ਤਾਲਿਬਾਨ ਦਾ ਇੱਕ ਹੋਰ ਫ਼ਰਮਾਨ ਜਾਰੀ, ਔਰਤਾਂ ਇਕੱਲੀਆਂ ਨਹੀਂ ਕਰ ਸਕਣਗੀਆਂ ਯਾਤਰਾ

TeamGlobalPunjab
2 Min Read

ਕਾਬੁਲ: ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਲਈ ਕਈ ਤੁਗਲਕੀ ਫ਼ਰਮਾਨ ਜਾਰੀ ਕੀਤੇ ਹਨ। ਹੁਣ ਤਾਲਿਬਾਨ ਨੇ ਔਰਤਾਂ ਦੀ ਹਵਾਈ ਸਫ਼ਰ ਕਰਨ ਦੀ ਆਜ਼ਾਦੀ ਵੀ ਖੋਹ ਲਈ ਹੈ। ਅਫਗਾਨਿਸਤਾਨ ‘ਚ ਏਅਰਲਾਈਨਜ਼ ਨੂੰ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਉਨ੍ਹਾਂ ਦਾ ਕੋਈ ਮਰਦ ਰਿਸ਼ਤੇਦਾਰ ਹੋਵੇ ਤਾਂ ਹੀ ਔਰਤਾਂ ਨੂੰ ਉਡਾਣ ‘ਚ ਸਵਾਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਅਰਿਆਨਾ ਅਫਗਾਨ ਏਅਰਲਾਈਨ ਅਤੇ ਕਾਮ ਏਅਰ ਦੇ ਦੋ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਕਿਹਾ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਔਰਤਾਂ ਨੂੰ ਕਿਸੇ ਮਰਦ ਰਿਸ਼ਤੇਦਾਰ ਤੋਂ ਬਿਨਾਂ ਯਾਤਰਾ ਕਰਨ ਦੀ ਇਜਾਜ਼ਤ ਨਾ ਦੇਣ। ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ  ਦੱਸਿਆ ਕਿ ਇਹ ਫੈਸਲਾ ਤਾਲਿਬਾਨ ਦੇ ਪ੍ਰਤੀਨਿਧਾਂ, ਦੋ ਏਅਰਲਾਈਨਾਂ ਅਤੇ ਏਅਰਪੋਰਟ ਇਮੀਗ੍ਰੇਸ਼ਨ ਅਧਿਕਾਰੀਆਂ ਵਿਚਕਾਰ ਵੀਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਲਿਆ ਗਿਆ ਹੈ।

ਤਾਲਿਬਾਨ ਦੀ ਸੱਤਾ ਵਿਚ ਵਾਪਸੀ ਤੋਂ ਬਾਅਦ ਔਰਤਾਂ ਦੀ ਆਜ਼ਾਦੀ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਜਦੋਂ ਅਫਗਾਨਿਸਤਾਨ ਦੇ ਸਬੰਧਤ ਮੰਤਰਾਲੇ ਨੂੰ ਇਸ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਔਰਤਾਂ ਦੇ ਇਕੱਲੇ ਹਵਾਈ ਜਹਾਜ਼ ਵਿੱਚ ਉਡਾਣ ਭਰਨ ‘ਤੇ ਪਾਬੰਦੀ ਲਗਾਉਣ ਵਾਲਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਾਲਿਬਾਨ ਨਾਲ ਮੀਟਿੰਗ ਤੋਂ ਬਾਅਦ ਏਰੀਆਨਾ ਦੇ ਇਕ ਸੀਨੀਅਰ ਅਫਗਾਨ ਅਧਿਕਾਰੀ ਨੇ ਇਸ ਆਦੇਸ਼ ਬਾਰੇ ਏਅਰਲਾਈਨ ਦੇ ਕਰਮਚਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਏਐਫਪੀ ਨੇ ਤਾਲਿਬਾਨ ਦੇ ਇਸ ਪੱਤਰ ਦੇ ਹਵਾਲੇ ਨਾਲ ਤਾਲਿਬਾਨ ਦੇ ਹੁਕਮ ਦੀ ਪੁਸ਼ਟੀ ਕੀਤੀ ਹੈ।

ਪੱਤਰ ਵਿੱਚ ਕਿਹਾ ਗਿਆ ਹੈ, “ਕਿਸੇ ਵੀ ਔਰਤ ਨੂੰ ਕਿਸੇ ਮਰਦ ਰਿਸ਼ਤੇਦਾਰ ਤੋਂ ਬਿਨਾਂ ਕਿਸੇ ਘਰੇਲੂ ਜਾਂ ਅੰਤਰਰਾਸ਼ਟਰੀ ਉਡਾਣ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।” ਦੋ ਟਰੈਵਲ ਏਜੰਟਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਸਿੰਗਲ ਮਹਿਲਾ ਯਾਤਰੀਆਂ ਨੂੰ ਟਿਕਟਾਂ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment