ਅਮਰੀਕਾ ‘ਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਏਸ਼ੀਆਈ ਵਿਰੋਧੀ ਨਫਰਤੀ ਘਟਨਾਵਾਂ ‘ਚ ਹੋਇਆ ਵਾਧਾ

TeamGlobalPunjab
2 Min Read

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਵੱਖ-ਵੱਖ ਦੇਸ਼ਾਂ, ਧਰਮਾਂ ਆਦਿ ਦੇ ਲੋਕ ਰਹਿੰਦੇ ਹਨ। ਇਹਨਾਂ ਲੋਕਾਂ ਵਿੱਚ ਏਸ਼ੀਅਨ ਮੂਲ ਦੇ ਲੋਕਾਂ ਦੀ ਬਹੁਤਾਤ ਹੈ। ਅਮਰੀਕਾ ਵਿੱਚ ਜਦੋਂ ਦੀ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ, ਏਸ਼ੀਅਨ ਮੂਲ ਦੇ ਲੋਕਾਂ ਨਾਲ ਹੁੰਦੀਆਂ ਨਫਰਤੀ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਏਸ਼ੀਅਨ ਲੋਕਾਂ ਨਾਲ ਸਬੰਧਿਤ ਇੱਕ ਸੰਸਥਾ ‘ਸਟਾਪ ਏ ਏ ਪੀ ਆਈ ਹੇਟ’ (AAPI) ਦੁਆਰਾ ਵੀਰਵਾਰ ਨੂੰ ਪ੍ਰਕਾਸ਼ਤ ਕੀਤੀ ਗਈ ਰਿਪੋਰਟ ਦੇ ਅਨੁਸਾਰ 2020 ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਤਕਰੀਬਨ 9,081 ਏਸ਼ੀਆਈ ਲੋਕਾਂ  ਵਿਰੋਧੀ ਨਫਰਤੀ ਘਟਨਾਵਾਂ ਹੋਈਆਂ ਹਨ। ਇਸ ਸਬੰਧੀ ਰਾਸ਼ਟਰੀ ਅੰਕੜੇ 19 ਮਾਰਚ, 2020 ਤੋਂ 30 ਜੂਨ, 2021 ਦੇ ਵਿਚਕਾਰ ਰਿਪੋਰਟ ਕੀਤੀਆਂ ਨਫਰਤੀ ਘਟਨਾਵਾਂ ਨੂੰ ਦਰਸਾਉਂਦੇ ਹਨ। ਇਸ ਅਨੁਸਾਰ 2020 ਵਿੱਚ 4,548 ਘਟਨਾਵਾਂ ਵਾਪਰੀਆਂ ਅਤੇ 2021 ਵਿੱਚ ਹੋਰ 4,533 ਘਟਨਾਵਾਂ ਵਾਪਰੀਆਂ। ਜਦਕਿ 2021 ਵਿੱਚ ਹੋਈਆਂ ਕੁੱਲ ਘਟਨਾਵਾਂ ਵਿੱਚੋਂ, ਅਪ੍ਰੈਲ ਅਤੇ ਜੂਨ ਦੇ ਵਿਚਕਾਰ ਹੀ 2,478 ਘਟਨਾਵਾਂ ਦਰਜ  ਹੋਈਆਂ।

ਰਿਪੋਰਟ ਦੇ ਅਨੁਸਾਰ ਨਫਰਤ ਦੀਆਂ ਘਟਨਾਵਾਂ ਵਿੱਚ ਖੰਘ ਅਤੇ ਥੁੱਕਣਾ, ਸੇਵਾ ਤੋਂ ਇਨਕਾਰ, ਤੋੜ -ਫੋੜ, ਜ਼ਬਾਨੀ ਪਰੇਸ਼ਾਨੀ ਅਤੇ ਸਰੀਰਕ ਹਮਲਾ ਆਦਿ ਸ਼ਾਮਲ ਹਨ। ਅਮਰੀਕਾ  ਵਿੱਚ ਏਸ਼ੀਆਈ ਲੋਕਾਂ ਦੇ ਵਿਰੁੱਧ ਸਰੀਰਕ ਹਮਲੇ 2020 ਦੀਆਂ ਸਾਰੀਆਂ ਘਟਨਾਵਾਂ ਦੇ 10.8% ਤੋਂ ਵਧ ਕੇ 2021 ਵਿੱਚ 16.6% ਹੋ ਗਏ ਅਤੇ ਇਹਨਾਂ ਵਿੱਚ ਜਿਆਦਾਤਰ ਬਜੁਰਗ ਅਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸਦੇ ਨਾਲ ਹੀ ਸਾਰੇ ਹਮਲਿਆਂ ਵਿੱਚ ਇੱਕ ਤਿਹਾਈ ਤੋਂ ਵੱਧ ਚੀਨ ਵਿਰੋਧੀ ਬਿਆਨਬਾਜ਼ੀ ਸ਼ਾਮਲ ਹੈ।

ਅਮਰੀਕਾ ਦੇ ਸ਼ਹਿਰਾਂ ਵਿੱਚ ਨਿਊਯਾਰਕ ਨੇ 38.6%ਦੇ ਨਾਲ ਸਭ ਤੋਂ ਵੱਧ ਏਸ਼ੀਆਈ ਵਿਰੋਧੀ ਘਟਨਾਵਾਂ ਦਰਜ ਕੀਤੀਆਂ। ਹਾਲਾਂਕਿ ਬਾਈਡੇਨ ਪ੍ਰਸ਼ਾਸਨ ਵੱਲੋਂ ਇਹਨਾਂ ਘਟਨਾਵਾਂ ਨੂੰ ਰੋਕਣ ਲਈ ਨਫਰਤੀ ਅਪਰਾਧ ਐਕਟ ਵੀ ਲਾਗੂ ਕੀਤੇ ਹਨ ਅਤੇ ਸੰਸਥਾ AAPI ਵੱਲੋਂ ਨਫਰਤੀ ਅਪਰਾਧ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ।

Share this Article
Leave a comment