ਅਸ਼ਟਲਕਸ਼ਮੀ ਰਾਜ: ‘ਦੇਖੋ’ ਤੋਂ ਵਧ ਕੇ ‘ਕਰੋ’ ਤੱਕ ਦੀ ਵਿਕਾਸ ਯਾਤਰਾ

TeamGlobalPunjab
7 Min Read

*-ਜੀ. ਕਿਸ਼ਨ ਰੈੱਡੀ;

ਨਵੰਬਰ 2014 ਦੀ ਸ਼ੁਰੂਆਤ ਵਿੱਚ ਮੇਘਾਲਿਆ ਵਿੱਚ ਪਹਿਲੀ ਯਾਤਰੀ ਟਰੇਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਅੱਠ ਰਾਜਾਂ ਨੂੰ ‘ਅਸ਼ਟਲਕਸ਼ਮੀ’ ਰਾਜ ਦਾ ਨਾਮ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਰਾਜਾਂ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਸ ਨਾਲ ਭਾਰਤ ਦੇ ਹੋਰ ਹਿੱਸਿਆਂ ਨੂੰ ਵਿਕਸਿਤ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ। ਉਦੋਂ ਤੋਂ ਅਸੀਂ ਉੱਤਰ-ਪੂਰਬੀ ਖੇਤਰ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਦੇਖ ਰਹੇ ਹਾਂ। ਰੇਲ, ਸੜਕ, ਹਵਾਈ ਅਤੇ ਨੈੱਟਵਰਕ ਕਨੈਕਟੀਵਿਟੀ ਜਿਹੀਆਂ ਮਹੱਤਵਪੂਰਨ ਸੰਰਚਨਾਵਾਂ ਦੇ ਇਲਾਵਾ ਉੱਤਰ-ਪੂਰਬੀ ਖੇਤਰ ਵਿੱਚ ਵਿਦਰੋਹ ਦੀਆਂ ਘਟਨਾਵਾਂ ਵਿੱਚ ਜ਼ਿਕਰਯੋਗ ਕਮੀ ਆਈ ਹੈ ਅਤੇ ਸ਼ਾਂਤੀ ਯਤਨਾਂ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ। ਇਸ ਦੇ ਨਾਲ ਹੀ ਵਿਭਿੰਨ ਰਾਜਾਂ ਵਿੱਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਏਐੱਫਐੱਸਪੀਏ)- ਆਰਮਡ ਫੋਰਸਿਜ਼ ਸਪੈਸ਼ਲ ਪ੍ਰੋਵੀਜ਼ਨਸ ਐਕਟ ਨੂੰ ਪੂਰੀ ਤਰ੍ਹਾਂ ਨਾਲ ਹਟਾਉਣ ਜਾਂ ਅੰਸ਼ਿਕ ਰੂਪ ਨਾਲ ਵਾਪਸ ਲੈਣ ਵਾਲੇ ਕਾਰਜ ਵੀ ਹੋਏ ਹਨ। ਪਿਛਲੀਆਂ ਸਰਕਾਰਾਂ ਨੇ ਤਾਂ ਉੱਤਰ-ਪੂਰਬੀ ਦੀਆਂ ਸੰਭਾਵਨਾਵਾਂ ਨੂੰ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ ਸੀ, ਲੇਕਿਨ ਪਿਛਲੇ ਸੱਤ ਸਾਲਾਂ ਵਿੱਚ ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਖੇਤਰ ਲਈ ਮਹੱਤਵਪੂਰਨ ਫੈਸਲੇ ਲਏ ਹਨ ਅਤੇ ਇਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ।

ਅਸ਼ਟਲਕਸ਼ਮੀ ਰਾਜਾਂ ਵਿੱਚ ਅਪਾਰ ਕੁਦਰਤੀ ਸਰੋਤ ਹਨ ਜੋ ਦੇਸ਼ ਦੇ ਕੁੱਲ ਜਲ ਸਰੋਤਾਂ ਦਾ 34 ਪ੍ਰਤੀਸ਼ਤ ਅਤੇ ਭਾਰਤ ਦੀ ਕੁੱਲ ਪਣ ਬਿਜਲੀ ਸਮਰੱਥਾ ਦਾ ਲਗਭਗ 40 ਪ੍ਰਤੀਸ਼ਤ ਹੈ। ਰਣਨੀਤਕ ਰੂਪ ਨਾਲ ਇਹ ਖੇਤਰ ਪੂਰਬੀ ਭਾਰਤ ਦੇ ਰਵਾਇਤੀ ਘਰੇਲੂ ਬਜ਼ਾਰ ਤੱਕ ਪਹੁੰਚ ਦੇ ਨਾਲ-ਨਾਲ ਦੇਸ਼ ਦੇ ਪੂਰਬੀ ਰਾਜਾਂ ਅਤੇ ਬੰਗਲਾਦੇਸ਼ ਅਤੇ ਮਿਆਂਮਾਰ ਜਿਹੇ ਗੁਆਂਢੀ ਦੇਸ਼ਾਂ ਦੇ ਨਜ਼ਦੀਕ ਸਥਿਤ ਹੈ। ਇਹ ਖੇਤਰ ਦੱਖਣ-ਪੂਰਬ ਏਸ਼ਿਆਈ ਬਜ਼ਾਰਾਂ ਲਈ ਇੱਕ ਸੁਵਿਧਾਜਨਕ ਪ੍ਰਵੇਸ਼ ਮਾਰਗ ਵੀ ਹੈ। ਇਹ ਸੰਸਾਧਨ-ਸੰਪੰਨ ਖੇਤਰ, ਉਪਜਾਊ ਖੇਤੀਬਾੜੀ ਭੂਮੀ ਦੇ ਵਿਸ਼ਾਲ ਵਿਸਤਾਰ ਅਤੇ ਵੱਡੇ ਪੈਮਾਨੇ ’ਤੇ ਮਾਨਵ ਸੰਸਾਧਨਾਂ ਨਾਲ ਭਾਰਤ ਦਾ ਸਭ ਤੋਂ ਵੱਧ ਖੁਸ਼ਹਾਲ ਖੇਤਰ ਬਣਨ ਦੀ ਸਮਰੱਥਾ ਰੱਖਦਾ ਹੈ।

ਪਿਛਲੇ ਸੱਤ ਸਾਲਾਂ ਵਿੱਚ ਉੱਤਰ-ਪੂਰਬੀ ਭਾਰਤ ਵਿੱਚ ਵਿਲੱਖਣ ਬਦਲਾਅ ਦੇਖਣ ਨੂੰ ਮਿਲੇ ਹਨ। ਇੰਨਾ ਹੀ ਨਹੀਂ ਭਾਰਤ ਸਰਕਾਰ ਨੇ ‘ਲੁੱਕ ਈਸਟ’ ਨੀਤੀ ਨੂੰ ਹੋਰ ਵੀ ਜ਼ਿਆਦਾ ਨਤੀਜਾ ਮੁਖੀ ਅਤੇ ਪ੍ਰਭਾਵਕਾਰੀ ਬਣਾਉਂਦੇ ਹੋਏ ਇਸ ਨੂੰ ‘ਐਕਟ ਈਸਟ’ ਨੀਤੀ ਦਾ ਰੂਪ ਦੇ ਦਿੱਤਾ ਹੈ। ਉੱਤਰ-ਪੂਰਬੀ ਖੇਤਰ ਇੱਕ ਸਮੇਂ ਤਾਂ ਦੇਸ਼ ਦਾ ਅਣਦੇਖਿਆ ਖੇਤਰ ਸੀ, ਲੇਕਿਨ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਨਾਲ ਇੱਥੋਂ ਦੇ ਅੱਠ ਰਾਜਾਂ ਦੇ ਵਿਕਾਸ ਏਜੰਡਾ ਨੂੰ ਬੜੀ ਸਰਗਰਮੀ ਨਾਲ ਅਪਣਾਇਆ ਉਸ ਦੀ ਬਦੌਲਤ ਇਨ੍ਹਾਂ ਸਮੁੱਚੇ ਰਾਜਾਂ ਵਿੱਚ ਹੁਣ ਵਿਆਪਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਸਾਲ 2014 ਤੋਂ ਪਹਿਲਾਂ ਪਿਛਲੀ ਸਰਕਾਰ ਨੇ ਇਸ ਖੇਤਰ ਵਿੱਚ ਆਪਣੀ ਮਹੱਤਵਪੂਰਨ ਰਾਜਨੀਤਕ ਪੈਠ ਤਾਂ ਯਕੀਨੀ ਕਰ ਲਈ ਸੀ, ਲੇਕਿਨ ਲਾਪਰਵਾਹੀ ਅਤੇ ਅਲੱਗ-ਥਲੱਗ ਰੱਖਣ ਦੀ ਨੀਤੀ ਅਪਣਾਈ ਜਾਣ ਅਤੇ ਇਸ ਖੇਤਰ ਦੇ ਅੰਦਰ ਵਿਕਾਸ ਨਾਲ ਜੁੜੇ ਮੁੱਦਿਆਂ ਦੀ ਭਾਰੀ ਅਣਦੇਖੀ ਕਰਨ ਕਾਰਨ ਉੱਤਰ-ਪੂਰਬੀ ਖੇਤਰ ਨਿਰੰਤਰ ਹਾਸ਼ੀਏ ’ਤੇ ਹੀ ਰਿਹਾ।

- Advertisement -

ਜਦੋਂ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਹੁਦਾ ਸੰਭਾਲ਼ਿਆ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਅਰਥਵਿਵਸਥਾ, ਬੁਨਿਆਦੀ ਢਾਂਚਾਗਤ ਸੁਵਿਧਾਵਾਂ, ਰੋਜ਼ਗਾਰ, ਉਦਯੋਗ ਅਤੇ ਸੱਭਿਆਚਾਰ ਸਮੇਤ ਵਿਕਾਸ ਦੇ ਸਮੁੱਚੇ ਆਯਾਮਾਂ ’ਤੇ ਇਸ ਖੇਤਰ ਵੱਲ ਵਿਸ਼ੇਸ਼ ਰੂਪ ਨਾਲ ਨੀਤੀਗਤ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਅਵਸਰਾਂ ’ਤੇ ਇਸ ਖੇਤਰ ਦਾ ਦੌਰਾ ਕੀਤਾ ਹੈ ਅਤੇ ਉਨ੍ਹਾਂ ਨੇ ਦੇਸ਼ ਦੇ ਕਿਸੇ ਵੀ ਹੋਰ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ-ਨਾਲ ਕਈ ਪ੍ਰਧਾਨ ਮੰਤਰੀਆਂ ਦੇ ਕੁੱਲ ਦੌਰਿਆਂ ਦੀ ਤੁਲਨਾ ਵਿੱਚ ਵੀ ਇਨ੍ਹਾਂ ਰਾਜਾਂ ਦਾ ਕਿਧਰੇ ਜ਼ਿਆਦਾ ਵਾਰ ਦੌਰਾ ਕੀਤਾ ਹੈ। ਇਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਪਿਛਲੇ ਚਾਰ ਦਹਾਕਿਆਂ ਵਿੱਚ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਉੱਤਰ-ਪੂਰਬੀ ਪ੍ਰੀਸ਼ਦ ਦੀ ਬੈਠਕ ਵਿੱਚ ਭਾਗ ਲਿਆ ਹੈ।

ਪ੍ਰਧਾਨ ਮੰਤਰੀ ਕਦੇ ਵੀ ਉੱਤਰ-ਪੂਰਬੀ ਖੇਤਰ ਦੀ ਅਨੂਠੀ ਸੰਸਕ੍ਰਿਤੀ, ਵਿਰਾਸਤ ਅਤੇ ਸੁੰਦਰਤਾ ਨੂੰ ਪ੍ਰੋਤਸਾਹਨ ਦੇਣ ਦਾ ਅਸਵਰ ਨਹੀਂ ਛੱਡਦੇ ਹਨ ਅਤੇ ਅੱਗੇ ਇਸ ਦੇ ਨਾਲ ਹੀ ਸਭ ਤੋਂ ਪ੍ਰਭਾਵਸ਼ਾਲੀ ਮੰਚਾਂ ਤੋਂ ਇਸ ਬਾਰੇ ਵਿਸਤਾਰ ਨਾਲ ਚਰਚਾ ਕਰਦੇ ਹਨ। ਪ੍ਰਧਾਨ ਮੰਤਰੀ ਦੇ 75ਵੇਂ ਅਜ਼ਾਦੀ ਦਿਵਸ ਸੰਬੋਧਨ ਦੇ ਦੌਰਾਨ ਵੀ ਉਨ੍ਹਾਂ ਨੇ ਇਸ ਖੇਤਰ ਵਿੱਚ ਟੂਰਿਜ਼ਮ ਦੇ ਸਥਿਰ ਵਿਕਾਸ ਦੇ ਵਿਸ਼ੇਸ਼ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਟੂਰਿਜ਼ਮ ਅਤੇ ਸਾਹਸੀ ਖੇਡਾਂ ਦੀ ਗੱਲ ਕਰੀਏ ਤਾਂ ਉੱਤਰ-ਪੂਰਬੀ ਰਾਜਾਂ ਵਿੱਚ ਨਿਸ਼ਚਿਤ ਰੂਪ ਨਾਲ ਵਿਆਪਕ ਸੰਭਾਵਨਾਵਾਂ ਹਨ ਅਤੇ ਇਸ ਵਿਸ਼ੇਸ਼ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਅਤਿਅੰਤ ਜ਼ਰੂਰੀ ਹੈ। ਇਸ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਟੂਰਿਜ਼ਮ ਮੰਤਰਾਲਾ ਉੱਤਰ-ਪੂਰਬੀ ਖੇਤਰ ਵਿੱਚ ਟੂਰਿਜ਼ਮ ਦੀ ਸੰਪੂਰਨ ਸਮਰੱਥਾ ਦਾ ਵੱਧ ਤੋਂ ਵੱਧ ਉਪਯੋਗ ਕਰਨ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਇਹੀ ਨਹੀਂ, ਟੂਰਿਜ਼ਮ ਮੰਤਰਾਲਾ ਭਾਰਤ ਦੇ ਵਿਲੱਖਣ ਸੱਭਿਆਚਾਰ ਅਤੇ ਕੁਦਰਤੀ ਵਿਰਾਸਤ ਨੂੰ ਦੇਖਣ ਅਤੇ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨਾਲ ਜੁੜੇ ਸਮਾਰੋਹ ਦਾ ਹਿੱਸਾ ਬਣਨ ਲਈ ਪੂਰੀ ਦੁਨੀਆ ਦੇ ਸੈਲਾਨੀਆਂ ਨੂੰ ਭਾਰਤ ਆਉਣ ਦਾ ਸੱਦਾ ਦੇਣ ਲਈ 15 ਅਗਸਤ 2022 ਤੋਂ ‘ਭਾਰਤ ਯਾਤਰਾ ਵਰ੍ਹਾ’ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।

ਉੱਤਰ-ਪੂਰਬੀ ਖੇਤਰ ਦੇ ਹਰੇਕ ਰਾਜ ਕੋਲ ਟੂਰਿਜ਼ਮ ਸਥਾਨਾਂ ਦਾ ਖ਼ਜ਼ਾਨਾ ਹੈ। ਇਨ੍ਹਾਂ ਅਸ਼ਟਲਕਸ਼ਮੀ ਰਾਜਾਂ ਦੀ ਤੁਲਨਾ ਅਕਸਰ ਸੁੰਦਰ ਕੁਦਰਤੀ ਨਜ਼ਾਰਿਆਂ ਵਾਲੇ ਸਕਾਟਲੈਂਡ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਨਾਲ ਕੀਤੀ ਜਾਂਦੀ ਹੈ। ਮੰਤਰਾਲਾ ਇਹ ਯਕੀਨੀ ਕਰਨ ਦਾ ਹਰ ਸੰਭਵ ਯਤਨ ਕਰ ਰਿਹਾ ਹੈ ਕਿ ਬਾਕੀ ਦੁਨੀਆ ਉੱਤਰ-ਪੂਰਬੀ ਖੇਤਰ ਦੀ ਕੁਦਰਤੀ ਸੁੰਦਰਤਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਹੋਵੇ। ਇਹ ਸਭ ਇੱਕ ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਦੀਰਘਕਾਲੀ ਤਰੀਕੇ ਨਾਲ ਕੀਤਾ ਜਾਵੇਗਾ ਤਾਂ ਕਿ ਇਸ ਖੇਤਰ ਨਾਲ ਸਬੰਧਿਤ ਲੋਕਾਚਾਰਾਂ ਅਤੇ ਭਾਵਨਾਵਾਂ ਨੂੰ ਬਰਕਰਾਰ ਰੱਖਿਆ ਜਾ ਸਕੇ। ਉੱਤਰ-ਪੂਰਬੀ ਰਾਜਾਂ ਵਿੱਚ ਵਿਕਾਸ ’ਤੇ ਧਿਆਨ ਦੇਣ ਦੇ ਨਾਲ-ਨਾਲ ਟੂਰਿਜ਼ਮ ਮੰਤਰਾਲੇ ਵੱਲੋਂ ਉੱਤਰ-ਪੂਰਬੀ ਖੇਤਰ ’ਤੇ ਕੇਂਦ੍ਰਿਤ ਗ੍ਰੀਨ ਟੂਰਿਜ਼ਮ, ਈਕੋਟੂਰਿਜ਼ਮ, ਗ੍ਰਾਮੀਣ ਟੂਰਿਜ਼ਮ ਅਤੇ ਚਾਹ ਦੇ ਬਾਗਾਂ ਦਾ ਟੂਰਿਜ਼ਮ ਜਿਹੇ ਕਈ ਵਿਸ਼ੇਸ਼ ਟੂਰਿਜ਼ਮ ਥੀਮ ਸ਼ੁਰੂ ਕੀਤੇ ਜਾਣਗੇ।

ਭਾਰਤ ਵਿੱਚ ਹੁਣ ਕੋਵਿਡ-19 ਦੇ ਬਾਅਦ ਦੇ ਕਾਲ ਵਿੱਚ ਆਮ ਸਥਿਤੀ ਵੱਲ ਪਰਤਣ ਬਾਰੇ ਗੱਲਬਾਤ ਹੋ ਰਹੀ ਹੈ। ਇਹ ਗੱਲਬਾਤ ਸਾਡੇ ਟੀਕਾਕਰਣ ਅਭਿਆਨ ਦੀ ਗਤੀ ਅਤੇ ਉਸ ਦੀ ਵਿਆਪਕਤਾ ਕਾਰਨ ਹੀ ਸੰਭਵ ਹੋ ਰਹੀ ਹੈ। ਅੱਜ ਤੱਕ ਅਸੀਂ ਕੋਵਿਡ-19 ਤੋਂ ਬਚਾਅ ਦੇ ਟੀਕੇ ਦੀਆਂ 85 ਕਰੋੜ ਤੋਂ ਜ਼ਿਆਦਾ ਖੁਰਾਕਾਂ ਦੇ ਦਿੱਤੀਆਂ ਹਨ। ਇਹ ਸਾਡੇ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ। ਇਹ ਟੂਰਿਜ਼ਮ ਖੇਤਰ ਲਈ ਆਤਮਵਿਸ਼ਵਾਸ ਵਧਾਉਣ ਵਾਲਾ ਇੱਕ ਬਹੁਤ ਵੱਡਾ ਕਦਮ ਹੈ ਅਤੇ ਜਨਵਰੀ 2022 ਤੋਂ ਘਰੇਲੂ ਯਾਤਰੀਆਂ ਲਈ ਟੂਰਿਜ਼ਮ ਖੇਤਰ ਨੂੰ ਖੋਲ੍ਹਣ ਲਈ ਇੱਕ ਠੋਸ ਅਧਾਰ ਬਣਾਉਂਦਾ ਹੈ। ਸਾਡਾ ਧਿਆਨ ਉੱਤਰ-ਪੂਰਬੀ ਖੇਤਰ ਦੇ ਵਿਭਿੰਨ ਭਾਈਚਾਰਿਆਂ ਦੇ ਕਲਿਆਣ ਅਤੇ ਖੁਸ਼ਹਾਲੀ ਲਈ ਟੂਰਿਜ਼ਮ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਇਸਤੇਮਾਲ ਕਰਨ ’ਤੇ ਹੋਵੇਗਾ।

*(ਜੀ. ਕਿਸ਼ਨ ਰੈੱਡੀ ਉੱਤਰ-ਪੂਰਬੀ ਖੇਤਰ ਵਿਕਾਸ, ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਹਨ ਅਤੇ ਸਿਕੰਦਰਾਬਾਦ ਸੰਸਦੀ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ।)

- Advertisement -
Share this Article
Leave a comment