ਕੌਮਾਂਤਰੀ ਸੂਚਨਾ ਪਹੁੰਚ ਦਿਵਸ: ਜਾਗਰੂਕ ਲੋਕ ਹੀ ਲਿਆ ਸਕਦੇ ਮੁਲਕ ਵਿੱਚ ਵੱਡੇ ਸੁਧਾਰ

TeamGlobalPunjab
3 Min Read

-ਪ੍ਰੋ .ਪਰਮਜੀਤ ਸਿੰਘ ਨਿੱਕੇ ਘੁੰਮਣ;

ਕੋਈ ਵੇਲਾ ਸੀ ਜਦੋਂ ਸਰਕਾਰੀ ਅਫ਼ਸਰਾਂ, ਮੰਤਰੀਆਂ ਜਾਂ ਕਰਮਚਾਰੀਆਂ ਵੱਲੋਂ ਝੂਠੇ-ਸੱਚੇ ਦਸਤਾਵੇਜ਼ ਲਗਾ ਕੇ ਵੱਡੇ ਘਪਲੇ ਕਰ ਲਏ ਜਾਂਦੇ ਸਨ ਤੇ ਕਿਸੇ ਨੂੰ ਕੰਨੋ-ਕੰਨ ਖ਼ਬਰ ਵੀ ਨਹੀਂ ਹੁੰਦੀ ਸੀ ਤੇ ਕੋਈ ਵਿਅਕਤੀ ਸਰਕਾਰੀ ਫ਼ਾਈਲਾਂ ਜਾਂ ਦਸਤਵੇਜ਼ਾਂ ਤੱਕ ਪੰਹੁਚ ਨਾ ਹੋਣ ਕਰਕੇ ਸੱਚ ਨਹੀਂ ਜਾਣ ਪਾਉਂਦਾ ਸੀ ਪਰ ਦੁਨੀਆਂ ਵਿੱਚ ਸੂਚਨਾ ਪ੍ਰਾਪਤੀ ਦਾ ਹੱਕ ਮਿਲਣ ਕਰਕੇ ਆਮ ਲੋਕਾਂ ਦੀ ਪਹੁੰਚ ਸਰਕਾਰੀ ਜਾਣਕਾਰੀਆਂ ਤੱਕ ਹੋਣ ਲੱਗ ਪਈ ਤੇ ਸਰਕਾਰੀ ਤੰਤਰ ਦੀਆਂ ਖ਼ਾਮੀਆਂ ਜਗ-ਜ਼ਾਹਿਰ ਹੋਣ ਲੱਗ ਪਈਆਂ ਤੇ ਕਈ ਕਾਲੀਆਂ ਭੇਡਾਂ ਕਾਨੂੰਨ ਦੇ ਸ਼ਿਕੰਜੇ ‘ਚ ਆਉਣ ਲੱਗ ਪਈਆਂ।

ਭਾਰਤ ਵਿੱਚ ਅਜੋਕੇ ‘ਸੂਚਨਾ ਦਾ ਅਧਿਕਾਰ’ ਦਾ ਆਗਮਨ ਸੰਨ 2005 ਵਿੱਚ ਹੋਇਆ ਸੀ ਜਦੋਂ ਕਿ ਇਸ ਤੋਂ ਪਹਿਲਾਂ ‘ ਸੂਚਨਾ ਦਾ ਅਧਿਕਾਰ-2002’ ਹੋਂਦ ਵਿੱਚ ਸੀ। ਇਹ ਕਾਨੂੰਨ ਸੂਚਨਾ ਤੱਕ ਆਮ ਲੋਕਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਹੋਂਦ ਵਿੱਚ ਲਿਆਂਦਾ ਗਿਆ ਸੀ। ਜਿੱਥੋਂ ਤੱਕ ਸੰਯੁਕਤ ਰਾਸ਼ਟਰ ਸੰਘ ਦਾ ਸਬੰਧ ਹੈ ੳੁੱਥੇ ਇਹ ਦੱਸਣਾ ਬਣਦਾ ਹੈ ਕਿ ਉਕਤ ਅਧਿਕਾਰ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਸ਼ਾਖ਼ਾ ਯੂਨੈਸਕੋ ਵੱਲੋਂ ਆਪਣੀ ਆਮ ਸਭਾ ਵਿੱਚ ਪਹਿਲਾਂ ਇਸਨੂੰ ‘ ਸੂਚਨਾ ਤੱਕ ਪੰਹੁਚ ’ਦਾ ਨਾਂ ਦਿੱਤਾ ਗਿਆ ਸੀ ਤੇ ਸੰਨ 2016 ਦੀ 28 ਸਤੰਬਰ ਨੂੰ ਇਹ ਦਿਵਸ ਪਹਿਲੀ ਵਾਰ ਮਨਾਇਆ ਗਿਆ ਸੀ। ਉਂਜ ਦੁਨੀਆਂ ਭਰ ਵਿੱਚ ਇਹ ਦਿਵਸ ਸੰਨ 2002 ਤੋਂ ਹੀ ‘ ਜਾਣਨ ਦਾ ਕੌਮਾਂਤਰੀ ਦਿਵਸ’ ਸਿਰਲੇਖ ਹੇਠ ਮਨਾਇਆ ਜਾਂਦਾ ਸੀ। ਯੂਨੈਸਕੋ ਵੱਲੋਂ ਸ਼ੁਰੂ ਕੀਤੇ ‘ ਸੂਚਨਾ ਤੱਕ ਪਹੁੰਚ ਦਾ ਕੌਮਾਂਤਰੀ ਦਿਵਸ ’ ਸਬੰਧੀ ਚਰਚਾ ਸਭ ਤੋਂ ਪਹਿਲਾਂ ‘ ਅਫ਼ਰੀਕਨ ਸਿਵਲ ਸੁਸਾਇਟੀ ਗਰੁੱਪ’ ਨੇ ਕੀਤੀ ਸੀ ਜਿਸਦਾ ਮੁੱਖ ਮਕਸਦ ਸੂਚਨਾ ਜਾਂ ਜਾਣਕਾਰੀ ਸਬੰਧੀ ਪਾਰਦਰਸ਼ਤਾ ਲਿਆਉਣਾ ਸੀ।

ਇਸ ਸਾਲ 28 ਅਤੇ 29 ਸਤੰਬਰ ਨੂੰ ਇਸ ਸਬੰਧ ਵਿੱਚ ਦੋ ਰੋਜ਼ਾ ‘ ਗਲੋਬਲ ਕਮੈਮੋਰੇਟਿਵ ਈ-ਕਾਨਫ਼ਰੰਸ ’ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਇਹ ਚਰਚਾ ਕੀਤੀ ਜਾਵੇਗੀ ਕਿ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਸੁਚੱਜੀ ਰਾਖੀ ਹਿੱਤ ਵਧੀਆ ਢੰਗ ਨਾਲ ਬਣੇ ਅਤੇ ਸਖ਼ਤੀ ਤੇ ਪਾਰਦਰਸ਼ਤਾ ਨਾਲ ਲਾਗੂ ਕੀਤੇ ਸੂਚਨਾ ਦੇ ਅਧਿਕਾਰ ਦੀ ਪੂਰੀ ਦੁਨੀਆਂ ਨੂੰ ਭਾਰੀ ਜ਼ਰੂਰਤ ਹੈ। ਉਂਜ ਇਹ ਮੰਨਿਆ ਜਾਂਦਾ ਹੈ ਕਿ ਚੰਗੀ ਤਰ੍ਹਾਂ ਜਾਣਕਾਰ ਨਾਗਰਿਕ ਹੀ ਚੰਗੇ ਫ਼ੈਸਲੇ ਲੈ ਕੇ ਚੰਗਾ ਰਾਸ਼ਟਰ ਨਿਰਮਿਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ ਤੇ ਜਾਣਕਾਰੀ ਜਾਂ ਸੂਚਨਾ ਪ੍ਰਾਪਤ ਕਰਨ ਦਾ ਹੱਕ ਦੁਨੀਆਂ ਦੇ ਹਰੇਕ ਸ਼ਖ਼ਸ ਨੂੰ ਹਾਸਿਲ ਹੋਣਾ ਚਾਹੀਦਾ ਹੈ। ਚੇਤੇ ਰਹੇ ਕਿ ਭਾਰਤ ਵਿੱਚ ‘ ਸੂਚਨਾ ਦਾ ਅਧਿਕਾਰ’ ਕੋਈ ‘ ਮੂਲ ਅਧਿਕਾਰ’ ਨਹੀਂ ਹੈ ਸਗੋਂ ਇਹ ਤਾਂ ‘ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ’ ਦਾ ਹੀ ਇੱਕ ਹਿੱਸਾ ਹੈ। ਇਸ ਅਧਿਕਾਰ ਪ੍ਰਤੀ ਜੇਕਰ ਜਨਤਾ ਸੁਚੱਜੇ ਢੰਗ ਨਾਲ ਜਾਗਰੂਕ ਹੋ ਜਾਵੇ ਤੇ ਕਿਸੇ ਵੀ ਮੁਲਕ ਦਾ ਢਾਂਚੇ ਵਿੱਚ ਵੱਡੇ ਪਰਿਵਰਤਨ ਲਿਆਂਦੇ ਜਾ ਸਕਦੇ ਹਨ ਤੇ ਪਾਰਦਰਸ਼ਤਾ ਨੂੰ ਦੇਸ਼ ਦੀ ਅਫ਼ਸਰਸ਼ਾਹੀ ਤੇ ਸਿਆਸੀ ਤੰਤਰ ਦਾ ਮੁੱਖ ਗੁਣ ਬਣਾਇਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੀਡੀਆ ਭਾਵ ਸੰਚਾਰ ਮਾਧਿਅਮਾਂ ਦੀ ਵੱਡੀ ਭੂਮਿਕਾ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ ਹੈ।

- Advertisement -

ਮੋਬਾਇਲ: 97816-46008

Share this Article
Leave a comment