ਆਰ.ਐਸ.ਐਸ. ਦਾ ਸਿੱਖ ਵਿਦਿਅਕ ਅਦਾਰਿਆਂ ‘ਚ ਵਧਦਾ ਦਖਲ ਰੋਕਣ ਦੀ ਲੋੜ

TeamGlobalPunjab
7 Min Read

-ਗੁਰਬਚਨ ਸਿੰਘ

ਪੰਜਾਬ ਦੇ ਅਲਬੇਲੇ ਸ਼ਾਇਰ ਪ੍ਰੋ.ਪੂਰਨ ਸਿੰਘ ਨੇ ਕਿਹਾ ਹੈ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਥੇ ਗਿਆਨ ਅਤੇ ਗੁਰਮਤਿ ਫਲਸਫੇ ਦੇ ਸਿਰਮੌਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ। ਗੁਰਮਤਿ ਫਲਸਫੇ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪੰਜਾਬ ਦੇ ਯੋਧੇ ਮਹਾਂਬਲੀ, ਸੂਰਮੇ ਅਤੇ ਦੇਸਭਗਤਾਂ ਅਤੇ ਦਾਨੀਆਂ ਦੇ ਸਦਕਾ ਪੰਜਾਬ ਦਾ ਦੇਸ਼-ਵਿਦੇਸ਼ ‘ਚ ‘ਚਾ ਨਾਂ ਹੈ। ਪੰਜਾਬੀਆਂ ਨੇ ਹਮੇਸ਼ਾ ਸਮਾਜ ਨੂੰ ਬਿਹਤਰ ਬਣਾਉਣ ਲਈ ਪੂਰੀ ਦਰਿਆਦਿਲੀ ਨਾਲ ਦਾਨ ਦਿਤਾ ਹੈ। ਪੰਜਾਬ ਨੂੰ ਸਿਖਿਅਤ ਬਣਾਉਣ ਲਈ ਅਨੇਕ ਵਿਦਵਾਨਾਂ, ਸੰਸਥਾਵਾਂ ਨੇ ਮਹਤਵਪੂਰਨ ਹਿਸਾ ਪਾਇਆ ਹੈ। ਅਨੇਕ ਸੰਸਥਾਵਾਂ ਨੇ ਗੁਰੂਆਂ ਦੇ ਵਿਦਿਆ ਵੀਚਾਰੀ ਤਾ ਪਰਉਪਕਾਰੀ ਦਾ ਸੰਦੇਸ਼ ਫੈਲਾਉਣ ਲਈ ਜੀਅ ਤੋੜ ਉਪਰਾਲੇ ਕੀਤੇ ਹਨ।

ਅਜੋਕੇ ਸਮੇਂ ਵਿਚ ਆਰ.ਐਸ.ਐਸ. ਵਲੋਂ ਸਿਖ ਪੰਥ ਦੇ ਸਿਰਮੌਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਸਮੇਤ ਮਨੁਖਤਾ ਦੀ ਭਲਾਈ ਲਈ ਕਾਰਜਸ਼ੀਲ ਸਾਰੇ ਸਿਖ ਅਦਾਰਿਆਂ, ਸਿਖ ਧਰਮ, ਦਰਸ਼ਨ ਬਾਰੇ ਪ੍ਰਮਾਣਿਕ ਗ੍ਰੰਥਾਂ ਅਤੇ ਪੁਸਤਕਾਂ ਵਿਚ ਪੂਰੀ ਤਰ੍ਹਾਂ ਦਖਲਅੰਦਾਜੀ ਕੀਤੀ ਜਾ ਰਹੀ ਹੈ। ਆਰ.ਐਸ.ਐਸ. ਆਪਣੇ ਗੁਪਤ ਏਜੰਡੇ ਦੇ ਤਹਿਤ ਇਨ੍ਹਾਂ ਸੰਸਥਾਵਾਂ ਵਿਚ ਘੁਸਪੈਠ ਕਰਕੇ ਸਿਧੇ ਜਾਂ ਅਸਿਧੇ ਰੂਪ ਵਿਚ ਕਾਬਜ਼ ਹੋਣਾ ਚਾਹੁੰਦੀ ਹੈ। ਸਿਖ ਧਰਮ ਦੇ ਪ੍ਰਮਾਣਿਕ ਹਵਾਲਾ ਪੁਸਤਕਾਂ ਦੀ ਪੁਨਰ ਛਪਾਈ ਜਾਂ ਸੋਧ ਦੇ ਨਾਂ ਹੇਠ ਉਨ੍ਹਾਂ ਦੇ ਬੁਨਿਆਦੀ ਸੂਤਰਾਂ ਨੂੰ ਢਾਹ ਲਾਈ ਜਾ ਰਹੀ ਹੈ।

ਇਸ ਦੀਆਂ ਮੁਖ ਉਦਾਹਰਣਾਂ ਹੇਠ ਲਿਖੀਆ ਹਨ —

- Advertisement -

ਪ੍ਰਸਿਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਤਿਆਰ ਕੀਤਾ ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਸਿਖ ਇਤਿਹਾਸ, ਸਾਹਿਤ, ਭਾਸ਼ਾ, ਸਭਿਆਚਾਰ, ਗੁਰਦੁਆਰਾ ਸਾਹਿਬ ਦੇ ਸੰਕਲਪਾਂ, ਗੁਰਮਤਿ ਦੇ ਸੰਦੇਸ਼ਾਂ ਦਾ ਇਕੋ ਇਕ ਸਹੀ ਅਤੇ ਪ੍ਰਮਾਣਿਕ ਗ੍ਰੰਥ ਹੈ। ਮਹਾਨ ਕੋਸ਼ ਦੀ ਪ੍ਰਮਾਣਿਕਤਾ ਦਾ ਸਭ ਤੋਂ ਵਡਾ ਸਬੂਤ ਹੈ ਕਿ ਹੁਣ ਤਕ ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਇਤਿਹਾਸ, ਰਾਜਨੀਤੀ ਸ਼ਾਸਤਰ, ਫਿਲਾਸਫੀ, ਪੰਜਾਬੀ, ਅੰਗਰੇਜੀ, ਹਿੰਦੀ ਸੰਸਕ੍ਰਿਤ ਆਦਿ ਅਨੇਕ ਵਿਸ਼ਿਆਂ ਦੇ ਐਮ.ਫਿਲ. ਤੇ ਪੀ. ਐਚ. ਡੀ. ਡਿਗਰੀ ਲਈ ਪੇਸ਼ ਕੀਤੇ ਬਹੁਗਿਣਤੀ ਖੋਜ ਪ੍ਰਬੰਧਾਂ ਵਿਚ ਮਹਾਨ ਕੋਸ਼ ਦੇ ਹਵਾਲੇ ਮਿਲਦੇ ਹਨ।

ਮਹਾਨ ਕੋਸ਼ ਦੀ ਪ੍ਰਮਾਣਿਕਤਾ ਨੂੰ ਸ਼ਕੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਨੂੰ ਸੋਧਣ ਦੇ ਨਾਂ ਹੇਠ ਇਸ ਵਿਚ ਗਲਤ ਐਂਟਰੀਆਂ ਸ਼ਾਮਲ ਕੀਤੀਆਂ ਅਤੇ ਇਸਦੇ ਹਿੰਦੀ ਤੇ ਅੰਗਰੇਜੀ ਅਨੁਵਾਦ ਵਿਚ ਮੂਲ ਸਿਧਾਂਤਾਂ ਨੂੰ ਹੀ ਬਦਲ ਕੇ ਰਖ ਦਿਤਾ। ਜਿਸ ਬਾਰੇ ਗੰਭੀਰ ਵਿਵਾਦ ਖੜਾ ਹੋਇਆ। ਇਹ ਜ਼ਿਕਰਯੋਗ ਹੈ ਕਿ 1930 ਵਿਚ ਮਹਾਰਾਜਾ ਪਟਿਆਲਾ ਨੇ ਇਸ ਨੂੰ ਚਾਰ ਜਿਲਦਾਂ ਵਿਚ ਛਪਵਾਇਆ ਸੀ। ਉਸ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਨੇ ਪਹਿਲੀ ਵਾਰ ਇਸ ਨੂੰ 1960 ਵਿਚ ਛਾਪਿਆ ਤੇ ਪਾਠਕਾਂ ਦੀ ਮੰਗ ਉਤੇ ਅਨੇਕ ਵਾਰ ਇਸਦੀ ਛਪਾਈ ਹੋਈ। ਨਿਰਸੰਦੇਹ ਭਾਸ਼ਾ ਵਿਭਾਗ ਵਲੋਂ ਵੀ ਕੁਝ ਐਂਟਰੀਆਂ ਨਾਲ ਛੇੜਛਾੜ ਹੋਈ, ਜਿਵੇਂ 1974 ਵਾਲੇ ਐਡੀਸ਼ਨ ਵਿਚ ਭਾਟੜਾ ਐਂਟਰੀ ਨੂੰ ਵੇਖਿਆ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਨੇ ਤਾਂ ਸਿਰਾ ਹੀ ਲਾ ਦਿਤਾ। ਉਨ੍ਹਾਂ ਨੇ ਇਸ ਕੋਸ਼ ਦਾ ਪੂਰਾ ਸਰੂਪ ਹੀ ਵਿਗਾੜ ਦਿਤਾ।

ਆਰ.ਐਸ.ਐਸ. ਨਾਲ ਜੁੜੀਆਂ ਸ਼ਕਤੀਆਂ ਦਾ ਇਸ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਸਬੂਤ ਅਨੇਕ ਵਾਰ ਅਖਬਾਰਾਂ ਵਿਚ ਛਪ ਚੁਕੇ ਹਨ। 2.75 ਕਰੋੜ ਰੁਪਏ ਖਰਚ ਕੇ ਯੂਨੀਵਰਸਿਟੀ ਨੇ ਇਸ ਮਹਾਨ ਕੋਸ਼ ਦੀ ਆਭਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ। ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ। ਸਿਖ ਚਿੰਤਕਾਂ ਦੇ ਰੋਸ ਕਾਰਣ ਪੜਤਾਲ ਉਪਰੰਤ ਇਨ੍ਹਾਂ ਦੀ ਵਿਕਰੀ ਉਤੇ ਰੋਕ ਲਾਈ ਗਈ। ਇਹ ਸਿਖ ਪੰਥ ਦੇ ਸਿਧਾਂਤ ਨੂੰ ਢਾਹ ਲਾਉਣ ਦਾ ਇਕ ਵਡਾ ਸਕੈਂਡਲ ਹੈ, ਜਿਸ ਦੀ ਨਿਰਪਖ ਪੜਤਾਲ ਹੋਣੀ ਚਾਹੀਦੀ ਹੈ।

ਇਸ ਪ੍ਰਕਾਰ ਹੀ ਧਨੌਲਾ ਨੇੜੇ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਜਬਰਦਸਤੀ ਸੀ. ਏ. ਏ. ਦੇ ਹਕ ਵਿਚ ਦਸਖਤ ਕਰਵਾਏ ਗਏ। ਅਜਿਹਾ ਆਰ. ਐਸ. ਐਸ. ਨਾਲ ਜੁੜੇ ਵਿਦਿਆ ਭਾਰਤੀ ਸਕੂਲਾਂ ਵਿਚ ਕਰਵਾਇਆ ਗਿਆ। ਇਸ ਬਾਰੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਹਨ। ਇਲਾਕੇ ਦੇ ਚੇਤੰਨ ਵਰਗ ਵਲੋਂ ਰੋਸ ਪ੍ਰਗਟ ਕਰਨ ਤੇ ਪ੍ਰਬੰਧਕਾਂ ਨੂੰ ਮਾਫੀ ਮੰਗਣੀ ਪਈ ਪਰ ਸਰਕਾਰ ਵਲੋਂ ਹਾਲੇ ਤਕ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਆਰ. ਐਸ. ਐਸ. ਦੀ ਸਿਖਿਆ ਅਦਾਰਿਆਂ ਵਿਚ ਦਖਲਅੰਦਾਜੀ ਦੀ ਤਾਜ਼ਾ ਮਿਸਾਲ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪਥਰ ਰਖਣ ਵਾਲੇ ਵੀਹਵੀਂ ਸਦੀ ਦੇ ਮਹਾਨ ਸੰਤ ਅਤਰ ਸਿੰਘ ਮਸਤੂਆਣਾ ਜੀ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਨੂੰ ਢਾਹ ਲਾਉਣ ਲਈ ਇਸ ਦੇ ਕਾਰਕੁੰਨਾਂ ਵਲੋਂ ਸਿਧੇ ਢੰਗ ਨਾਲ ਚਲਾਈ ਜਾ ਰਹੀ ਮੁਹਿੰਮ ਹੈ। ਇਹ ਜ਼ਿਕਰਯੋਗ ਹੈ ਕਿ ਇਹ ਕਾਲਜ 1970 ਵਿਚ ਤਤਕਾਲੀ ਬਿਜਲੀ ਤੇ ਸਿੰਜਾਈ ਮੰਤਰੀ ਸ. ਗੁਰਬਖਸ਼ ਸਿੰਘ ਸਿਬੀਆ ਨੇ ਸਥਾਪਤ ਕੀਤਾ ਸੀ। ਇਸ ਪਛੜੇ ਇਲਾਕੇ ਵਿਚ ਉਦੋਂ ਲੜਕੀਆਂ ਦੀ ਵਿਦਿਆ ਦਾ ਕੋਈ ਵੀ ਕਾਲਜ ਨਹੀਂ ਸੀ। ਪ੍ਰਿੰ. ਸੁਰਜੀਤ ਸਿੰਘ ਗਾਂਧੀ ਤੇ ਪ੍ਰਿੰ. ਸਵਰਾਜ ਕੌਰ ਜੀ ਦੀ ਦੀ ਮਿਹਨਤ ਸਦਕਾ ਇਹ ਪੰਜਾਬ ਦੀ ਨਾਮਵਰ ਸੰਸਥਾ ਬਣ ਗਿਆ। ਜਿਥੇ ਸਿਖਿਆ ਦੇ ਨਾਲ ਲੜਕੀਆਂ ਦੇ ਚਰਿਤਰ ਨਿਰਮਾਣ ਲਈ ਨੈਤਿਕ ਸਿਖਿਆ ਵੀ ਮੁਹਈਆ ਕਰਵਾਈ ਜਾ ਰਹੀ ਹੈ। ਕਾਲਜ ਵਿਚ ਬੀ. ਕਾਮ., ਬੀ. ਸੀ. ਏ., ਬੀ.ਵਾਕ., ਐਮ. ਐਸ. ਸੀ. ਆਈ. ਟੀ., ਪੀ.ਜੀ.ਡੀ.ਸੀ.ਏ. ਦੇ ਕੋਰਸ ਬਹੁਤ ਚੰਗੀ ਤਰ੍ਹਾਂ ਚਲ ਰਹੇ ਹਨ। ਬੀ. ਏ. ਵਿਚ ਵਿਦਿਆਰਥੀਆਂ ਦਾ ਰੁਝਾਨ ਘਟ ਜਾਣ ਕਾਰਣ ਬਚਿਆਂ ਦੇ ਦਾਖਲੇ ਘਟ ਹੋ ਰਹੇ ਹਨ, ਇਸ ਲਈ ਪ੍ਰਬੰਧਕਾਂ ਨੇ ਸਰਕਾਰੀ ਸਿਖਿਆ ਨੀਤੀ ਅਨੁਸਾਰ ਕੋਰਸਾਂ ਦੇ ਪੁਨਰਗਠਨ ਦੀ ਕਿਰਿਆ ਕਾਨੂੰਨੀ ਢੰਗ ਨਾਲ ਆਰੰਭ ਕੀਤੀ ਹੈ। ਇਸ ਲਈ ਮੈਨੈਜਮੈਂਟ ਪੂਰੀ ਤਰ੍ਹੀ ਅਧਿਕਾਰਤ ਹੈ। ਕਿਉਂਕਿ ਅਜੋਕੀਆਂ ਹਾਲਤਾਂ ਵਿਚ ਸਰਕਾਰ ਵਲੋਂ ਵਿਦਿਅਕ ਕੋਰਸਾਂ, ਸਿਲੇਬਸਾਂ ਅਤੇ ਸੰਸਥਾਵਾਂ ਦੇ ਢਾਂਚੇ ਨੂੰ ਨਵਾਂ ਰੂਪ ਦੇਣ ਦੇ ਕਾਰਜ ਕੀਤੇ ਜਾ ਰਹੇ ਹਨ। ਸਰਕਾਰ ਦੀ ਇਸ ਨੀਤੀ ਦੇ ਅਧੀਨ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਵਿਚ ਵੀ ਕੋਰਸਾਂ ਦਾ ਪੁਨਰਗਠਨ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਸੰਗਰੂਰ ਦੇ ਪਛੜੇ ਤੇ ਪੇਂਡੂ ਇਲਾਕਾਈ ਲੋੜਾਂ ਦੇ ਮੁਤਾਬਿਕ ਉਚ ਵਿਦਿਅਕ ਮਾਪਦੰਡਾਂ ਦੇ ਅਨੁਸਾਰ ਤਿਆਰ ਕੀਤੀ ਗਈ ਹੈ, ਤਾਂ ਜੋ ਪੇਂਡੂ ਦਲਿਤ, ਗਰੀਬ ਤੇ ਸਿਖ ਪਰਿਵਾਰਾਂ ਦੀਆਂ ਲੜਕੀਆਂ ਉਚ ਮਿਆਰੀ ਸਿਖਿਆ ਹਾਸਲ ਕਰਕੇ ਸੰਤ ਅਤਰ ਸਿੰਘ ਜੀ ਦੇ ਸੰਕਲਪਾਂ ਅਨੁਸਾਰ ਆਪਣੇ ਪੈਰ੍ਹਾਂ ਉਤੇ ਖੜ੍ਹੀਆਂ ਹੋ ਸਕਣ ਅਤੇ ਕਾਲਜ ਕਰੋੜਾਂ ਰੁਪਏ ਦੇ ਘਾਟੇ ਵਿਚੋਂ ਉਭਰ ਸਕੇ। ਪਰ ਇਸ ਤੋਂ ਚਿੜ੍ਹ ਕੇ ਆਰ. ਐਸ. ਐਸ. ਨਾਲ ਜੁੜੇ ਤਤਾਂ, ਸਿਖਿਆ ਤੇ ਭੋਂਅ ਮਾਫੀਆ ਅਤੇ ਸਵਾਰਥੀ ਅਨਸਰਾਂ ਨੇ ਮਿਲ ਕੇ ਇਕ ਸਾਜਿਸ਼ੀ ਮੁਹਿੰਮ ਆਰੰਭੀ ਹੋਈ ਹੈ। ਇਸ ਨੂੰ ਵਿਵਾਦਤ ਅਤੇ ਭ੍ਰਿਸ਼ਟ ਅਧਿਕਾਰੀ ਆਪਣੇ ਨਿਜੀ ਹਿਤਾਂ ਦੀ ਪੂਰਤੀ ਲਈ ਹਲਾਸ਼ੇਰੀ ਦੇ ਰਹੇ ਹਨ ਤਾਂ ਜੋ ਇਸ ਸੰਸਥਾ ਉਤੇ ਕਬਜਾ ਕੀਤਾ ਜਾ ਸਕੇ। ਇਸ ਲਈ ਪੰਜਾਬ ਦੇ ਵਿਰਸੇ, ਸਿਖ ਧਰਮ ਅਤੇ ਇਤਿਹਾਸ ਲਈ ਅਜਿਹੀ ਖਤਰਨਾਕ ਮੁਹਿੰਮ ਦਾ ਜ਼ੋਰਦਾਰ ਵਿਰੋਧ ਕਰਨ ਲਈ ਸੰਤ ਅਤਰ ਸਿੰਘ ਜੀ ਦੀ ਵਿਚਾਰਧਾਰਾ ਦੇ ਮੁਦਈਆਂ ਅਤੇ ਗੁਰਮਤਿ ਆਸ਼ੇ ਨੂੰ ਸਮਰਪਿਤ ਵਿਦਵਾਨਾਂ ਨੂੰ ਅਗੇ ਆਉਣਾ ਚਾਹੀਦਾ ਹੈ ਤਾਂ ਜੋ ਆਰ. ਐਸ. ਐਸ. ਦੇ ਪੰਜਾਬ, ਸਿਖ ਤੇ ਸਿਖੀਮਾਰੂ ਰੁਝਾਨਾਂ ਨੂੰ ਰੋਕਿਆ ਜਾ ਸਕੇ।

- Advertisement -
Share this Article
Leave a comment