ਵਾਸ਼ਿੰਗਟਨ : ਭਾਰਤ ਤੋਂ ਬਾਅਦ ਹੁਣ ਅਮਰੀਕਾ ਵੀ ਆਪਣੇ ਦੇਸ਼ ‘ਚ ਟਿਕਟਾਕ ਸਮੇਤ ਚੀਨੀ ਐਪਸ ‘ਤੇ ਪਾਬੰਦੀ ਲਗਾਉਣ’ ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸੋਮਵਾਰ ਦੇਰ ਰਾਤ ਇਸ ਸਬੰਧ ‘ਚ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਮਰੀਕਾ ਨਿਸ਼ਚਤ ਤੌਰ ‘ਤੇ ਚੀਨ ਦੇ ਐਪ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਇਸ ‘ਚ ਮਸ਼ਹੂਰ ਐਪ ਟਿੱਕ-ਟਾਕ ਵੀ ਸ਼ਾਮਲ ਹੋਵੇਗੀ। ਦੱਸ ਦਈਏ ਆਸਟ੍ਰੇਲੀਆ ‘ਚ ਵੀ ਚੀਨੀ ਐਪਸ ‘ਤੇ ਪਾਬੰਦੀ ਦੀ ਮੰਗ ਹੋਰ ਜ਼ੋਰ ਫੜ੍ਹਦੀ ਨਜ਼ਰ ਆ ਰਹੀ ਹੈ।
ਮਾਈਕ ਪੋਂਪੀਓ ਦੇ ਇਸ ਬਿਆਨ ਨਾਲ ਚੀਨ ਨੂੰ ਦੋਹਰਾ ਝਟਕਾ ਲੱਗ ਸਕਦਾ ਹੈ। ਭਾਰਤ ਨੇ ਪਹਿਲਾਂ ਹੀ ਚੀਨ ਦੇ 59 ਐਪਸ ਤੇ ਪਾਬੰਦੀ ਲਗਾਈ ਹੋਈ ਹੈ। ਜਿਸ ਬਾਰੇ ਕੰਪਨੀਆਂ ਲਗਾਤਾਰ ਭਾਰਤ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਹਨ, ਪਰ ਅਜੇ ਤੱਕ ਸਰਕਾਰ ਵੱਲੋਂ ਇਸ ਫੈਸਲੇ ਨੂੰ ਬਦਲਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਟਿਕਟਾਕ ਸਮੇਤ ਚੀਨ ਦੇ 59 ਐਪਸ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ।
ਦੱਸ ਦਈਏ ਕਿ ਭਾਰਤ ‘ਚ ਟਿਕਟਾਕ ਬੈਨ ਹੋਣ ਨਾਲ ਚੀਨੀ ਕੰਪਨੀ ਨੂੰ ਲਗਭਗ 6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਟਿਕਟਾਕ ਦੇ ਸੀ.ਈ.ਓ. ਕੇਵਿਨ ਮੇਅਰ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਚੀਨੀ ਸਰਕਾਰ ਨੇ ਕਦੇ ਵੀ ਯੂਜ਼ਰਸ ਦੇ ਡਾਟਾ ਦੀ ਮੰਗ ਨਹੀਂ ਕੀਤੀ ਹੈ ਅਤੇ ਨਾ ਹੀ ਕੰਪਨੀ ਕਦੇ ਇਸ ਮੰਗ ਨੂੰ ਪੂਰਾ ਕਰੇਗੀ।