ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਜਾਂ ਆਤਮ ਸਮਰਪਣ ?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦੇ ਮੁੱਦੇ ਉਤੇ ਕਈ ਪਾਸਿਆਂ ਤੋਂ ਸਵਾਲ ਉੱਠ ਰਹੇ ਹਨ। ਇਸ ਮਾਮਲੇ ਵਿਚ ਜੇਕਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਵਿਚੋਂ ਅੱਜ ਸਵੇਰੇ ਸਥਾਨਕ ਗੁਰਦੁਆਰਾ ਸਾਹਿਬ ਦੇ ਬਾਹਰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਪੱਖ ਹੈ ਕਿ ਪਿੰਡ ਦੀ ਘੇਰਾਬੰਦੀ ਕਰ ਕੇ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੂਜੇ ਪਾਸੇ ਮੀਡੀਆ ਰਾਹੀਂ ਪਿੰਡ ਦੇ ਲੋਕਾਂ ਦੀ ਆ ਰਹੀ ਜਾਣਕਾਰੀ ਮੁਤਾਬਕ ਪਿੰਡ ਵਾਲਿਆਂ ਨੇ ਪੁਲਿਸ ਦੇ ਕਿਸੇ ਘਿਰਾਓ ਨੂੰ ਨਹੀਂ ਵੇਖਿਆ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕੀਤੀ ਅਤੇ ਉਸ ਤੋਂ ਬਾਅਦ ਬਾਹਰ ਜਾ ਕੇ ਆਪਣੇ ਆਪ ਨੂੰ ਪੁਲਿਸ ਅੱਗੇ ਪੇਸ਼ ਕਰ ਦਿੱਤਾ। ਉਸ ਦੇ ਮਾਪਿਆਂ ਦਾ ਵੀ ਕਹਿਣਾ ਹੈ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਸਗੋਂ ਉਸ ਨੇ ਖੁਦ ਆਤਮ ਸਮਰਪਣ ਕੀਤਾ ਹੈ। ਇਸ ਵਾਰੇ ਦਾਅਵੇ ਵੱਖੋ-ਵੱਖਰੇ ਹੋ ਸਕਦੇ ਹਨ ਪਰ ਇਹ ਸਹੀ ਹੈ ਕਿ 36 ਦਿਨਾਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਦਾ ਚੱਲ ਰਿਹਾ ਮੁੱਦਾ ਅੱਜ ਸਮਾਪਿਤ ਹੋ ਗਿਆ ਹੈ। ਉਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਹਵਾਈ ਅੱਡੇ ਤੋਂ ਜਹਾਜ ਰਾਹੀਂ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਅਸਾਮ ਦੀ ਜੇਲ੍ਹ ਵਿਚ ਉਸ ਦੇ ਪਹਿਲਾਂ ਹੀ 9 ਸਾਥੀ ਪੰਜਾਬ ਤੋਂ ਜਾ ਚੁੱਕੇ ਹਨ। ਅੰਮ੍ਰਿ-ਤਪਾ-ਲ ਸਿੰਘ ਸਮੇਤ ਇਹਨਾਂ ਸਾਰਿਆਂ ਉਪਰ ਐਨ.ਐੱਸ.ਏ ਲਾਇਆ ਜਾ ਚੁੱਕਾ ਹੈ। ਵੱਖ-ਵੱਖ ਪੰਥਕ ਮਾਮਲਿਆਂ ਨਾਲ ਜੁੜੀਆਂ ਧਿਰਾਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਆਖਿਰ ਇਸ ਟਕਰਾਅ ਵਿਚੋਂ ਕੀ ਹਾਸਿਲ ਹੋਇਆ? ਕੀ ਸਰਕਾਰ ਵੱਲੋਂ ਜਾਣਬੁਝ ਕੇ ਅਜਿਹਾ ਵਿਰਤਾਂਤ ਸਿਰਜਿਆ ਗਿਆ ਸੀ? ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਹਨ ਪਰ ਉਹਨਾਂ ਦੀ ਥਾਂ ਸਾਰਾ ਧਿਆਨ 36 ਦਿਨ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੁਆਲੇ ਹੀ ਘੁੰਮਦਾ ਰਿਹਾ। ਇਹ ਵੀ ਸਵਾਲ ਉਠ ਰਹੇ ਹਨ ਕਿ ਕੀ ਇਸ ਤਰ੍ਹਾਂ ਐਨ.ਐੱਸ.ਏ ਲਗਾ ਕੇ ਅਸਾਮ ਦੀ ਜੇਲ੍ਹ ਵਿਚ ਪੰਜਾਬ ਤੋਂ 2400 ਕਿਮੀ ਭੇਜਣਾ ਵਾਜਿਵ ਹੈ? ਪੰਜਾਬ ਦੇ ਮਾਹੌਲ ਅੰਦਰ ਇੱਕ ਨਵੀਂ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਸਰਕਾਰ ਇਹ ਲਗਾਤਾਰ ਆਖ ਰਹੀ ਹੈ ਕਿ ਕਾਨੂੰਨ ਭੰਗ ਕਰਨ ਵਾਲੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਪੁਲਿਸ ਜਦੋਂ ਮੁਹਿੰਮ ਬਣਾ ਕੇ ਕਿਸੇ ਮੁੱਦੇ ਉਪਰ ਪੈਂਦੀ ਹੈ ਤਾਂ ਸਧਾਰਨ ਲੋਕਾਂ ਵਿਚ ਵੀ ਇੱਕ ਭੈਅ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਵਜੋਂ ਭੂਮਿਕਾ ਨਿਭਾਉਣ ਵਾਲੇ ਅਕਾਲੀ ਦਲ ਦੀ ਸਥਿਤੀ ਜਦੋਂ ਹਾਸ਼ੀਏ ਉਪਰ ਚਲੀ ਗਈ ਤਾਂ ਪੰਜਾਬ ਦੇ ਹੱਕਾਂ ਲਈ ਉੱਠਣ ਵਾਲੀ ਆਵਾਜ਼ ਵੀ ਕਮਜ਼ੋਰ ਪੈ ਗਈ ਹੈ। ਪੰਜਾਬ ਦਾ ਨੌਜਵਾਨ ਰਵਾਇਤੀ ਲੀਡਰਸ਼ਿਪ ਦੀ ਥਾਂ ਬਦਲਵੀਂ ਲੀਡਰਸ਼ਿਪ ਦੀ ਤਲਾਸ਼ ਵਿਚ ਹੈ। ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਅੰਦਰ ਉਸਾਰੂ ਮਾਹੌਲ ਦੀ ਸਿਰਜਨਾ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਵੀ ਆਪਣਾ ਭਵਿੱਖ ਤਲਾਸ਼ਣ ਦਾ ਢੁੱਕਵਾਂ ਮੌਕਾ ਮਿਲ ਸਕੇ। ਟਕਰਾਅ ਦਾ ਮਾਹੌਲ ਨਾ ਪੰਜਾਬ ਦੇ ਹਿੱਤ ਵਿਚ ਹੈ ਅਤੇ ਨਾ ਹੀ ਦੇਸ਼ ਦੇ ਹਿੱਤ ਵਿਚ। ਸਰਹੱਦੀ ਸੂਬਾ ਹੋਣ ਕਰਕੇ ਕੁੱਝ ਅਜਿਹੀਆਂ ਧਿਰਾਂ ਤਾਕ ਵਿਚ ਰਹਿੰਦੀਆਂ ਹਨ ਕਿ ਪੰਜਾਬ ਦੇ ਮਾਹੌਲ ਅੰਦਰ ਇਸ ਤਰ੍ਹਾਂ ਗੜਬੜ ਕੀਤੀ ਜਾ ਸਕੇ। ਮਸਾਲ ਵਜੋਂ ਅੱਜ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਜੋ ਮੰਦਭਾਗੀ ਘਟਨਾ ਵਾਪਰੀ ਹੈ, ਬੇਸ਼ੱਕ ਉਸ ਦੀ ਸਹੀ ਤਸਵੀਰ ਤਾਂ ਜਾਂਚ ਦੇ ਬਾਅਦ ਹੀ ਸਾਹਮਣੇ ਆਏਗੀ ਪਰ ਅਜਿਹੀਆਂ ਘਟਨਾਵਾਂ ਕਿਸੇ ਸੋਚੀ ਸਮਝੀ ਸਾਜਿਸ ਦਾ ਸੰਕੇਤ ਜ਼ਰੂਰ ਦਿੰਦੀਆਂ ਹਨ। ਇਸ ਲਈ ਜਿਥੇ ਪੰਜਾਬੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਉਥੇ ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਅਜਿਹੀਆਂ ਸਥਿਤੀਆਂ ਨੂੰ ਵਾਪਰਣ ਤੋਂ ਰੋਕਣ ਲਈ ਢੁੱਕਵੇਂ ਉਪਰਾਲੇ ਕਰਨ ਦੀ ਲੋੜ ਹੈ।

Share this Article
Leave a comment