਾ ਖਾਤਮਾ , ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਅੰਦਰ ਕਰਨ ਆਦਿ ਨਾਲ ਸਬੰਧਿਤ ਹਨ। ਪਰ ਸੱਤਾਧਾਰੀ ਅੰਕੜਿਆਂ ਦੀ ਖੇਡ ਵਿੱਚ ਹੇਰ ਫੇਰ ਕਰਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਅਕਸਰ ਕਰਦੇ ਰਹਿੰਦੇ ਹਨ।

ਹੁਣ ਜਦੋਂ ਬਟਾਲਾ ਵਿੱਚ ਵਾਪਰੇ ਵੱਡੇ ਭਿਆਨਕ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਅਤੇ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਕਾਰਵਾਈ ਲੋਕਾਂ ਦੇ ਸਾਹਮਣੇ ਆਈ ਹੈ ਅਤੇ ਲੋਕ ਸਰਕਾਰ ਤੋਂ ਜਵਾਬ ਮੰਗ ਰਹੇ ਹਨ ਤਾਂ ਵਿਸਫੋਟ ਵਾਲੀ ਘਟਨਾ ਦੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸਿਮਰਜੀਤ ਸਿੰਘ ਬੈਂਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੈਂਸ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਗੁਰਦਾਸਪੁਰ ਦੇ ਡੀਸੀ ਨੇ ਘਟਨਾ ਦੇ ਪੀੜਤ ਪਰਿਵਾਰ ਨਾਲ ਮਾੜਾ ਵਿਵਹਾਰ ਕੀਤਾ ਸੀ ਅਤੇ ਜਦੋਂ ਉਹ ਡੀਸੀ ਨੂੰ ਮਿਲਣ ਗਏ ਸਨ ਤਾਂ ਡੀਸੀ ਨੇ ਸ਼ਰੇਆਮ ਬਾਹਰ ਜਾਣ ਲਈ ਕਿਹਾ ਸੀ ਤਾਂ ਉਸ ਮਾਹੌਲ ਵਿੱਚ ‘ਡੀਸੀ ਸਾਹਿਬ ਤੇਰੇ ਪਿਓ ਦਾ ਦਫ਼ਤਰ ਹੈ ਕਹਿਣਾ’ ਕੋਈ ਵਧੀਕੀ ਨਹੀਂ ਸੀ ਵਧੀਕੀ ਤਾਂ ਸਗੋਂ ਡੀਸੀ ਨੇ ਉਸ ਨਾਲ ਕੀਤੀ ਸੀ।

- Advertisement -

ਹੁਣ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਰਾਜ ਸਭਾ ਮੈਂਬਰ ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਾਅ ਦਾ ਨਾਅਰਾ ਮਾਰਿਆ ਹੈ । ਇਸ ਮਾਹੌਲ ਨਾਲ ਇਕ ਚਰਚਾ ਇਹ ਵੀ ਸ਼ੁਰੂ ਹੋ ਗਈ ਹੈ ਕਿ ਕੀ ਅਫਸਰ ਲੋਕਾਂ ਪ੍ਰਤੀ ਜਵਾਬ ਦੇ ਹਨ ਜਾਂ ਫਿਰ ਇਹ ਅਫ਼ਸਰ ਰਾਜਾ ਸ਼ਾਹੀ ਠਾਠ ਰੱਖ ਕੇ ਲੋਕਾਂ ਨਾਲ ਵਿਵਹਾਰ ਕਰਨ। ਪੰਜਾਬ ਵਿੱਚ ਜਿਸ ਤਰ੍ਹਾਂ ਪੁਲਸੀਆਂ ਰਾਜ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਦੀਆਂ ਸਮੱਸਿਆਂ ਵੱਲ ਧਿਆਨ ਨਹੀਂ ਦਿੰਦੇ। ਇਸ ਮਾਹੌਲ ਵਿੱਚ ਲੋਕ ਇਹ ਚਰਚਾ ਕਰਦੇ ਹਨ ਕਿ ਪੁਲਿਸ ਅਧਿਕਾਰੀ ਤੇ ਪ੍ਰਸ਼ਾਸਨ ਅਧਿਕਾਰੀ ਵੀ ਲੋਕਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਜਿਸ ਸਿਮਰਜੀਤ ਸਿੰਘ ਬੈਂਸ ਦਾ ਗੁੱਸਾ ਡੀਸੀ ਪ੍ਰਤੀ ਫੁੱਟ ਗਿਆ ਸੀ।

ਬੈਂਸ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਕਿ ਬੈਂਸ ਨੂੰ ਜੇਲ੍ਹ ਦੀ ਹਵਾ ਖਵਾ ਦਿੱਤੀ ਜਾਵੇਗੀ ਪਰ ਹੁਣ ਜੋ ਮਾਹੌਲ ਹੈ ਉਸ ਤੋਂ ਲੱਗਦਾ ਹੈ ਕਿ ਇਸ ਮਸਲੇ ‘ਤੇ ਅਜੇ ਲੰਮਾ ਸਮਾਂ ਸਿਆਸਤ ਚੱਲੇਗੀ। ਕੁਝ ਵੀ ਹੋਵੇ ਪਰ ਲੋਕ ਇਹ ਕਹਿ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਨੂੰ ਚੰਗਾ ਬਣਾਉਣਾ ਚਾਹੀਦਾ ਹੈ ਤਾਂ ਕਿ ਨੌਬਤ ਤੂੰ …..ਤੇਰੇ… ਆਦਿ ਸ਼ਬਦ ਬੋਲਣ ਤੱਕ ਹੀ ਨਾ ਆਵੇ। ਪਰ ਜਿਸ ਤਰ੍ਹਾਂ ਪੰਜਾਬ ਵਿੱਚ ਬੈਂਸ ਦੇ ਵਿਰੋਧ ਵਿੱਚ ਅਧਿਕਾਰੀ ਤੇ ਕਰਮਚਾਰੀ ਖੜ੍ਹੇ ਹੋ ਗਏ ਹਨ ਉਸ ਤੋਂ ਲੱਗਦਾ ਹੈ ਕਿ ਸੱਤਾਧਾਰੀ ਜਾਣ ਬੁੱਝ ਕੇ ਇਸ ਮਾਮਲੇ ‘ਤੇ ਸਿਆਸਤ ਕਰਵਾ ਰਹੇ ਹਨ।

Share this Article
Leave a comment