ਅਮਿਤ ਸ਼ਾਹ ਪੰਜਾਬ ‘ਚ ਵਜਾਉਣਗੇ ਚੋਣ ਬਿਗਲ

Prabhjot Kaur
4 Min Read

ਜਗਤਾਰ ਸਿੰਘ ਸਿੱਧੂ,
ਮੈਨੇਜਿੰਗ ਐਡੀਟਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ਵਿੱਚ ਰੈਲੀ ਕਰ ਕੇ ਪਾਰਲੀਮੈਂਟ ਚੋਣਾਂ ਦੀ ਮੁਹਿੰਮ ਦਾ ਪੰਜਾਬ ਵਿੱਚ ਆਗਾਜ਼ ਕਰਨ ਜਾ ਰਹੇ ਹਨ। ਅਮਿਤ ਸ਼ਾਹ ਵਰਗੇ ਭਾਜਪਾ ਦੇ ਸ਼ਕਤੀਸ਼ਾਲੀ ਨੇਤਾ ਵੱਲੋਂ ਪਟਿਆਲਾ ਵਿੱਚ ਰੈਲੀ ਕਰ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਭਾਜਪਾ ਪੰਜਾਬ ਨੂੰ ਵੀ ਪੂਰੀ ਅਹਿਮੀਅਤ ਦੇ ਰਹੀ ਹੈ। ਇਸੇ ਸਮੇਂ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਵੀ ਪੰਜਾਬ ਵਿੱਚੋਂ ਨਿਕਲ ਕੇ ਦੂਜੇ ਸੂਬੇ ਵਿੱਚ ਦਾਖ਼ਲ ਹੋ ਰਹੀ ਹੈ। ਰਾਹੁਲ ਵੱਲੋਂ ਲਗਾਤਾਰ ਭਾਜਪਾ ਅਤੇ ਆਰ ਐਸ ਐਸ ਉੱਪਰ ਨਫ਼ਰਤ ਫੈਲਾਉਣ ਦੇ ਦੋਸ਼ ਲਗਾਏ ਜਾ ਰਹੇ ਨੇ। ਇਸ ਯਾਤਰਾ ਦੇ ਫ਼ੌਰੀ ਬਾਅਦ ਅਮਿਤ ਸ਼ਾਹ ਦੀ ਰੈਲੀ ਰਾਜਸੀ ਤੌਰ ਤੇ ਰਾਹੁਲ ਨੂੰ ਜਵਾਬ ਦੇਣ ਲਈ ਵੀ ਇੱਕ ਢੁਕਵੇਂ ਪਲੇਟਫ਼ਾਰਮ ਵਜੋਂ ਦੇਖੀ ਜਾ ਰਹੀ ਹੈ।
ਅਮਿਤ ਸ਼ਾਹ ਦੀ ਪਟਿਆਲਾ ਰੈਲੀ ਦੌਰਾਨ ਕਾਂਗਰਸ ਦੇ ਲੰਬਾ ਸਮਾਂ ਪਾਰਲੀਮੈਂਟ ‘ਚ ਨੁਮਾਇੰਦਗੀ ਕਰਨ ਵਾਲੇ ਆਗੂ ਪਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀ ਵੀ ਰਾਜਸੀ ਹਲਕਿਆਂ ਵਿੱਚ ਵੱਡੀ ਚਰਚਾ ਹੈ। ਉਂਞ ਵੀ ਪਟਿਆਲਾ ਪਾਰਲੀਮੈਂਟ ਹਲਕਾ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਅਮਿਤ ਸ਼ਾਹ ਦੀ ਰੈਲੀ ਇਹ ਵੀ ਸੁਨੇਹਾ ਦੇਵੇਗੀ ਕਿ ਭਾਜਪਾ ਦੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਨੂੰ ਕਿੰਨੀ ਮਹੱਤਤਾ ਦਿੰਦੀ ਹੈ ਕਿਉਂ ਜੋ ਭਾਜਪਾ ਦਾ ਕੋਈ ਕੌਮੀ ਆਗੂ ਪਟਿਆਲਾ ਵਿੱਚ ਪਾਰਲੀਮੈਂਟ ਚੋਣ ਲਈ ਪਹਿਲੀ ਰੈਲੀ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਦੀ ਰੈਲੀ ਮੌਕੇ ਕਾਂਗਰਸ ਦੇ ਦੋ ਵਿਧਾਇਕ ਅਤੇ ਕੁੱਝ ਹੋਰ ਸੀਨੀਅਰ ਆਗੂ ਵੀ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।

ਪਟਿਆਲਾ ਦੀ ਅਮਿਤ ਸ਼ਾਹ ਦੀ ਰੈਲੀ ਇਸ ਕਰ ਕੇ ਵੀ ਅਹਿਮ ਹੈ ਕਿ ਭਾਜਪਾ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪਾਰਟੀ ਪੰਜਾਬ ਵਿੱਚ ਪਾਰਲੀਮੈਂਟ ਦੀਆਂ ਸੀਟਾਂ ਆਪਣੇ ਬਲ ਬੂਤੇ ਹੀ ਲੜੇਗੀ। ਇਸ ਤੋਂ ਪਹਿਲਾਂ ਪਿਛਲੀ ਪਾਰਲੀਮੈਂਟ ਚੋਣ ਵੇਲੇ ਅਕਾਲੀ ਦਲ ਅਤੇ ਭਾਜਪਾ ਪਾਰਟੀ ਦਾ ਗੱਠਜੋੜ ਸੀ। ਭਾਜਪਾ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਵਿੱਚ ਲੋਕਾਂ ਵੱਲੋਂ ਪਾਰਟੀ ਨੂੰ ਭਰਵੀਂ ਹਮਾਇਤ ਮਿਲ ਰਹੀ ਹੈ। ਦੂਜੇ ਪਾਸੇ ਪੰਜਾਬ ਦੀਆਂ ਮੁੱਖ ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ ਪੰਜਾਬੀ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ ਕਿਉਂ ਜੋ ਭਾਜਪਾ ਨੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਅਤੇ ਕਿਸਾਨਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਦੇ ਲਈ ਕੋਈ ਖ਼ਾਸ ਮਦਦ ਨਹੀਂ ਕਰ ਰਹੀ।

ਬੇਸ਼ੱਕ 2024 ਦੀਆਂ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦੀ ਰੈਲੀ ਨਾਲ ਚੋਣ ਮੈਦਾਨ ਭਖ ਜਾਵੇਗਾ ਪਰ ਸੂਬੇ ਅੰਦਰ ਜਲੰਧਰ ਪਾਰਲੀਮੈਂਟ ਹਲਕੇ ਦੀ ਉਪ ਚੋਣ ਵੀ ਆ ਸਕਦੀ ਹੈ ਕਿਉਂ ਜੋ ਕੁੱਝ ਦਿਨ ਪਹਿਲਾਂ ਜਲੰਧਰ ਦੇ ਪਾਰਲੀਮੈਂਟ ਮੈਂਬਰ ਦੀ ਮੌਤ ਹੋਣ ਕਾਰਨ ਇਹ ਹਲਕਾ ਖ਼ਾਲੀ ਹੋਇਆ ਹੈ। ਸੰਵਿਧਾਨ ਮੁਤਾਬਿਕ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਹਲਕੇ ਬਾਰੇ 6 ਮਹੀਨੇ ਦੇ ਅੰਦਰ ਚੋਣ ਕਰਨ ਦਾ ਫ਼ੈਸਲਾ ਲੈਣਾ ਹੁੰਦਾ ਹੈ। ਜੇਕਰ ਜਲੰਧਰ ਦੀ ਪਾਰਲੀਮੈਂਟ ਚੋਣ ਆ ਗਈ ਤਾਂ ਦੇਸ਼ ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਰਾਜਸੀ ਧਿਰਾਂ ਨੂੰ ਇੱਕ ਹੋਰ ਇਮਤਿਹਾਨ ਪਾਸ ਕਰਨਾ ਹੋਵੇਗਾ।

- Advertisement -

Share this Article
Leave a comment