ਚੁਣੌਤੀ: ਜਾਖੜ ਤੇ ਕੈਪਟਨ ‘ਚ ਹੋਈ ਤਲਖੀ ਨੇ ਪੰਜਾਬ ਕਾਂਗਰਸ ‘ਚ ਪੈਦਾ ਕੀਤਾ ਕਾਟੋ-ਕਲੇਸ਼ !

TeamGlobalPunjab
4 Min Read

-ਦਰਸ਼ਨ ਸਿੰਘ ਖੋਖਰ

ਪੰਜਾਬ ਕਾਂਗਰਸ ਦਾ ਕਾਟੋ- ਕਲੇਸ਼ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਹੈ ਪਰ ਹੁਣ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਦਖਲ-ਅੰਦਾਜ਼ੀ ਕਰਕੇ ਦੋਨੋਂ ਧਿਰਾਂ ਨੂੰ ਕਹਿ ਦਿੱਤਾ ਗਿਆ ਕਿ ਉਹ ਅਜੇ ਚੁੱਪ ਰਹਿਣ।

ਅਸਲ ਵਿੱਚ ਦੋ ਹਫ਼ਤੇ ਪਹਿਲਾਂ ਜਦੋਂ ਪੰਜਾਬ ਭਵਨ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਤਾਂ ਮੀਟਿੰਗ ਤੋਂ ਤੁਰੰਤ ਬਾਅਦ ਪੰਜਾਬ ਦੇ ਸਮੁੱਚੇ ਮਾਹੌਲ ਖਾਸ ਕਰਕੇ ਬੇਅਦਬੀ ਮਾਮਲੇ ਬਾਰੇ ਜਾਣਕਾਰੀ ਲੈਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਬੁਲਾ ਲਿਆ ਸੀ। ਜਦੋਂ ਸੁਨੀਲ ਜਾਖੜ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਤਾਂ ਮੁੱਖ ਮੰਤਰੀ ਨੇ ਸੁਨੀਲ ਜਾਖੜ ਨੂੰ ਤਲਖ਼ੀ ਵਾਲੇ ਸ਼ਬਦ ( ਸਟ – ਅਪ) ਬੋਲੇ ਸਨ। ਇਸ ਦੇ ਵਿਰੋਧ ਵਜੋਂ ਸ੍ਰੀ ਸੁਨੀਲ ਜਾਖੜ ਨੇ (ਯੂ ਸਟ -ਅਪ ਕਹਿਕੇ) ਤਲਖੀ ਵਿਖਾਈ ਸੀ।
ਉਸ ਵੇਲੇ ਵਿਰੋਧੀਆਂ ਨੇ ਬਿਆਨਬਾਜ਼ੀ ਕੀਤੀ ਸੀ ਕਿ ਮੰਤਰੀ ਮੰਡਲ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਬੁਲਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਉਸ ਵੇਲੇ ਦੀ ਤਲਖੀ ਤੋਂ ਬਾਅਦ ਸੁਨੀਲ ਜਾਖੜ ਲਗਾਤਾਰ ਕੈਪਟਨ ਨਾਲ ਨਾਰਾਜ਼ ਚੱਲੇ ਆ ਰਹੇ ਹਨ ਅਤੇ ਮੀਡੀਆ ਵਿੱਚ ਵੀ ਖੁੱਲ੍ਹ ਕੇ ਨਹੀਂ ਬੋਲ ਰਹੇ। ਸੁਨੀਲ ਜਾਖੜ ਨੇ ਉਸ ਵੇਲੇ ਗੁੱਸੇ ਕਾਰਨ ਦਾ ਅਸਤੀਫ਼ਾ ਕੈਪਟਨ ਦੇ ਹਵਾਲੇ ਕਰ ਦਿੱਤਾ ਸੀ ਪਰ ਕੈਪਟਨ ਵਾਪਸ ਕਰ ਦਿੱਤਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਜੋ ਅਸਤੀਫਾ ਦਿੱਤਾ ਸੀ ਤਾਂ ਉਹ ਅਸਤੀਫ਼ਾ ਪਾੜ ਦਿੱਤਾ ਗਿਆ ਸੀ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਉਂਕਿ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਅੰਦਰ ਕਰਵਾਉਣਗੇ। ਹੁਣ ਜਦੋਂ ਇਹ ਮਸਲੇ ਲਟਕ ਗਏ ਹਨ ਤਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ।

ਇਸੇ ਤਰ੍ਹਾਂ ਹੀ ਲੰਮੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਵੀ ਸਰਕਾਰ ਖ਼ਿਲਾਫ਼ ਗੁੱਸਾ ਵਿਖਾ ਰਹੇ ਹਨ। ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੰਤਰੀ ਅਰੁਣਾ ਚੌਧਰੀ ਵੀ ਪੰਥਕ ਮੁੱਦਿਆਂ ਦੇ ਨਾਲ ਨਾਲ ਦਲਿਤ ਮੁੱਦੇ ਉਠਾ ਰਹੇ ਹਨ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਵੱਡੇ ਸਵਾਲਾਂ ਦੇ ਘੇਰੇ ਵਿੱਚ ਹੈ। ਪੰਜਾਬ ਕਾਂਗਰਸ ਦਾ ਸਮੁੱਚਾ ਮਾਹੌਲ ਇਹ ਬਣ ਗਿਆ ਹੈ ਕਿ ਹੁਣ ਪਹਿਲਾਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਹੁਤਿਆਂ ਨੂੰ ਯਕੀਨ ਨਹੀਂ ਰਿਹਾ।

- Advertisement -

ਪੰਜਾਬ ਕਾਂਗਰਸ ਦੀ ਇਹ ਖਾਨਾਜੰਗੀ ਦੇ ਸਿੱਟੇ ਅਜੇ ਇੱਕ ਦੋ ਹਫ਼ਤਿਆਂ ਬਾਅਦ ਆਉਣ ਦੀ ਸੰਭਾਵਨਾ ਹੈ। ਕਿਉਂਕਿ ਕਾਂਗਰਸ ਹਾਈ ਕਮਾਂਡ ਵੱਲੋਂ ਜੋ ਪੰਜਾਬ ਵਿੱਚ ਆਪਣੇ ਬੰਦੇ ਪੰਜਾਬ ਕਾਂਗਰਸ ਦਾ ਮਾਹੌਲ ਵੇਖਣ ਲਈ ਭੇਜੇ ਸਨ ਉਨ੍ਹਾਂ ਨੇ ਵੀ ਵਿਸਥਾਰਮਈ ਰਿਪੋਰਟ ਦੇ ਦਿੱਤੀ ਹੈ। ਕਾਂਗਰਸ ਹਾਈ ਕਮਾਂਡ ਨੇ ਭਾਵੇਂ ਕੈਪਟਨ ਪੱਖੀ ਤੇ ਵਿਰੋਧੀ ਦੋਨੋਂ ਧਿਰਾਂ ਨੂੰ ਚੁੱਪ ਕਰਵਾ ਦਿੱਤਾ ਹੈ ਪਰ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਤੇ ਟਵੀਟ ਕਰਦੇ ਚਲੇ ਆ ਰਹੇ ਹਨ।

ਨਵਜੋਤ ਸਿੰਘ ਸਿੱਧੂ ਦੇ ਕੀਤੇ ਜਾ ਰਹੇ ਟਵੀਟਾਂ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਨੂੰ ਹਾਈ ਕਮਾਂਡ ਦਾ ਵੀ ਇਸ਼ਾਰਾ ਤੇ ਸਹਾਰਾ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਹਾਈਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿਚ ਰੱਖ ਕੇ ਚੰਗਾ ਰੁਤਬਾ ਵੀ ਦੇਣਾ ਚਾਹੁੰਦੀ ਹੈ। ਕਾਂਗਰਸ ਹਾਈ ਕਮਾਂਡ ਨੇ ਇਹ ਭਾਂਪ ਲਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿੱਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿ ਪੰਜਾਬ ਦੇ ਲੋਕੀਂ ਉਨ੍ਹਾਂ ‘ਤੇ ਫਿਰ ਵਿਸ਼ਵਾਸ ਕਰ ਲੈਣਗੇ। ਜਿਸ ਕਾਰਨ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਹੋਰ ਵੀ ਚੁਣੌਤੀਆਂ ਨਾਲ ਨਜਿੱਠਣਾ ਪਵੇਗਾ। ਇਕ ਤਾਂ ਪੰਜਾਬ ਦੇ ਮੁੱਦਿਆਂ ਦੀਆਂ ਵੱਡੀਆਂ ਚੁਣੌਤੀਆਂ ਉਨ੍ਹਾਂ ਨੂੰ ਵਿਰੋਧੀ ਧਿਰਾਂ ਦੇਣਗੀਆਂ ਦੂਸਰਾ ਕਾਂਗਰਸ ਦੇ ਅੰਦਰੋਂ ਵੀ ਹੋਰ ਚੁਣੌਤੀਆਂ ਮਿਲਣ ਦੀ ਸੰਭਾਵਨਾ ਹੈ।

ਉਧਰ ਸਾਰੇ ਘਟਨਾਕ੍ਰਮ ਬਾਰੇ ਕਾਂਗਰਸ ਦੇ ਇਸ ਕਾਟੋ ਕਲੇਸ਼ ਬਾਰੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਾਹੌਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਖਤਰੇ ਦੀ ਘੰਟੀ ਹੈ। ਸਿਆਸੀ ਮਾਹਿਰ ਇਹ ਮੰਨ ਕੇ ਚੱਲ ਰਹੇ ਹਨ ਕਿ ਕਾਂਗਰਸ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਵਿਵਾਦ ਦੇ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।

Share this Article
Leave a comment