ਕਪੂਰੀ ਮੋਰਚੇ ਦੀ ਕੋਈ ਜ਼ਿਆਦਾ ਇਤਿਹਾਸਕ ਜਾਣਕਾਰੀ ਨਹੀਂ ਮਿਲਦੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਵੱਲੋਂ ਪਾਣੀ ਦੀ ਵੰਡ ਨੂੰ ਮੁੱਖ ਰੱਖ ਕੇ ਕਪੂਰੀ ਮੋਰਚਾ ਲਗਾਇਆ ਗਿਆ। ਕੀ ਸੀ ਇਹ ਸਾਰੀ ਘਟਨਾ। ਇਸ ਸੰਦਰਭ ‘ਚ ਉਸ ਸਮੇਂ ਦੇ ਸਰਕਾਰੀ ਬਾਬੂ ਸਾਬਕਾ ਡੀਪੀਆਰਓ ਸਰਦਾਰ ਉਜਾਗਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਕੀ ਕਿਹਾ ਉਨ੍ਹਾਂ ਨੇ ਆਓ ਜਾਣਦੇ ਹਾਂ ਪ੍ਰੋਗਰਾਮ “ਅਸਲ ਕਹਾਣੀ” ਰਾਹੀਂ…
ਸਵਾਲ : 8 ਅਪ੍ਰੈਲ 1982 ਨੂੰ ਕਪੂਰੀ ਮੋਰਚੇ ਮੌਕੇ ਤੁਸੀਂ ਕਿੱਥੇ ਤੈਨਾਤ ਸੀ?
ਜਵਾਬ : ਉਸ ਸਮੇਂ ਮੈਂ ਬਤੌਰ ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ ਪਟਿਆਲਾ ਵਿਖੇ ਤੈਨਾਤ ਸੀ। ਜਦੋਂ ਵੀ ਕਿਸੇ ਵੱਡੇ ਵੀਵੀਆਈਪੀ ਦਾ ਸਮਾਗਮ ਹੁੰਦਾ ਹੈ ਤਾਂ ਉਸ ਸਮੇਂ ਡਿਊਟੀਆਂ ਬਹੁਤ ਸਖਤੀ ਨਾਲ ਲਗਾਈਆਂ ਜਾਂਦੀਆਂ ਹਨ। ਉਸ ਸਮੇਂ ਮੇਰੀ ਡਿਊਟੀ ਪ੍ਰੈਸ ਦਾ ਪ੍ਰਬੰਧ ਕਰਨ ਦੀ ਲਗਾਈ ਗਈ ਸੀ। ਪ੍ਰੈਸ ਨੂੰ ਸਟੇਜ਼ ਦੇ ਬਿਲਕੁਲ ਕੋਲ ਬਿਠਾਇਆ ਗਿਆ ਸੀ ਜਿੱਥੇ ਨੀਂਹ ਪੱਥਰ ਰੱਖਿਆ ਹੋਇਆ ਸੀ। ਉਸ ਸਮੇਂ ਦਾ ਸਾਰਾ ਹਾਲ ਮੈਂ ਆਪਣੇ ਅੱਖੀ ਵੇਖਿਆ।
ਸਵਾਲ : ਐੱਸਵਾਈਐੱਲ ਦਾ ਨੀਂਹ ਪੱਥਰ ਕਿਸ ਤਰੀਕੇ ਨਾਲ ਰੱਖਿਆ ਗਿਆ?
ਜਵਾਬ : ਮੁੱਖ-ਮੰਤਰੀ ਸਰਦਾਰ ਦਰਬਾਰਾ ਸਿੰਘ ਤੇ ਉਨ੍ਹਾਂ ਦੀ ਸਾਰੀ ਕੈਬਨਿਟ ਵਿਸ਼ੇਸ਼ ਤੌਰ ‘ਤੇ ਉੱਥੇ ਪਹੁੰਚੀ। ਉੱਥੇ ਇੱਕ ਪੱਥਰ ਲਗਾਇਆ ਗਿਆ ਜਿਸ ਨੂੰ ਕਪੜੇ ਨਾਲ ਢੱਕਿਆ ਹੋਇਆ ਸੀ। ਇਸ ਤੋਂ ਇਲਾਵਾ ਸੈਂਟਰ ਸਰਕਾਰ ਦੇ ਵੀ ਕਈ ਮੰਤਰੀ ਉਸ ਮੌਕੇ ਪਹੁੰਚੇ। ਪ੍ਰਧਾਨ-ਮੰਤਰੀ ਸ੍ਰੀਮਤੀ ਗਾਂਧੀ ਤੇ ਮੁੱਖ-ਮੰਤਰੀ ਦਰਬਾਰਾ ਸਿੰਘ ਵੱਲੋਂ ਐੱਸਵਾਈਐੱਲ ਦਾ ਬੜੇ ਸਾਦੇ ਢੰਗ ਨਾਲ ਉਦਘਾਟਨ ਕੀਤਾ ਗਿਆ। ਉਸ ਤੋਂ ਕੁਝ ਸਮਾਂ ਬਾਅਦ ਸਟੇਜ਼ ‘ਤੇ ਭਾਸ਼ਣਬਾਜ਼ੀ ਸ਼ੁਰੂ ਹੋਈ।
ਸਵਾਲ : ਸ੍ਰੀਮਤੀ ਗਾਂਧੀ ਵੱਲੋਂ ਬਟਨ ਦੱਬ ਕੇ ਐੱਸਵਾਈਐੱਲ ਦਾ ਉਦਘਾਟਨ ਕੀਤਾ ਜਾਂਦਾ ਤੇ ਨਾਲ ਹੀ ਕਿਹਾ ਜਾਂਦਾ ਕਿ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਸੋਨੇ ਦੀ ਕਹੀ ਲੈ ਕੇ ਗਏ। ਇਹ ਸਾਰੀ ਗੱਲਬਾਤ ਕੀ ਸੀ?
ਜਵਾਬ : ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਸੀ। ਆਮ ਤੌਰ ‘ਤੇ ਰਿਵਾਇਤ ਹੁੰਦੀ ਹੈ ਕਿ ਜਿਸ ਵਿਭਾਗ ਨਾਲ ਸਮਾਗਮ ਸਬੰਧਤ ਹੁੰਦਾ ਹੈ ਉਸ ਵੱਲੋਂ ਨੀਂਹ ਪੱਥਰ ਬਣਾਇਆ ਜਾਂਦਾ। ਇਸ ਲਈ ਇਰੀਗੇਸ਼ਨ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਨੀਂਹ ਪੱਥਰ ਰੱਖਿਆ ਹੋਇਆ ਸੀ। ਦਰਅਸਲ ਸਿਆਸੀ ਲੋਕਾਂ ਦਾ ਸੁਭਾਅ ਹੀ ਹੁੰਦਾ ਇੱਕ ਦੂਜੇ ‘ਤੇ ਕਿੱਚੜ ਉਛਾਲਣਾ। ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪਹਿਲੀ ਵਾਰ ਪਟਿਆਲਾ ਤੋਂ ਲੋਕ-ਸਭਾ ਦੇ ਮੈਂਬਰ ਬਣੇ ਤੇ ਰਾਜਨੀਤੀ ‘ਚ ਉਨ੍ਹਾਂ ਦੀ ਨਵੀਂ ਐਂਟਰੀ ਹੋਈ ਸੀ। ਪਰ ਇਹ ਗੱਲ ਸੱਚ ਹੈ ਕਿ ਕੈਪਟਨ ਸਾਹਬ ਵੱਲੋਂ ਸ੍ਰੀਮਤੀ ਗਾਂਧੀ ਦਾ ਸੁਆਗਤ ਕੀਤਾ ਗਿਆ ਪਰ ਸੋਨੇ ਦੀ ਕਹੀ ਵਾਲੀ ਕੋਈ ਗੱਲ ਨਹੀਂ ਹੋਈ ਸੀ। ਇਹ ਸਿਰਫ ਸਿਆਸੀ ਬਦਨਾਮ ਕਰਨ ਵਾਲੀ ਗੱਲ ਸੀ। ਦੂਜੇ ਪਾਸੇ ਸ੍ਰੀਮਤੀ ਗਾਂਧੀ ਵੱਲੋਂ ਵੀ ਕੋਈ ਬਟਨ ਨਹੀਂ ਦੱਬਿਆ ਗਿਆ ਸੀ ਕਿਉਂਕਿ ਉਸ ਸਮੇਂ ਬਿਲਕੁਲ ਇੱਕ ਸਾਦਾ ਸਮਾਗਮ ਹੋਇਆ ਸੀ।
ਅਸਲ ‘ਚ ਐੱਸਵਾਈਐੱਲ ਲਈ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਹੀ ਐਕਵਾਇਰ ਹੋ ਚੁੱਕੀ ਸੀ ਜਦੋਂ ਚੌਧਰੀ ਦੇਵੀ ਲਾਲ ਨੇ ਇੱਕ ਕਰੋੜ ਰੁਪਏ ਦਿੱਤੇ ਸੀ। ਹਰਿਆਣਾ ਦੇ ਮੁੱਖ-ਮੰਤਰੀ ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਦੋਸਤੀ ਬਹੁਤ ਮਸ਼ਹੂਰ ਸੀ। ਮੇਰੀ ਸਮਝ ਅਨੁਸਾਰ ਉਦੋਂ ਇਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਪਾਣੀਆਂ ਦਾ ਮਸਲਾ ਇੰਨਾ ਵੱਡਾ ਮਸਲਾ ਬਣ ਜਾਵੇਗਾ। ਉਹ ਇਸ ਨੂੰ ਇੱਕ ਛੋਟੀ ਜਿਹੀ ਗੱਲ ਸਮਝਦੇ ਸੀ। ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸ੍ਰੀਮਤੀ ਗਾਂਧੀ ਦੇ ਆਉਣ ਸਮੇਂ ਕਾਂਗਰਸੀਆਂ ਨੇ ਸਮਾਗਮ ‘ਚ ਵਧ-ਚੜ੍ਹ ਕੇ ਹਿੱਸਾ ਲਿਆ। ਰਾਜਪੁਰਾ ਦੇ ਐੱਮਐੱਲਏ ਗੁਪਤਾ ਜੋ ਕੈਪਟਨ ਦਾ ਬਹੁਤ ਕਰੀਬੀ ਸੀ ਨੇ ਸਮਾਗਮ ਤੋਂ ਅਗਲੇ ਦਿਨ ਅਖਬਾਰਾਂ ‘ਚ ਇਸ਼ਤਿਹਾਰ ਵੀ ਦਿੱਤੇ। ਜਿਸ ‘ਚ ਕੈਪਟਨ ਅਮਰਿੰਦਰ ਸਿੰਘ ਦਾ ਵੀ ਨਾਮ ਲਿਖਿਆ ਹੋਇਆ ਸੀ। ਕਿਉਂਕਿ ਇਨ੍ਹਾਂ ਸਿਆਸੀ ਲੋਕਾਂ ‘ਚ ਚਮਚਾਗਿਰੀ ਕਰਨ ਦੀ ਆਦਤ ਵੀ ਹੁੰਦੀ ਹੈ।
ਸਵਾਲ : ਲੀਡਰਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਇੱਕ ਵੱਡਾ ਵਿਵਾਦ ਨਹੀਂ ਬਣੇਗਾ ਪਰ ਇਸ ਦੇ ਉਲਟ ਇਹ ਇੱਕ ਵੱਡਾ ਵਿਵਾਦ ਬਣ ਗਿਆ। ਅਸਲ ‘ਚ ਇਸ ਦੀ ਸ਼ੁਰੂਆਤ ਕਿਵੇਂ ਹੋਈ?
ਜਵਾਬ : ਸਾਡੇ ਦੇਸ਼ ਦਾ ਇੱਕ ਬਹੁਤ ਵੱਡਾ ਦੁਖਾਂਤ ਇਹ ਹੈ ਕਿ ਅਸੀਂ ਲੋਕ ਸਿਆਸੀ ਲੋਕਾਂ ਦਾ ਵਿਰੋਧ ਕਰਨ ਲਈ ਸਿਆਸਤ ਕਰਦੇ ਹਾਂ, ਭਾਵ ਅਸੀਂ ਅਸੂਲਾਂ ਦੀ ਸਿਆਸਤ ਨਹੀਂ ਕਰਦੇ। ਐਮਰਜੈਂਸੀ ਤੋਂ ਪਹਿਲਾਂ ਵੀ ਅਕਾਲੀ-ਦਲ ਦਾ ਕਾਂਗਰਸ ਪਾਰਟੀ ਨਾਲ ਟਕਰਾਓ ਚੱਲਦਾ ਸੀ। ਸ੍ਰੀਮਤੀ ਗਾਂਧੀ ਵੱਲੋਂ ਪਹਿਲਾਂ ਵੀ ਅਕਾਲੀ-ਲੀਡਰਾਂ ਨੂੰ ਜੇਲ੍ਹ ‘ਚ ਬੰਦ ਕੀਤਾ ਗਿਆ ਸੀ ਜਿਸ ਕਾਰਨ ਸਿਆਸੀ ਤੌਰ ‘ਤੇ ਇਨ੍ਹਾਂ ਵੱਲੋਂ ਵਿਰੋਧ ਕਰਨਾ ਬਣਦਾ ਸੀ। ਪ੍ਰਕਾਸ਼ ਸਿੰਘ ਬਾਦਲ, ਲੌਂਗੋਵਾਲ, ਟੌਹੜਾ ਤੇ ਹੋਰ ਕਈ ਲੀਡਰਾਂ ਨੇ ਕਪੂਰੀ ਵਿਖੇ ਮੋਰਚਾ ਲਗਾ ਕੇ ਸਰਕਾਰ ਨਾਲ ਪੰਗਾ ਨਾ ਲੈਣ ਦਾ ਫੈਸਲਾ ਕੀਤਾ ਤੇ ਇਸ ਦੇ ਉਲਟ ਉਨ੍ਹਾਂ ਨੇ ਘਨੌਰ ਦੀ ਦਾਣਾ ਮੰਡੀ ‘ਚ ਹੀ ਪ੍ਰੋਟੈਸਟ ਮਾਰਚ ਕੀਤਾ। ਉਸ ਸਮੇਂ ਹਰਜੀਤ ਇੰਦਰ ਸਿੰਘ ਗਰੇਵਾਲ(ਪੀਸੀਐੱਸ) ਨੇ ਡੀਸੀ ਨੂੰ ਕਿਹਾ ਕਿ ਉਹ ਵੀ ਪ੍ਰੋਟੈਸਟ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਿਸ ਕਾਰਨ ਹਰਜੀਤ ਇੰਦਰ ਸਿੰਘ ਗਰੇਵਾਲ ਦੀ ਉੱਥੇ ਡਿਊਟੀ ਨਹੀਂ ਲਗਾਈ ਗਈ। ਅਕਾਲੀ-ਦਲ ਵੱਲੋਂ ਪ੍ਰੋਟੈਸਟ ਮਾਰਚ ਤੋਂ ਵੱਧ ਕੇ ਕੁਝ ਨਹੀਂ ਕੀਤਾ ਗਿਆ।
ਜਿੱਥੋਂ ਤੱਕ ਪੰਜਾਬ ‘ਚ ਪਾਣੀ ਦੇ ਮਸਲੇ ਦੀ ਗੱਲ ਹੈ ਤਾਂ ਇਹ ਮਸਲਾ ਉਦੋਂ ਜ਼ਿਆਦਾ ਗੰਭੀਰ ਹੋਇਆ ਜਦੋਂ ਅਸੀਂ ਝੋਨੇ ਦੀ ਫਸਲ ਬੀਜਣੀ ਸ਼ੁਰੂ ਕੀਤੀ। ਜਿਸ ਕਾਰਨ ਧਰਤੀ ਹੇਠ ਪਾਣੀ ਦਾ ਪੱਧਰ ਦਿਨ-ਬ-ਦਿਨ ਘਟਦਾ ਜਾ ਰਿਹਾ। ਕਾਂਗਰਸ, ਅਕਾਲੀ-ਦਲ ਤੇ ਬੀਜੇਪੀ ਪਾਰਟੀ ਵੱਲੋਂ ਸਿਰਫ ਵਿਭਿੰਨਤਾ ਵਾਲੀਆਂ ਫਸਲਾਂ ਬੀਜਣ ਦਾ ਰੌਲਾ ਪਾਇਆ ਜਾਂਦਾ ਹੈ। ਜੇਕਰ ਸਰਕਾਰ ਕਣਕ ਤੇ ਝੋਨੇ ਵਾਂਗ ਹੋਰ ਫਸਲਾਂ ਦੀਆਂ ਕੀਮਤਾਂ ਵੀ ਨਿਸ਼ਚਿਤ ਕਰੇ ਤਾਂ ਲੋਕ ਝੋਨਾ ਕਿਉਂ ਬੀਜਣ। ਪਰ ਅਸਲ ‘ਚ ਸਰਕਾਰ ਇਸ ਪ੍ਰਤੀ ਗੰਭੀਰ ਹੀ ਨਹੀਂ ਹੈ। ਮੌਜੂਦਾ ਸਮੇਂ ਪਾਣੀ ਦਾ ਮਸਲਾ ਵੱਡਾ ਮਸਲਾ ਬਣ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ।
ਸਵਾਲ : ਕੀ ਸ੍ਰੀਮਤੀ ਗਾਂਧੀ ਦੇ ਇੱਥੇ ਆਉਣ ਤੋਂ ਪਹਿਲਾਂ ਸਰਕਾਰ ‘ਚ ਜੋ ਚੱਲ ਰਿਹਾ ਸੀ ਕੀ ਉਹ ਇਸ ਸਭ ਤੋਂ ਉਹ ਅਣਜਾਣ ਸਨ?
ਜਵਾਬ : 1955 ‘ਚ ਪਹਿਲੇ ਸਮਝੋਤਾ ਤੋਂ ਬਾਅਦ ਪੰਜਾਬ ਨੂੰ 5.9 ਐੱਮਏਐੱਫ ਪਾਣੀ ਦਿੱਤਾ ਗਿਆ। ਪਾਣੀ ਦਾ ਮਸਲਾ ਹੁਣ ਵੀ ਇੰਨਾ ਵੱਡਾ ਮਸਲਾ ਨਹੀਂ ਹੈ ਜਿੰਨਾ ਇਸ ਨੂੰ ਬਣਾਇਆ ਗਿਆ। ਲੋਕ ਇਸ ਗੱਲ ਤੋਂ ਅਣਜਾਣ ਹਨ ਕਿ 2015 ‘ਚ ਬਾਦਲ ਸਰਕਾਰ ਦੇ ਮੌਕੇ ਨਰਵਾਣਾ ਬ੍ਰਾਂਚ ਦੇ ਕੰਢੇ ਉੱਚੇ ਕਰਕੇ ਪਾਣੀ ਨੂੰ ਨਰਵਾਣਾ ਬ੍ਰਾਂਚ ਤੋਂ ਡਿਵਰਟ ਕਰਕੇ ਐੱਸਵਾਈਐੱਲ ਨੂੰ ਦਿੱਤਾ ਗਿਆ। ਖਨੋਰੀ ਨੇੜੇ ਪੈਂਦੇ ਪਿੰਡ ਘੋੜਸ਼ਾਮ ਤੋਂ ਘੱਗਰ ਵਿਚੋਂ ਪਾਣੀ ਡਿਵਰਟ ਕਰਕੇ ਐੱਸਵਾਈਐੱਲ ਨੂੰ ਦਿੱਤਾ ਗਿਆ ਹੈ। ਭਾਵ ਸਿੱਧੇ ਢੰਗ ਦੀ ਬਜਾਇ ਅਸਿੱਧੇ ਢੰਗ ਨਾਲ ਪਾਣੀ ਦਿੱਤਾ ਜਾ ਰਿਹਾ। ਨਰਵਾਣਾ ਬ੍ਰਾਂਚ ਦੇ ਕੰਢੇ ਕਿਸ ਤਰ੍ਹਾਂ ਉੱਚੇ ਹੋ ਗਏ ਇਸ ਦੀ ਇਨਕੁਆਰੀ ਕਾਹਨ ਸਿੰਘ ਪੰਨੂ ਵੱਲੋਂ ਕੀਤੀ ਗਈ ਜਿਸ ਦੀ ਰਿਪੋਰਟ ਹੁਣ ਤੱਕ ਬਾਹਰ ਨਹੀਂ ਆਈ। ਇਸ ‘ਤੇ ਸਾਰੀਆਂ ਪਾਰਟੀਆਂ ਵੱਲੋਂ ਸਿਆਸੀ ਸਟੰਟ ਖੇਡਿਆ ਜਾ ਰਿਹਾ ਹੈ।
ਸਵਾਲ : ਕੀ ਉਸ ਸਮੇਂ ਅਕਾਲੀਆਂ ਤੇ ਕਮਿਊਨਿਸਟਾਂ ਦੇ ਪ੍ਰਭਾਵ ਹੇਠਾਂ ਆ ਕੇ ਹਰਜੀਤ ਇੰਦਰ ਸਿੰਘ ਗਰੇਵਾਲ(ਪੀਸੀਐੱਸ) ਨੇ ਅਸਤੀਫਾ ਦੇਣ ਦੀ ਗੱਲ ਕਹੀ ਸੀ?
ਜਵਾਬ : ਅਸਲ ‘ਚ ਹਰਜੀਤ ਇੰਦਰ ਸਿੰਘ ਗਰੇਵਾਲ(ਪੀਸੀਐੱਸ) ਇੱਕ ਰਿਟਾਇਰਡ ਚੀਫ ਇੰਜੀਨੀਅਰ ਦਾ ਲੜਕਾ ਸੀ ਤੇ ਉਨ੍ਹਾਂ ਦਾ ਝੁਕਾਅ ਬਾਦਲ ਪਰਿਵਾਰ ਵੱਲ ਸੀ। ਸ਼ਾਇਦ ਉਨ੍ਹਾਂ ਦੀ ਬਾਦਲ ਸਾਹਬ ਨਾਲ ਕੋਈ ਗੱਲਬਾਤ ਹੋਈ ਹੋਵੇ। ਮੇਰੇ ਨਾਲ ਗਰੇਵਾਲ ਦੇ ਚੰਗੇ ਸਬੰਧ ਸਨ ਤੇ ਮੈਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਹੈ ਕਿ ਉਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਜ਼ਰੂਰ ਕਹੀ ਸੀ।
ਉਸ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਰਿਮੰਦਰ ਸਾਹਿਬ ‘ਚ ਗੁਰੂ ਨਾਨਕ ਨਿਵਾਸ ‘ਚ ਆ ਕੇ ਰਹਿਣ ਲਈ ਕਿਹਾ। ਜਦੋਂ ਹਾਲਾਤ ਖਰਾਬ ਹੋਏ ਤਾਂ ਉਹ ਅਕਾਲ ਤਖਤ ਚਲੇ ਗਏ। ਉਸ ਸਮੇਂ ਚੱਲਦੀਆਂ ਅਫਵਾਹਾਂ ਤੋਂ ਬਾਅਦ ਚੇਅਰਮੈਨ ਬੀਐੱਨ ਕੁਮਾਰ ਤੇ ਰੋਪੜ ਨੇੜੇ ਜਿੱਥੇ ਐੱਸਵਾਈਐੱਲ ਦਾ ਕੰਮ ਚੱਲ ਰਿਹਾ ਸੀ ਉੱਥੇ ਇੱਕ ਚੀਫ ਇੰਜੀਨੀਅਰ ਤੇ 35 ਮਜ਼ਦੂਰਾਂ ਨੂੰ ਮਾਰ ਦਿੱਤਾ ਗਿਆ। 1990 ‘ਚ ਬਲਵੰਤ ਸਿੰਘ(ਵਿੱਤ-ਮੰਤਰੀ) ਨੂੰ ਚੰਡੀਗੜ੍ਹ ‘ਚ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਰਾਜੀਵ ਲੌਂਗੋਵਾਲ ਸਮਝੋਤਾ ਹੁੰਦਾ ਤਾਂ ਉਸ ਤੋਂ ਬਾਅਦ ਲੌਂਗੋਵਾਲ ਨੂੰ ਮਾਰ ਦਿੱਤਾ ਜਾਂਦਾ। ਜਿਸ ਤੋਂ ਬਾਅਦ ਹਾਲਾਤ ਕਾਫੀ ਖਰਾਬ ਹੋ ਗਏ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਕਿ ਇੱਕ ਸਾਲ ‘ਚ ਐੱਸਵਾਈਐੱਲ ਬਣਾਉਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਵੱਲੋਂ 2004 ‘ਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ – 2004 ਪਾਸ ਕੀਤਾ ਗਿਆ। ਜਿਸ ਦਾ ਕਾਂਗਰਸ ਹਾਈਕਮਾਨ ਨੇ ਵੀ ਵਿਰੋਧ ਕੀਤਾ ਸੀ। ਕਾਂਗਰਸ ਹਾਈਕਮਾਨ ਨੇ ਇਸ ਨੂੰ ਲਾਗੂ ਕਰਨ ਦੀ ਬਜਾਇ ਇਸ ਨੂੰ ਰਾਸ਼ਟਰਪਤੀ ਨੂੰ ਭੇਜ ਦਿੱਤਾ। ਰਾਸ਼ਟਰਪਤੀ ਨੇ ਇਸ ਨੂੰ ਸੁਪਰੀਮ ਕੋਰਟ ਕੋਲ ਰੈਫਰ ਕਰ ਦਿੱਤਾ ਤੇ ਸੁਪਰੀਮ ਕੋਰਟ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ।
ਐੱਫਸੀਆਰ ਕਰਨਵੀਰ ਸਿੰਘ ਸਿੱਧੂ ਦੇ ਦਸਤਖਤਾ ਤੋਂ ਬਾਅਦ 2016 ‘ਚ ਅਕਾਲੀ-ਦਲ ਨੇ ਲੋਕਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਐੱਸਵਾਈਐੱਲ ਲਈ ਐਕਵਾਇਰ ਕੀਤੀ ਗਈ ਸੀ ਉਹ ਆਪਣੀ-ਆਪਣੀ ਜ਼ਮੀਨ ਨੂੰ ਵਾਹੀ ਲਈ ਫਿਰ ਤੋਂ ਉਪਯੋਗ ਕਰ ਸਕਦੇ ਹਨ। ਉਸ ਸਮੇਂ ਸਰਕਾਰ ਵੱਲੋਂ ਰੋਪੜ ਤੇ ਪਟਿਆਲਾ ਦੇ ਡੀਸੀ ਨੂੰ ਹੁਕਮ ਦਿੱਤੇ ਗਏ ਸੀ ਕਿ ਉਹ ਰਾਤੋ-ਰਾਤ ਸਰਕਾਰੀ ਮਸ਼ੀਨਰੀ ਲੈ ਕੇ ਐੱਸਵਾਈਐੱਲ ਨੂੰ ਢਾਹ ਦੇਣ। ਜਿਸ ਕਾਰਨ ਕਈ ਥਾਵਾਂ ‘ਤੇ ਲੋਕਾਂ ਵੱਲੋਂ ਐੱਸਵਾਈਐੱਲ ਨੂੰ ਢਾਹ ਵੀ ਦਿੱਤਾ ਗਿਆ ਸੀ। ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਦਾ ਲਾਹਾ ਲੈਣ ਲਈ ਐੱਸਵਾਈਐੱਲ ਮੁੱਦੇ ‘ਤੇ ਹੁਣ ਤੱਕ ਸਿਆਸਤ ਕਰਦੀਆਂ ਆਈਆਂ ਹਨ। ਕਿਉਂਕਿ ਸਾਡੇ ਜ਼ਿਆਦਾਤਰ ਵੋਟਰ ਅਨਪੜ੍ਹ ਹਨ। ਜਿਹੜੇ ਪੜ੍ਹੇ-ਲਿਖੇ ਵੋਟਰ ਹਨ ਉਹ ਆਪਣੀ ਵੋਟ ਪਾਉਣ ਨਹੀਂ ਜਾਂਦੇ ਤੇ ਗਰੀਬਾਂ ਨੂੰ ਕਈ ਤਰ੍ਹਾਂ ਦਾ ਲਾਲਚ ਦੇ ਕੇ ਸਿਆਸਤਦਾਨਾਂ ਵੱਲੋਂ ਇਨ੍ਹਾਂ ਵੋਟਰਾਂ ਨੂੰ ਖਰੀਦ ਲਿਆ ਜਾਂਦਾ ਹੈ।
ਸਵਾਲ : ਕੀ 8 ਅਪ੍ਰੈਲ 1982 ਨੂੰ ਕਪੂਰੀ ਮੋਰਚੇ ਮੌਕੇ ਸਰਕਾਰ ਵੱਲੋਂ ਅਕਾਲੀਆਂ ਤੇ ਕਮਿਊਨਿਸਟਾਂ ਤੱਕ ਪਹੁੰਚ ਕੀਤੀ ਗਈ ਸੀ?
ਜਵਾਬ : ਜੀ ਹਾਂ ਸਰਕਾਰ ਵੱਲੋਂ ਉਸ ਸਮੇਂ ਅਕਾਲੀਆਂ ਤੇ ਕਮਿਊਨਿਸਟਾਂ ਤੱਕ ਪਹੁੰਚ ਕੀਤੀ ਗਈ। ਉਸ ਸਮੇਂ ਕਮਿਊਨਿਸਟ ਤਾਂ ਪਿੱਛੇ ਹੱਟ ਚੁੱਕੇ ਸਨ। ਸ੍ਰੀਮਤੀ ਗਾਂਧੀ ਨੇ ਲੇਖਕ ਖੁਸ਼ਵੰਤ ਸਿੰਘ ਤੇ ਤਰਲੋਚਨ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨ ਲਈ ਗੁਰਦਾਸਪੁਰ ਭੇਜਿਆ ਸੀ। ਉਨ੍ਹਾਂ ਵੱਲੋਂ ਬਾਦਲ ਸਾਹਬ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਤੁਹਾਨੂੰ ਪੰਜਾਬ ਦਿੱਤਾ, ਤੁਹਾਨੂੰ ਪੰਜਾਬ ਦਾ ਮੁਖ-ਮੰਤਰੀ ਵੀ ਬਣਾ ਦਿੱਤਾ ਜਾਵੇਗਾ ਪਰ ਤੁਸੀਂ ਇਸ ਅੰਦੋਲਨ ਨੂੰ ਵਾਪਸ ਲੈ ਲਓ। ਬੇਸ਼ੱਕ ਸ੍ਰੀਮਤੀ ਗਾਂਧੀ ਦੇ ਕਤਲ ਦਾ ਇਲਜਾਮ ਸਿੱਖਾਂ ‘ਤੇ ਲੱਗਿਆ ਪਰ ਇਸ ਤੋਂ ਪਹਿਲਾਂ ਵੀ ਸ੍ਰੀਮਤੀ ਗਾਂਧੀ ਸਿੱਖਾਂ ਪ੍ਰਤੀ ਕਾਫੀ ਨਰਮ ਸੀ। ਸ੍ਰੀਮਤੀ ਗਾਂਧੀ ਸਿੱਖਾਂ ਨਾਲ ਕਲੇਸ਼ ਪਾਉਣਾ ਨਹੀਂ ਚਾਹੁੰਦੀ ਸੀ।
ਉਸ ਸਮੇਂ ਹਰਚੰਦ ਸਿੰਘ ਤੇ ਭਿੰਡਰਾਂਵਾਲੇ ਨਾਲ ਵੀ ਸਮਝੋਤੇ ਦੀ ਗੱਲ ਚੱਲ ਰਹੀ ਸੀ। ਜਿਸ ਲਈ ਸ੍ਰੀਮਤੀ ਗਾਂਧੀ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਦੂਜੇ ਪਾਸੇ ਸੰਤ ਵੀ ਦਿੱਲੀ ਸਮਝੋਤੇ ਲਈ ਜਾਣਾ ਚਾਹੁੰਦੇ ਸੀ ਪਰ ਕੁਝ ਕੁ ਲੋਕਾਂ ਵੱਲੋਂ ਸੰਤਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਦਿੱਲੀ ਜਾਣ ਤੋਂ ਰੋਕਿਆ ਗਿਆ। ਦੂਜੇ ਪਾਸੇ ਕਾਮਰੇਡ ਅਸੂਲਾਂ ਦੇ ਬਹੁਤ ਪੱਕੇ ਹੁੰਦੇ ਹਨ ਪਰ ਕਈ ਵਾਰ ਉਹ ਵੀ ਮੌਕਾਪ੍ਰਸਤੀ ਦੀ ਗੱਲ ਕਰ ਜਾਂਦੇ ਸੀ। ਕਾਮਰੇਡ ਹਰਕ੍ਰਿਸ਼ਨ ਸੁਰਜੀਤ ਬਹੁਤ ਵੱਡੇ ਲੀਡਰ ਸਨ ਪਰ ਉਹ ਬਲਵੰਤ ਸਿੰਘ ਰਾਮੂਵਾਲੀਆ ਨੂੰ ਮੰਤਰੀ ਬਣਾਉਣ ਲਈ ਆਪਣੇ ਅਸੂਲਾਂ ਨੂੰ ਛਿੱਕੇ ‘ਤੇ ਟੰਗ ਦਿੰਦੇ ਸੀ। ਕੋਈ ਇੱਕ ਨਹੀਂ ਸਾਰੇ ਲੀਡਰ ਹੀ ਇਸ ਤਰ੍ਹਾਂ ਦੀ ਸਿਆਸਤ ਕਰਦੇ ਹਨ।
ਸਵਾਲ : ਕਪੂਰੀ ਮੋਰਚਾ ਕਿਉਂ ਧਰਮ-ਯੁੱਧ ਮੋਰਚੇ ‘ਚ ਤਬਦੀਲ ਹੋ ਜਾਂਦਾ। ਇਸ ਪਿੱਛੇ ਕੀ ਕਾਰਨ ਰਹੇ?
ਜਵਾਬ : ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ-ਦਲ ਹੈ। ਪੰਜਾਬ ‘ਚ ਸ਼ੁਰੂ ਤੋਂ ਹੀ ਬਦਲਵੀਆਂ ਸਰਕਾਰਾਂ ਆਉਂਦੀਆਂ ਰਹੀਆਂ ਹਨ। ਸਿਆਸੀ ਪਾਰਟੀਆਂ ਦਾ ਮੁਖ ਮੰਤਵ ਹੁੰਦਾ ਕਿ ਦੂਜਿਆਂ ਪਾਰਟੀਆਂ ਨੂੰ ਬਦਨਾਮ ਕਰਕੇ ਲੋਕਾਂ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਜਾਣ। ਅਕਾਲੀ-ਦਲ ਦਾ ਸਾਰਾ ਇਤਿਹਾਸ ਮੋਰਚਿਆਂ ਦਾ ਇਤਿਹਾਸ ਰਿਹਾ ਹੈ। ਕਪੂਰੀ ਮੋਰਚੇ ਤੋਂ ਕੁਝ ਸਮਾਂ ਬਾਅਦ ਬਲੂ ਸਟਾਰ ਆਪ੍ਰੇਸ਼ਨ ਹੋਇਆ ਜਿਸ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ। ਕਿਉਂਕਿ ਕੋਈ ਨਹੀਂ ਚਾਹੁੰਦਾ ਸੀ ਕਿ ਅਕਾਲ ਤਖਤ ‘ਤੇ ਹਮਲਾ ਕੀਤਾ ਜਾਵੇ। ਇੱਥੋਂ ਤੱਕ ਕਿ ਕੁਝ ਕਾਂਗਰਸੀ ਲੀਡਰ ਵੀ ਅੰਦਰ ਖਾਤੇ ਇਸ ਮੋਰਚੇ ਦਾ ਸਮਰਥਨ ਕਰਦੇ ਰਹੇ। ਉਸ ਸਮੇਂ ਅਕਾਲੀ-ਦਲ ਇੱਕ ਬਹੁਤ ਵੱਡੀ ਫੌਜ ਬਣ ਕੇ ਸਾਹਮਣੇ ਆਇਆ। ਇਸ ਕਰਕੇ ਉਨ੍ਹਾਂ ਨੇ ਇਸ ਮੋਰਚੇ ਨੂੰ ਜਾਰੀ ਰੱਖਿਆ।
ਨਾਲ ਹੀ ਜਿਨ੍ਹਾਂ ਨੌਜਵਾਨਾਂ ਨੂੰ ਉਸ ਸਮੇਂ ਖਾੜਕੂ ਕਿਹਾ ਜਾਂਦਾ ਸੀ ਉਨ੍ਹਾਂ ਦਾ ਮਿਸ਼ਨ ਵੀ ਕਮਾਲ ਦਾ ਸੀ। ਉਨ੍ਹਾਂ ਨੇ ਵਿਆਹਾਂ ‘ਤੇ ਕੀਤੇ ਜਾਂਦੇ ਖਰਚੇ ਨੂੰ ਘਟਾਇਆ ਤੇ ਕੁੜੀਆਂ ਨੂੰ ਵਾਪਸ ਉਨ੍ਹਾਂ ਦੇ ਸੁਹਰੇ ਘਰ ਬਸਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਗੰਭੀਰ ਸਮਾਜਿਕ ਮਸਲੇ ਚੁੱਕੇ। ਜਿਸ ਕਾਰਨ ਉਨ੍ਹਾਂ ਨਾਲ ਲੋਕਾਂ ਦਾ ਵੱਡਾ ਇਕੱਠ ਜੁੜ ਗਿਆ। ਉਨ੍ਹਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸੈਂਟਰ ਸਰਕਾਰ ਨੇ ਖੂਫੀਆਂ ਏਜੰਸੀਆਂ ਦੇ ਰਾਹੀਂ ਆਪਣੇ ਬੰਦੇ ਮੋਰਚੇ ‘ਚ ਛੱਡ ਦਿੱਤੇ। ਜਿਸ ਤੋਂ ਬਾਅਦ ਬਹੁਤ ਵੱਡਾ ਕਤਲੇਆਮ ਹੋਇਆ। ਇਸ ‘ਚ ਅਕਾਲੀਆਂ ਤੇ ਜਿਨ੍ਹਾਂ ਨੌਜਵਾਨਾਂ ਨੂੰ ਖਾੜਕੂ ਕਿਹਾ ਜਾਂਦਾ ਸੀ ਉਨ੍ਹਾਂ ਦਾ ਕਸੂਰ ਨਹੀਂ ਸੀ। ਖੂਫੀਆਂ ਏਜੰਸੀਆਂ ਹਮੇਸ਼ਾ ਮੋਰਚਿਆਂ ‘ਚ ਦਖਲ ਦਿੰਦੀਆਂ ਹਨ। ਉਸ ਤੋਂ ਬਾਅਦ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਤੇ ਟੌਹੜਾ ਸਾਹਬ ਸਾਰੇ ਇਕੱਠੇ ਹੋ ਗਏ ਤੇ ਅੰਦਰ ਖਾਤੇ ਸੈਂਟਰ ਸਰਕਾਰ ਨਾਲ ਮਿਲ ਗਏ। ਕਿਹਾ ਜਾਂਦਾ ਹੈ ਕਿ ਇਨ੍ਹਾਂ ਸਭ ਦੀ ਸਹਿਮਤੀ ਨਾਲ ਹੀ ਹਰਮਿੰਦਰ ਸਾਹਿਬ ‘ਤੇ ਹਮਲਾ ਹੋਇਆ ਤੇ ਨੌਜਵਾਨਾਂ ਦੀ ਮੁਹਿੰਮ ਫੇਲ੍ਹ ਹੋ ਗਈ।
ਦੂਜੇ ਪਾਸੇ ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਜਦੋਂ ਵੀ ਇਸ ਦਾ ਹੱਲ ਹੋਣਾ ਹੈ ਤਾਂ ਸਮਝੋਤੇ ਨਾਲ ਹੋਣਾ ਹੈ। ਪੰਜਾਬ ਸਰਕਾਰ ਵੱਲੋਂ ਇਰੀਗੇਸ਼ਨ ਵਿਭਾਗ ਨੂੰ ਕੋਈ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਜਾਂਦੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੀਂਹ ਤੇ ਹੜ੍ਹਾਂ ਦੇ ਪਾਣੀ ਨੂੰ ਕਿਸੇ ਥਾਂ ‘ਤੇ ਇਕੱਠਾ ਕਰੇ ਤਾਂ ਜੋ ਲੋੜ ਪੈਣ ਤੇ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਦੂਜਾ ਜੇਕਰ ਘੱਗਰ ‘ਤੇ ਡੈਮ ਬਣਾਇਆ ਜਾਵੇ ਤਾਂ ਇਸ ਨਾਲ ਪਾਤੜਾਂ, ਘਨੌਰ ਤੇ ਸਨੌਰ ਦੇ ਇਲਾਕਿਆਂ ‘ਚ ਫਸਲਾਂ ਬਰਬਾਦ ਹੋਣ ਤੋਂ ਬਚ ਜਾਣਗੀਆਂ ਤੇ ਦੂਜਾ ਉਹ ਪਾਣੀ ਸਾਡੇ ਕੰਮ ਆਵੇਗਾ। ਪਰ ਇਹ ਸਭ ਕੁਝ ਸਰਕਾਰਾਂ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ।
ਸਵਾਲ : 1977 ਚੌਧਰੀ ਦੇਵੀ ਲਾਲ ਵੱਲੋਂ ਵਿਧਾਨ ਸਭਾ ‘ਚ ਬਾਦਲ ਸਾਹਬ ਲਈ ਧੰਨਵਾਦ ਮਤਾ ਪੇਸ਼ ਕੀਤਾ ਜਾਂਦਾ ਤੇ 1982 ‘ਚ ਬਾਦਲ ਸਾਹਬ ਵੱਲੋਂ ਹੀ ਐੱਸਵਾਈਐੱਲ ਦਾ ਵਿਰੋਧ ਕੀਤਾ ਜਾਂਦਾ। ਕੀ ਉਨ੍ਹਾਂ ਨੇ ਇਸ ‘ਤੇ ਦੋਗਲੀ ਨੀਤੀ ਅਪਣਾਈ?
ਜਵਾਬ : ਮੈਂ 33 ਸਾਲ ਸਿਆਸਤਦਾਨਾਂ ਨਾਲ ਕੰਮ ਕੀਤਾ ਹੈ ਤੇ ਮੈਂ ਸਾਰੇ ਮੁਖ-ਮੰਤਰੀਆਂ ਨੂੰ ਬਹੁਤ ਨੇੜਿਓ ਵੇਖਿਆ ਹੈ। ਇਹ ਸਿਆਸਤਦਾਨ ਸਿਰਫ ਆਪਣੀ ਕੁਰਸੀ ਭਾਵ ਅਹੁਦਾ ਬਚਾਉਣ ਲਈ ਸਿਆਸਤ ਕਰਦੇ ਹਨ ਤੇ ਇਨ੍ਹਾਂ ਨੂੰ ਆਮ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਇੱਕ ਪਾਸੇ ਤਾਂ ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਆਪਣੀ ਦੋਸ਼ਤੀ ਰੱਖਦੇ ਹਨ ਤੇ ਦੂਜੇ ਪਾਸੇ ਇੱਕ ਰਾਜ ਦੇ ਹੱਕ ਦੂਜੇ ਰਾਜ ਨੂੰ ਵੇਚਦੇ ਹਨ। ਇਹ ਸਿਰਫ ਇੱਕ ਸਿਆਸਤਦਾਨ ਦਾ ਨਹੀਂ ਬਲਕਿ ਸਾਰੇ ਸਿਆਸਤਦਾਨਾਂ ਦਾ ਦੋਗਲਾਪਨ ਹੈ। ਇਨ੍ਹਾਂ ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ।
ਸਵਾਲ : ਕੈਪਟਨ ਅਮਰਿੰਦਰ ਸਿੰਘ ਵੱਲੋਂ 1982 ‘ਚ ਉਦਘਾਟਨ ਮੌਕੇ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਤੇ ਉਨ੍ਹਾਂ ਵੱਲੋਂ ਹੀ 2004 ‘ਚ ਟਰਮੀਨੇਸ਼ਨ ਐਕਟ ਦਾ ਮਤਾ ਪਾਇਆ ਜਾਂਦਾ, ਅਜਿਹਾ ਕਿਉਂ?
ਜਵਾਬ : ਕੈਪਟਨ ਅਮਰਿੰਦਰ ਸਿੰਘ ਬਾਰੇ ਕੁਝ ਹੱਦ ਤੱਕ ਅਜਿਹਾ ਕਿਹਾ ਜਾ ਸਕਦਾ ਕਿਉਂਕਿ ਕੈਪਟਨ ਸਾਹਬ ਸਿਆਸਤ ‘ਚ ਨਵੇਂ ਨਵੇਂ ਆਏ ਸਨ। ਉਹ 1980 ‘ਚ ਪਹਿਲੀ ਵਾਰ ਲੋਕ ਸਭਾ ਦੇ ਮੈਂਬਰ ਬਣੇ। ਬਾਦਲ ਸਾਹਬ ਇੱਕ ਡੂੰਘੇ ਸਿਆਸਤਦਾਨ ਨੇ ਜਦਕਿ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਫੈਸਲਾ ਤੇ ਕੋਈ ਵੀ ਗੱਲ ਸਪਸ਼ਟ ਮੂੰਹ ‘ਤੇ ਕਰਦੇ ਹਨ ਤੇ ਆਪਣੇ ਅੰਦਰ ਦੋਗਲਾਪਣ ਨਹੀਂ ਰੱਖਦੇ। ਉਹ ਉਸ ਸਮੇਂ ਬਿਲਕੁਲ ਅਣਜਾਣ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਲੈਣ ਲੱਗਿਆ ਆਪਣੀ ਕੁਰਸੀ ਦੀ ਵੀ ਪਰਵਾਹ ਨਹੀਂ ਕੀਤੀ।
ਸਵਾਲ : 1982 ‘ਚ ਅਫਸਰਾਂ ਵੱਲੋਂ ਕਿਸ ਤਰ੍ਹਾਂ ਅਕਾਲੀਆਂ ਤੇ ਕਮਿਊਨਿਸਟਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ?
ਜਵਾਬ : ਉਸ ਸਮੇਂ ਅਫਸਰਾਂ ਵੱਲੋਂ ਕਿਸੇ ਨੂੰ ਵੀ ਮੋਰਚੇ ‘ਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ। ਅਫਸਰਸ਼ਾਹੀ ਵੀ ਸਿਆਸਤਦਾਨਾਂ ਤੋਂ ਲਾਭ ਲੈਣ ਲਈ ਉਨ੍ਹਾਂ ਨਾਲ ਤਾਲਮੇਲ ਰੱਖਦੇ ਹਨ। ਸਿਆਸਤਦਾਨਾਂ ਨਾਲੋਂ ਅਫਸਰਸ਼ਾਹੀ ਜ਼ਿਆਦਾ ਰੌਲ ਅਦਾ ਕਰਦੀ ਹੈ।
ਸਵਾਲ : 1982 ‘ਚ ਜਦੋਂ ਸ੍ਰੀਮਤੀ ਗਾਂਧੀ ਵੱਲੋਂ ਘਨੌਰ ਵਿਖੇ ਰੈਲੀ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਲੋਕਾਂ ‘ਤੇ ਲਾਠੀਚਾਰਜ ਵੀ ਕੀਤਾ ਜਾਂਦਾ। ਉਸ ਸਮੇਂ ਅਫਸਰਸ਼ਾਹੀ ਕੀ ਕਰ ਰਹੀ ਸੀ?
ਜਵਾਬ : ਉਸ ਸਮੇਂ ਸਰਕਾਰ ਵੱਲੋਂ ਲੋਕਾਂ ਨੂੰ ਕਪੂਰੀ ਵੱਲ ਜਾਣ ਤੋਂ ਰੋਕਿਆ ਗਿਆ ਸੀ। ਇਹ ਸਿਆਸਤਦਾਨ ਬਹੁਤ ਸ਼ੈਤਾਨ ਹੁੰਦੇ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਭਾਵੁਕ ਕਰਕੇ ਉਨ੍ਹਾਂ ਦਾ ਫਾਇਦਾ ਉਠਾਇਆ ਜਾਂਦਾ ਹੈ। ਉਸ ਸਮੇਂ ਸਿਆਸਤਦਾਨਾਂ ਦੀ ਨਿਅਤ ਸਾਫ ਨਹੀਂ ਸੀ ਉਨ੍ਹਾਂ ਨੇ ਆਪਣੀ ਸਾਖ ਨੂੰ ਬਚਾਉਣ ਲਈ ਹੀ ਪ੍ਰੋਟੈਸਟ ਕੀਤਾ ਸੀ। ਲਾਠੀਆਂ ਖਾਣਾ ਤੇ ਜੇਲ੍ਹਾਂ ‘ਚ ਜਾਣਾ ਤਾਂ ਸਿਆਸਤਦਾਨਾਂ ਦਾ ਮੁਖ ਗੁਣ ਹੁੰਦਾ। ਦੂਜੀ ਗੱਲ ਮੌਕੇ ਦੀ ਸਰਕਾਰ ਦਾ ਉਸ ਸਮੇਂ ਇਹ ਹੁਕਮ ਸੀ ਕਿ ਟੌਹੜਾ ਸਾਹਬ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਤੇ ਜਦੋਂ ਟੌਹੜਾ ਸਾਹਬ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਸ ਸਮੇਂ ਦੇ ਗ੍ਰਹਿ-ਮੰਤਰੀ ਅਮੀਰਕ ਸਿੰਘ ਪੋਨੀ ਵੱਲੋਂ ਡੀਸੀ ਰਾਜੂ ਨੂੰ ਫੋਨ ਕਰਕੇ ਕਿਹਾ ਜਾਂਦਾ ਕਿ ਟੌਹੜਾ ਸਾਹਬ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ? ਉਸ ਸਮੇਂ ਮੈਨੂੰ ਰਾਤ ਨੂੰ 12 ਵਜੇਂ ਪ੍ਰੈਸ ਲੈ ਕੇ ਆਉਣ ਲਈ ਕਿਹਾ ਜਾਂਦਾ। ਜਿਸ ਤੋਂ ਬਾਅਦ ਡੀਸੀ ਰਾਜੂ ਦੇ ਘਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਅਸਲ ‘ਚ ਇਹ ਲੀਡਰ ਅੰਦਰ ਖਾਤੇ ਇੱਕ-ਦੂਜੇ ਨਾਲ ਮਿਲੇ ਹੁੰਦੇ ਹਨ ਤੇ ਸਰਕਾਰ ਨਾਲ ਇਨ੍ਹਾਂ ਦਾ ਪੂਰਾ ਤਾਲਮੇਲ ਹੁੰਦਾ।
ਸਵਾਲ : ਅਕਾਲੀਆਂ ਦੇ ਹੋਰ ਕਿਹੜੇ ਲੀਡਰ ਸਨ ਜਿਨ੍ਹਾਂ ਦਾ ਭਾਸ਼ਣ ਲੋਕਾਂ ‘ਤੇ ਬਹੁਤ ਪ੍ਰਭਾਵਸ਼ਾਲੀ ਰਿਹਾ?
ਜਵਾਬ : ਉਨ੍ਹਾਂ ਦਿਨਾਂ ‘ਚ ਟੌਹੜਾ ਸਾਹਬ ਤੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਸ਼ਣ ਬਹੁਤ ਪ੍ਰਭਾਵਸ਼ਾਲੀ ਸੀ ਜਿਸ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਬਾਦਲ ਸਾਹਬ ਦਾ ਭਾਸ਼ਣ ਕੋਈ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹੁੰਦਾ ਸੀ। ਭਾਸ਼ਣ ‘ਚ ਵੀਰਦਵਿੰਦਰ ਸਿੰਘ ਜੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।
ਸਵਾਲ : ਸ੍ਰੀਮਤੀ ਗਾਂਧੀ ਨੇ ਉਸ ਸਮੇਂ ਕੀ ਭਾਸ਼ਣ ਦਿੱਤਾ। ਕੀ ਉਨ੍ਹਾਂ ਵੱਲੋਂ 8 ਅਪ੍ਰੈਲ 1982 ਨੂੰ ਘਨੌਰ ਹਲਕੇ ਲਈ ਕੋਈ ਖਾਸ ਘੋਸ਼ਣਾ ਕੀਤੀ ਗਈ?
ਜਵਾਬ : ਸ੍ਰੀਮਤੀ ਗਾਂਧੀ ਵੱਲੋਂ ਉਸ ਸਮੇਂ ਕੋਈ ਭੜਕਾਊ ਭਾਸ਼ਣ ਨਹੀਂ ਦਿੱਤਾ ਗਿਆ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦਾ ਪੰਜਾਬ ਤੇ ਹਰਿਆਣਾ ਦੋਵੇਂ ਰਾਜਾਂ ਨੂੰ ਲਾਭ ਹੋਵੇਗਾ। ਐੱਸਵਾਈਐੱਲ ਦੇ ਉਦਘਾਟਨ ਲਈ ਸ੍ਰੀਮਤੀ ਗਾਂਧੀ ਹੈਲੀਕਾਪਟਰ ਰਾਹੀਂ ਦੁਪਿਹਰ 1 ਵਜੇ ਉੱਥੇ ਪਹੁੰਚੇ ਸਨ।
ਅੱਜ ਵੀ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ। ਪਰ ਫਿਰ ਵੀ ਲੀਡਰਾਂ ਵੱਲੋਂ ਐੱਸਵਾਈਐੱਲ ਦਾ ਮੁੱਦਾ ਉਭਾਰਿਆ ਜਾਂਦਾ ਹੈ। ਅੱਜ ਜਾਂ ਕੱਲ ਇਸ ਲਈ ਸਮਝੋਤਾ ਹੋਣਾ ਹੀ ਹੈ।
ਬਾਦਲ ਸਰਕਾਰ ਵੱਲੋਂ ਵੀ ਐੱਸਵਾਈਐੱਲ ਲਈ ਐਕਵਾਇਰ ਕੀਤੀ ਗਈ ਜ਼ਮੀਨ ‘ਤੇ ਦੁਬਾਰਾ ਖੇਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੋ ਬੇਬੁਨਿਆਦੀ ਸੀ। ਕਿਉਂਕਿ ਸੁਪਰੀਮ ਕੋਰਟ ਵੱਲੋਂ ਸਟੇਟ-ਕੋ ਦਾ ਆਡਰ ਦਿੱਤਾ ਗਿਆ ਹੈ ਜਿਸ ਕਾਰਨ ਉੱਥੇ ਕੁਝ ਨਹੀਂ ਕੀਤਾ ਜਾ ਸਕਦਾ।
https://www.youtube.com/watch?v=Iw1AYWRSf-8