ਕਿਸ ਵਿਗਿਆਨੀ ਦੀ ਧਾਰਨਾ ਸੀ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ

TeamGlobalPunjab
2 Min Read

-ਅਵਤਾਰ ਸਿੰਘ

ਮਹਾਨ ਚਿੰਤਕ ਆਰੀਆ ਭੱਟ ਭਾਰਤ ਦਾ ਪਹਿਲਾ ਵਿਗਿਆਨੀ ਸੀ ਜਿਸ ਨੇ ਇਹ ਧਾਰਨਾ ਪੇਸ਼ ਕੀਤੀ ਕਿ ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੈ ਅਤੇ ਤਾਰੇ ਆਕਾਸ਼ ਅੰਦਰ ਸਥਿਰ ਹਨ।

ਆਰੀਆ ਭੱਟ ਅਨੁਸਾਰ ਧਰਤੀ ਦੀ ਇੱਕ ਪਰਿਕਰਮਾ ਗਤੀ ਦਾ ਸਮਾਂ 23 ਘੰਟੇ, 56 ਮਿੰਟ ਅਤੇ 4 ਸੈਕਿੰਡ ਹੈ। ਪਰ ਆਰੀਆ ਭੱਟ ਨੇ ਇਹ ਨਹੀਂ ਕਿਹਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਜੋ ਕਿ ਕਾਪਰਨੀਕਸ ਨੇ 16ਵੀਂ ਸਦੀ ‘ਚ ਜਾ ਕੇ ਕਿਹਾ।

ਆਰੀਆ ਭੱਟ ਦਾ ਜਨਮ 21 ਮਾਰਚ 476 ਈਸਵੀ ਨੂੰ ਹੋਇਆ। ਉਹ ਇਕ ਸਹੀ ਸਿਧਾਂਤਕਾਰ ਤੇ ਕ੍ਰਾਂਤੀਕਾਰੀ ਵਿਚਾਰਕ ਸੀ।

- Advertisement -

ਉਹ ਜੋਤਿਸ਼ ਵਿਦਿਆ ਨਾਲ ਸਹਿਮਤ ਨਹੀਂ ਸੀ। ਉਸ ਨੇ ਦੋ ਕਿਤਾਬਾਂ ਲਿਖੀਆਂ ਪਹਿਲੀ ‘ਆਰੀਆ ਭੱਟੀਈ’ ਤੇ ਦੂਜੀ ਜਿਸ ਦੀ ਜਾਣਕਾਰੀ ਮਿਲਦੀ ਹੈ ਪਰ ਉਪਲਬਧ ਨਹੀਂ, ‘ਆਰੀਆ ਭੱਟ ਸਿਧਾਂਤ’। ਆਰੀਆ ਭੱਟੀਈ (499 ਈਸਵੀ) ਕਿਤਾਬ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।

1 ਗਤਿਕਾ ਪਾਦ 2 ਗਣਿਤ ਪਾਦ 3 ਕਾਲ ਕਿਰਿਆ ਪਾਦ 4 ਗੋਲਾਪਾਦ (ਖਗੋਲ)। ਉਸਦੀ ਵਿਲੱਖਣਤਾ ਇਹ ਸੀ ਕਿ ਉਸਨੇ ਆਪਣਾ ਗਰੰਥ ਕਾਵਿ ਸਲੋਕ ਵਿੱਚ ਲਿਖਿਆ। ਪਹਿਲੇ ਗਿਤਿਕਾ ਪਾਦ ਨੂੰ ਲਿਖਣ ਲਈ ਉਸਨੂੰ ਅੱਖਰਾਂ ਵਿੱਚ ਅੰਕ ਲਿਖਣ ਦੀ ਨਵੀਂ ਵਿਧੀ ਖੋਜਣੀ ਪਈ। ਇਸਦੇ 13 ਸਲੋਕ ਹਨ। ਇਕੋ ਹੀ ਸਲੋਕ ਅੰਦਰ ਆਪਣੀ ਨਵੀਂ ਵਰਣਾਂਕ ਪ੍ਰਣਾਲੀ ਦੀ ਪ੍ਰੀਭਾਸ਼ਾ ਤੇ ਸਾਰੇ ਨਿਯਮ ਪੇਸ਼ ਕਰ ਦਿੱਤੇ।

ਦੂਜੇ ਭਾਗ ਵਿੱਚ ਗਣਿਤਪਾਦ ਦੇ 33 ਸਲੋਕਾਂ ਅੰਦਰ ਵਰਗਮੂਲ, ਘਣਮੂਲ ਦੇ ਨਿਯਮ ਅਤੇ ਸਮਤਲ ਅਕਾਰਾਂ ਦੇ ਖੇਤਰਫਲ ਤੋਂ ਇਲਾਵਾ ਸ਼ੰਕੂ ਦੇ ਗੋਲੇ ਦਾ ਘਣਫਲ ਕੱਢਣ ਦੇ ਸੂਤਰ ਦਰਜ ਹਨ।
ਤੀਜੇ ਭਾਗ ਕਾਲ ਕਿਰਿਆ ਵਿੱਚ ਸੂਰਜੀ ਸਾਲ ਤੇ ਚੰਦਰ ਮਹੀਨੇ ਦੀ ਪ੍ਰੀਭਾਸ਼ਾ ਦਾ ਵਰਨਣ ਹੈ। ਚੌਥੇ ਗੋਲਾਪਾਦ ਅੰਦਰ ਗ੍ਰਹਿਆਂ ਦੀ ਗਤੀ ਬਾਰੇ ਜ਼ਿਕਰ ਹੈ। ਵੈਦਿਕ ਕਾਲ ਵਿੱਚ ਮੰਨਿਆ ਜਾਂਦਾ ਸੀ ਕਿ ਰਾਹੂ ਕੇਤੂ ਰਾਕਸ਼ ਗ੍ਰਹਿਣ ਲਾਉਂਦੇ ਹਨ ਪਰ ਆਰੀਆ ਭੱਟ ਨੇ ਦੱਸਿਆ ਕਿ ਚੰਦਰਮਾ ਦਾ ਪਰਛਾਵਾਂ ਧਰਤੀ ‘ਤੇ ਪੈਂਦਾ ਹੈ ਉਸ ਵੇਲੇ ਸੂਰਜ ਗ੍ਰਹਿਣ ਤੇ ਜਦ ਧਰਤੀ ਦਾ ਪਰਛਾਵਾਂ ਚੰਦਰਮਾ ‘ਤੇ ਪੈਂਦਾ ਤਾਂ ਚੰਦ ਗ੍ਰਹਿਣ ਲਗਦਾ ਹੈ।

ਉਸਨੇ ਪੰਜ ਤੱਤਾਂ ਦੇ ਸਿਧਾਂਤ ਨੂੰ ਵੀ ਰੱਦ ਕੀਤਾ, ਉਸਨੇ ਆਕਾਸ਼ ਨੂੰ ਤੱਤ ਨਹੀਂ ਮੰਨਿਆ ਤੇ ਉਸ ਮੁਤਾਬਿਕ ਧਰਤੀ ਮਿੱਟੀ, ਪਾਣੀ, ਹਵਾ ਤੇ ਅੱਗ ਦੀ ਬਣੀ ਹੋਈ ਹੈ। ਇਸ ਮਹਾਨ ਵਿਗਿਆਨੀ ਆਰੀਆ ਭੱਟ ਦਾ 550 ਈ. ਵਿਚ ਦੇਹਾਂਤ ਹੋ ਗਿਆ।

Share this Article
Leave a comment