ਨਵਜੋਤ ਸਿੱਧੂ ਦੀ ਨਿਯੁਕਤੀ: ਪੰਜਾਬ ਕਾਂਗਰਸ ਦੀ ਡੁੱਬਦੀ ਬੇੜੀ, ਕੌਣ ਲਾਏਗਾ ਬੰਨੇ?

TeamGlobalPunjab
14 Min Read

ਖਟਕੜ ਕਲਾਂ ਵਿਖੇ ਨਵਜੋਤ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ‘ਚ ਖਹਿਬੜ ਪਏ

-ਗੁਰਮੀਤ ਸਿੰਘ ਪਲਾਹੀ

ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੈ ਅਤੇ ਉਸ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਹੈ, ਉਦੋਂ ਤੱਕ ਕਾਂਗਰਸ ਹਾਈ ਕਮਾਨ ਅਮਰਿੰਦਰ ਸਿੰਘ ਦਾ ਕੁਝ ਨਹੀਂ ਵਿਗਾੜ ਸਕਦੀ। ਇਕੋ ਪਰਿਵਾਰ ਵਲੋਂ ਸਾਂਭੀ ਕਾਂਗਰਸ, ਕਿਸੇ ਵੀ ਹੋਰ ਨੇਤਾ ਜਾਂ ਖੇਤਰੀ ਨੇਤਾ ਨੂੰ ਆਪਣੇ ਤੋਂ ਵੱਡਾ ਨਹੀਂ ਹੋਣ ਦਿੰਦੀ ਤਾਂ ਕਿ ਗਾਂਧੀ ਪਰਿਵਾਰ ਦਾ ਦਬਦਬਾ, ਜਿੰਨਾ ਕੁ ਵੀ ਬਚਿਆ ਹੈ, ਬਣਿਆ ਰਹੇ। ਉਂਜ ਗਾਂਧੀ ਪਰਿਵਾਰ ਦੇ ਤਿੰਨੋਂ ਜੀਅ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਆਪਣੇ ਕੁਝ ਵਫ਼ਾਦਾਰਾਂ ਨਾਲ ਕਾਂਗਰਸ ਦਾ “ਕਾਰੋਬਾਰ“ ਚਲਾ ਰਹੇ ਹਨ, ਜਿਹੜਾ ਕੁਝ ਵਰ੍ਹਿਆਂ ‘ਚ ਪੂਰੇ ਰਾਸ਼ਟਰ ਤੋਂ ਸਿਮਟਕੇ ਕੁਝ ਰਾਜਾਂ ਤੱਕ ਸੀਮਤ ਰਹਿ ਗਿਆ ਹੈ ਅਤੇ ਜਿਸਨੂੰ ਪਿਛਲੇ ਲੰਮੇ ਸਮੇਂ ਤੋਂ ਚੋਣਾਂ ਵਿੱਚ ਵੱਡੀਆਂ ਤੋਂ ਵੱਡੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਹੈ। ਪੱਛਮੀ ਬੰਗਾਲ ‘ਚ ਕਾਂਗਰਸ ਦਾ ਨਾਮ-ਥੇਹ ਨਹੀਂ ਰਿਹਾ। ਯੂ.ਪੀ. ਚੋਣਾਂ ਸਿਰ ਉਤੇ ਹਨ, ਕਾਂਗਰਸ ਦਾ ਉਥੇ ਵੱਡਾ ਕਾਡਰ ਨਹੀਂ ਅਤੇ ਪੰਜਾਬ ਵਰਗੇ ਸੂਬੇ ਵਿੱਚ ਕਾਂਗਰਸ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਦੇ ਰਾਹ ਤੁਰੀ ਹੋਈ ਹੈ।

ਬਿਨ੍ਹਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਚਾਰ ਸਾਲ ਦੇ ਅਰਸੇ ਵਿੱਚ ਪੰਜਾਬ ਦਾ ਕੁਝ ਵੀ ਨਹੀਂ ਸੁਆਰਿਆ। ਜਿਹੜੇ ਵਾਇਦੇ ਉਸ ਵਲੋਂ ਕੀਤੇ ਗਏ ਸਨ, ਕਹਿਣ ਨੂੰ ਤਾਂ ਭਾਵੇਂ ਸਾਰੇ ਪੂਰੇ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਰਦੇ ਹਨ, ਪਰ ਹਕੀਕੀ ਤੌਰ ‘ਤੇ ਇਹ ਸਚਾਈ ਨਹੀਂ ਹੈ। ਨਸ਼ਿਆਂ ਦਾ ਕਾਰੋਬਾਰ ਖ਼ਤਮ ਕਰਨ ਸਬੰਧੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਉਤੇ ਕੈਪਟਨ ਤੋਂ ਪੰਜਾਬੀਆਂ ਨੂੰ ਵੱਡੀਆਂ ਆਸਾਂ ਸਨ। ਰੇਤ ਮਾਫੀਆ ਦਾ ਲੱਕ ਤੋੜਨ ਦੀ ਵੀ ਪੰਜਾਬੀਆਂ ਨੂੰ ਕੈਪਟਨ ਤੋਂ ਤਵੱਕੋ ਸੀ ਅਤੇ ਇਹ ਵੀ ਕਿ ਉਹ ਆਪਣੇ ਜ਼ਿਮੀਦਾਰ ਹੁੰਦੇ ਹੋਏ, ਕਿਸਾਨ ਸਮੱਸਿਆਵਾਂ ਸਮਝਕੇ ਉਹਨਾ ਦੇ ਕਰਜ਼ੇ ਮੁਆਫ਼ ਕਰ ਦੇਣਗੇ। ਫੌਜੀ ਹੋਣ ਦੇ ਨਾਤੇ ਲੋਕ ਇਹ ਵੀ ਚਾਹੁੰਦੇ ਸਨ ਕਿ ਉਸ ਦੇ ਰਾਜ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਪਰ ਕੈਪਟਨ ਦੇ ਗੱਦੀ ਸਾਂਭਣ ਦੇ ਦੋ ਸਾਲਾਂ ਬਾਅਦ ਹੀ ਦਿਸਣ ਲੱਗ ਪਿਆ ਸੀ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਸਾਸ਼ਨ ਉਵੇਂ ਹੀ ਕੰਮ ਕਰ ਰਿਹਾ ਹੈ, ਕੁਝ ਵੀ ਨਹੀਂ ਬਦਲਿਆ।

ਹਾਂ, ਇੰਨਾ ਕੁ ਜ਼ਰੂਰ ਹੋਇਆ ਹੈ ਕਿ ਪੰਜਾਬ ਹਿਤੈਸ਼ੀ ਫ਼ੈਸਲੇ ਲੈਣ ਦਾ ਸਮਾਂ ਜਦੋਂ ਆਇਆ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਨਾਲ ਪੰਜਾਬ ਦੇ ਪਾਣੀਆਂ ਸਬੰਧੀ ਆਵਾਜ਼ ਬੁਲੰਦ ਕੀਤੀ, ਕਿਸਾਨਾਂ ਸਬੰਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਦਾ ਮਤਾ ਅਸੰਬਲੀ ਵਿੱਚ ਪਾਸ ਕੀਤਾ ਅਤੇ ਕਿਸਾਨਾਂ ਦੇ ਹੱਕ ‘ਚ ਖੜੇ ਹੋਏ।

- Advertisement -

ਪਰ ਪੰਜਾਬੀਆਂ ਦੇ ਮਸਲੇ ਤਾਂ ਬਹੁਤ ਵੱਡੇ ਸਨ। ਇਨ੍ਹਾਂ ਮੁੱਦਿਆਂ, ਮਸਲਿਆਂ ਨੂੰ ਹੱਲ ਕਰਨ ਲਈ ਤਾਂ ਕੈਪਟਨ ਨੂੰ ਪੰਜਾਬੀਆਂ ਨੇ ਪੰਜਾਬ ਸੰਭਾਲਿਆ ਸੀ, ਪਰ ਕੈਪਟਨ ਮਹੱਲਾਂ ‘ਚ ਵੜ ਗਏ, ਰਾਜ-ਸਾਸ਼ਨ ਲੋਕ ਨੁਮਾਇੰਦਿਆਂ ਦੀ ਮਰਜ਼ੀ ਨਾਲ ਨਹੀਂ, ਸਗੋਂ ਅਫ਼ਸਰਸ਼ਾਹੀ ਹੱਥ ਫੜਾ ਦਿੱਤਾ, ਸਲਾਹਕਾਰਾਂ ਆਪਣੇ ਢੰਗ ਨਾਲ ਪਿਛਲੇ ਚਾਰ ਸਾਲ ਪੰਜਾਬ ਚਲਾਇਆ। ਪਰ ਕਿਉਂਕਿ ਪੰਜਾਬ ਵਿੱਚ ਵਿਰੋਧੀ ਧਿਰ ਤਾਕਤਵਰ ਨਹੀਂ ਸੀ, ਵੰਡੀ ਹੋਈ ਸੀ, ਪੰਜਾਬ ਦੇ ਹਾਕਮਾਂ ਚੰਮ ਦੀਆਂ ਚਲਾਈਆਂ, ਕੁਝ ਵੱਡੇ ਸਿਆਸਦਾਨ ਮਾਫੀਆ ਨਾਲ ਰਲ ਗਏ, ਆਪਣੇ ਸਵਾਰਥਾਂ ਕਾਰਨ ਉਹਨਾ ਚੁੱਪ ਵੱਟ ਲਈ ਤੇ ਪੰਜਾਬ ਲੁੱਟਿਆ ਜਾਂਦਾ ਰਿਹਾ। ਪੰਜਾਬ ਦੇ ਮਸਲਿਆਂ ਸਬੰਧੀ ਵੱਟੀ ਚੁੱਪ ਨੇ ਲੋਕਾਂ ‘ਚ ਅਸੰਤੋਸ਼ ਪੈਦਾ ਕੀਤਾ। ਅੱਜ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ਉਤੇ ਹੈ, ਪੰਜਾਬ ਦੇ ਹਰ ਵਰਗ ਦੇ ਲੋਕਾਂ ‘ਚ ਹਾਹਾਕਾਰ ਹੈ। ਬਿਜਲੀ, ਪੈਟਰੋਲ ਨੇ ਲੋਕਾਂ ਨੂੰ ਰੁਆ ਦਿੱਤਾ । ਬੇਰੁਜ਼ਗਾਰ ਸੜਕਾਂ ਤੇ ਬੈਠੇ ਹਨ। ਕਾਂਗਰਸ ਅੰਦਰ ਆਏ ਕਾਟੋ-ਕਲੇਸ਼ ਕਾਰਨ ਲੋਕਾਂ ਦੀ ਸੁਨਣ ਵਾਲਾ ਹਾਕਮ ਹੀ ਕੋਈ ਨਹੀਂ। ਅਫ਼ਸਰ ਦਫ਼ਤਰੀਂ ਬੈਠੇ ਹਨ, ਮੁਲਾਜ਼ਮ ਹੜਤਾਲਾਂ ‘ਤੇ ਹਨ। ਪਿਛਲੇ ਇੱਕ ਮਹੀਨੇ ਤੋਂ ਸੂਬਾ ਸਰਕਾਰ ਦਾ ਕੰਮ ਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ, ਪੰਜਾਬ ਸਿਵਲ ਸਕੱਤਰੇਤ ‘ਚ ਸੁੰਨਸਾਨ ਛਾਈ ਹੋਈ ਹੈ।

ਕਾਟੋ-ਕਲੇਸ਼ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਕਾਫੀ ਵਧਿਆ ਹੈ। ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਜੋ ਗਾਂਧੀ ਪਰਿਵਾਰ ਦਾ ਚਹੇਤਾ ਹੈ, ਸੂਬਾ ਕਾਂਗਰਸ ਪ੍ਰਧਾਨ ਮੰਨਣ ਲਈ ਤਿਆਰ ਨਹੀਂ, ਜਦਕਿ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹਣ ਦੇ ਯਤਨ ਵਿੱਚ ਹੈ। ਕਾਂਗਰਸ ਹਾਈ ਕਮਾਨ ਨੇ ਕੈਪਟਨ ਨੂੰ ਸਾਧੀ ਰੱਖਣ ਲਈ ਸਾਫ਼ ਕਰ ਦਿੱਤਾ ਹੋਇਆ ਹੈ ਕਿ ਅਗਲੀਆਂ 2022 ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪ੍ਰਧਾਨ ਹੋਣਗੇ। ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਿੱਧੂ ਦੇ ਨਾਲ ਚਾਰ ਕਾਰਜ਼ਕਾਰੀ ਪ੍ਰਧਾਨ ਬਣਾ ਦਿੱਤੇ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਉਤੇ ਕਾਂਗਰਸ ਹਾਈ ਕਮਾਨ ਯਕੀਨ ਨਹੀਂ ਕਰਦੀ ਜੋ ਉਸਦੇ ਪੈਰਾਂ ‘ਚ ਬੇੜੀਆਂ ਪਹਿਲਾਂ ਹੀ ਜੜ੍ਹ ਦਿੱਤੀਆਂ ਗਈਆਂ ਹਨ?

ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਬੁਰੀ ਤਰ੍ਹਾਂ ਦੋ-ਫਾੜ ਹੋਈ ਦਿਖਦੀ ਹੈ। ਜਿਥੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਵਜੋਂ ਜੀਅ ਆਇਆਂ ਆਖਣ ਲਈ ਦੌੜ ਲੱਗੀ ਹੋਈ ਹੈ, ਉਹਨਾ ਨੂੰ ਥਾਂ-ਥਾਂ ਵਿਧਾਇਕੀ ਟਿਕਟਾਂ ਪ੍ਰਾਪਤ ਕਰਨ ਦੇ ਚਾਹਵਾਨਾਂ ਵਲੋਂ ਹਾਰਾਂ ਨਾਲ ਲੱਦਿਆ ਜਾ ਰਿਹਾ ਹੈ। ਕਈ ਥਾਵੀਂ ਸਾਬਕਾ ਵਿਧਾਇਕ ਇਸ ਚਾਹਤ ਵਿੱਚ ਕਿ ਅਗਲੀ ਟਿਕਟ ਉਹਨਾ ਨੂੰ ਮਿਲੇਗੀ, ਆਪਣੀ ਤਾਕਤ ਵਿਖਾ ਰਹੇ ਹਨ, ਇੱਕ-ਦੂਜੇ ਵਿਰੁੱਧ ਨਾਹਰੇਬਾਜੀ ਕਰ ਰਹੇ ਹਨ। ਇਸ ਕਿਸਮ ਦੀ ਘਟਨਾ ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ (ਨਵਾਂ ਸ਼ਹਿਰ) ਦੇ ਜਨਮ ਅਸਥਾਨ ਖਟਕੜ ਕਲਾਂ ਵਿਖੇ ਵੇਖਣ ਨੂੰ ਮਿਲੀ ਜਿਥੇ ਨਵਜੋਤ ਸਿੰਘ ਸਿੱਧੂ ਦੇ ਸਵਾਗਤ ਤੋਂ ਪਹਿਲਾਂ ਹੀ ਦੋ ਗਰੁੱਪ ਆਪਸ ‘ਚ ਖਹਿਬੜ ਪਏ। ਅਸਲ ਵਿੱਚ ਤਾਂ ਟਿਕਟਾਂ ਦੇ ਚਾਹਵਾਨ ਦੋਹਾਂ ਖੇਮਿਆਂ ‘ਚ ਹਾਜ਼ਰੀ ਲੁਆ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਥੇ ਵਿਧਾਇਕਾਂ, ਮੰਤਰੀਆਂ ਕੋਲ ਜਾ ਕੇ ਆਪਣੇ ਹਾਜ਼ਰੀ ਲੁਆ ਰਹੇ ਹਨ, ਸਮਰੱਥਨ ਇਕੱਠਾ ਕਰ ਰਹੇ ਹਨ, ਉਥੇ ਕੈਪਟਨ ਅਮਰਿੰਦਰ ਸਿੰਘ ਜਿਹਨਾ ਨੇ ਹੁਣ ਤੱਕ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਨਹੀਂ ਕਬੂਲਿਆ, ਇਹ ਸੁਨੇਹਾ ਦੇ ਰਹੇ ਹਨ ਕਿ ਪੰਜਾਬ ਵਿੱਚ ਕਾਂਗਰਸ ਦਾ ਅਸਲ ਨੇਤਾ “ਕੈਪਟਨ ਅਮਰਿੰਦਰ ਸਿੰਘ” ਹੈ।

ਕਾਂਗਰਸ ਦੇ ਇਸ ਕਾਟੋ-ਕਲੇਸ਼ ਅਤੇ ਕਾਂਗਰਸ ਹਾਈ ਕਮਾਨ ਵਲੋਂ ਗਲਤ ਢੰਗ ਨਾਲ ਮਸਲੇ ਦੇ ਹੱਲ ਨਾਲ ਨਿਪਟਣ ਨੇ ਪੰਜਾਬ ਕਾਂਗਰਸ ਦਾ ਵੱਡਾ ਨੁਕਸਾਨ ਕੀਤਾ ਹੈ। ਕਾਂਗਰਸ ਦੋ ਧੜਿਆਂ ‘ਚ ਵੰਡੀ ਗਈ ਹੈ ਅਤੇ ਇਸ ਦਾ ਲਾਭ ਵਿਰੋਧੀ ਪਾਰਟੀਆਂ ਨੂੰ ਹੋਏਗਾ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੰਜਾਬ ‘ਚ ਅਗਲੀਆਂ ਚੋਣਾਂ ‘ਚ ਇਸ ਸਥਿਤੀ ਵਿੱਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਪ੍ਰਾਪਤ ਨਹੀਂ ਕਰ ਸਕੇਗੀ। ਭਾਜਪਾ ਦਾ ਭਵਿੱਖ ਤਾਂ ਕਿਸਾਨੀ ਕਾਨੂੰਨਾਂ ਕਾਰਨ ਪਹਿਲਾਂ ਹੀ ਦਾਅ ਤੇ ਲੱਗਿਆ ਹੋਇਆ ਹੈ। ਬਾਦਲ ਅਕਾਲੀ-ਬਸਪਾ ਗੱਠਜੋੜ ਨੂੰ ਲੋਕਾਂ ਖ਼ਾਸ ਕਰਕੇ ਪਿੰਡਾਂ ਦੇ ਕਿਸਾਨਾਂ ਤੇ ਪੇਂਡੂਆਂ ਪ੍ਰਵਾਨ ਨਹੀਂ ਕੀਤਾ ਅਤੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਤੇ ਰੇਤ ਖਨਣ, ਨਸ਼ਿਆਂ ਦੇ ਰਾਜ ਨੂੰ ਭੁੱਲ ਨਹੀਂ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਿਸਾਨੀ ਕਾਨੂੰਨਾਂ ‘ਚ ਅਪਨਾਈ ਦੋਹਰੀ ਪਹੁੰਚ ਵੀ ਉਹਨਾ ਦੇ ਪਿੰਡਾਂ ‘ਚ ਪੈਰ ਨਹੀਂ ਲੱਗਣ ਦੇ ਰਹੀ। ਆਮ ਆਦਮੀ ਪਾਰਟੀ ਦਾ ਕਾਡਰ ਪੰਜਾਬ ਦੇ ਧੁਰ ਅੰਦਰ ਸਥਾਪਤ ਨਹੀਂ ਹੋ ਸਕਿਆ ਅਤੇ ਆਮ ਆਦਮੀ ਪਾਰਟੀ ਦੇ ਦਿੱਲੀ ਨੇਤਾਵਾਂ ਦੀ ਪੰਜਾਬ ਮਸਲਿਆਂ ਪ੍ਰਤੀ ਦੂਹਰੀ ਪਹੁੰਚ ਵੀ “ਆਪ“ ਨੂੰ ਲੋਕਾਂ ‘ਚ ਜੜ੍ਹਾਂ ਨਹੀਂ ਦੇ ਰਹੀ। ਖੱਬੀਆਂ ਧਿਰਾਂ ਆਪਣੀ ਸਾਰਥਿਕ ਭੂਮਿਕਾ ਨਿਭਾਉਣ ‘ਚ ਪਿੱਛੇ ਰਹੀਆਂ ਹਨ ਅਤੇ ਲੋਕ ਅਧਾਰ ਨਹੀਂ ਬਣਾ ਰਹੀਆਂ।

- Advertisement -

ਕਾਂਗਰਸ ਹਾਈ ਕਮਾਨ ਵਲੋਂ ਕਾਂਗਰਸ ਦੀ ਇਸ ਪਾਲਿਸੀ ਤਹਿਤ ਕਿ ਨਵਿਆਂ ਨੂੰ ਸਾਹਮਣੇ ਲਿਆਉਣ ਅਤੇ ਲੋਕਾਂ ਨੂੰ ਨਵੇਂ ਨਵੇਂ ਨਾਹਰੇ ਦੇ ਕੇ ਭੁਚਲਾ ਲਵੋ ਅਤੇ ਕੋਈ ਨੇਤਾ ਆਪਣੇ ਬਰਾਬਰ ਨਾ ਹੋਣ ਦਿਓ ਤਹਿਤ ਨਵਜੋਤ ਸਿੰਘ ਸਿੱਧੂ ਸਾਹਮਣੇ ਲਿਆਂਦਾ ਗਿਆ ਹੈ। ਪਰ ਉਸਦਾ ਪੈਂਡਾ ਬਿਖੜਾ ਹੈ। ਕੀ ਸਿੱਧੂ ਸਾਰਿਆਂ ਨੂੰ ਨਾਲ ਲੈਕੇ ਚੱਲ ਸਕੇਗਾ? ਕੀ ਉਹਨਾ ਨੂੰ ਵੀ ਨਾਲ ਲਏਗਾ, ਜਿਹਨਾ ਨੂੰ ਉਹ ਛੱਜ ‘ਚ ਪਾ ਕੇ ਛੱਟਿਆ ਕਰਦਾ ਸੀ? ਬਿਨ੍ਹਾਂ ਸ਼ੱਕ ਉਹ ਚੰਗਾ ਬੁਲਾਰਾ ਹੈ, ਪਰ ਉਸਦਾ ਸਿਆਸੀ ਤਜ਼ਰਬਾ ਕੀ ਐਡਾ ਹੈ ਕਿ ਉਹ “ਚੰਗੇ-ਮਾੜੇ“ ਵਰਕਰ-ਨੇਤਾ, ਉਪਰਲੇ-ਹੇਠਲੇ ਹਰ ਕਾਂਗਰਸੀ ਨਾਲ ਸਾਂਝ ਪਾਉਣ ‘ਚ ਕਾਮਯਾਬ ਹੋਏਗਾ? ਇਸ ਤੋਂ ਵੀ ਵੱਡੀ ਗੱਲ ਇਹ ਕਿ ਕੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਉਹ ਤਿਰਛੇ ਬਾਣ ਝੱਲ ਸਕੇਗਾ, ਜਿਹੜੇ ਨੇੜ-ਭਵਿੱਖ ‘ਚ ਉਹ ਆਪਣੀ ਹੋਂਦ ਨੂੰ ਬਚਾਉਣ ਲਈ ਛੱਡਣਗੇ? ਚਣੌਤੀਆਂ ਨਵਜੋਤ ਸਿੰਘ ਸਿੱਧੂ ਅੱਗੇ ਵੱਡੀਆਂ ਹਨ ਅਤੇ ਸਭ ਤੋਂ ਵੱਡੀ ਚਣੌਤੀ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਜਿੱਤਣ ਦੀ ਹੈ। ਕਾਂਗਰਸ ਪ੍ਰਧਾਨ ਬਨਣ ਤੋਂ ਪਹਿਲਾਂ ਉਹਨਾ ਨੇ ਜਿਹੜੇ ਮੁੱਦੇ ਚੁੱਕੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ। ਕੀ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਹੋਣ ਕਾਰਨ ਇਹਨਾ ਮੁੱਦਿਆਂ ਨੂੰ ਕੈਪਟਨ ਸਰਕਾਰ ਤੋਂ ਹੱਲ ਕਰਵਾ ਸਕਣਗੇ? ਜੇਕਰ ਬੇਅਦਬੀ ਵਾਲਾ ਮੁੱਦਾ, ਨਸ਼ਿਆਂ ਅਤੇ ਰੇਤ ਮਾਫੀਆ ਵਾਲਾ ਮੁੱਦਾ ਆਉਣ ਵਾਲੇ ਸਮੇਂ ‘ਚ ਜਿਉਂ ਦਾ ਤਿਉਂ ਬਣਿਆ ਰਿਹਾ ਤਾਂ ਸਿੱਧੂ ਦਾ ਰਾਹ ਕਿਹੜਾ ਹੋਏਗਾ? ਅੱਜ ਹੀ ਖਟਕੜ ਕਲਾਂ ਵਿਖੇ ਇਕੱਤਰ ਹੋਏ ਸੈਂਕੜੇ ਲੋਕ ਤੇ ਕਿਸਾਨ ਨਵਜੋਤ ਸਿੰਘ ਸਿੱਧੂ ਤੋਂ 2017 ‘ਚ ਕੀਤੇ ਵਾਅਦਿਆਂ ਦੀ ਪੂਰਤੀ ਲਈ ਸਵਾਲ ਕਰਨ ਲੱਗੇ। ਜਵਾਬ ਨਾ ਮਿਲਣ ਕਾਰਨ ਹੰਗਾਮਾ ਹੋ ਗਿਆ ਅਤੇ ਲੋਕਾਂ ਨੇ ਖਟਕੜ ਕਲਾਂ ਵਿਖੇ ਸੜਕ ਜਾਮ ਕਰ ਦਿੱਤੀ।

ਬਿਨ੍ਹਾਂ ਸ਼ੱਕ ਪੰਜਾਬ ਦੀ ਕਾਂਗਰਸ ‘ਚ ਕਾਟੋ-ਕਲੇਸ਼ ਨਵਾਂ ਨਹੀਂ ਹੈ। ਸਥਾਪਿਤ ਲੀਡਰਸ਼ਿਪ ਵਿਰੁੱਧ ਘੁਸਰ-ਮੁਸਰ ਹੋਣਾ ਆਮ ਗੱਲ ਹੈ। ਪਰ ਜਿਸ ਢੰਗ ਨਾਲ ਚੋਣਾਂ ਤੋਂ ਪਹਿਲਾਂ ਜੋ ਖਿਲਾਰਾ ਪਾਇਆ ਗਿਆ ਹੈ, ਉਸ ਨਾਲ ਕਾਂਗਰਸ ਨੂੰ ਸਿੱਧਾ ਨੁਕਸਾਨ ਹੋਇਆ ਹੈ। ਭਾਵੇਂ ਕਿ ਕਾਂਗਰਸ ਹਾਈ ਕਮਾਨ ਨੇ ਅਨੁਸੂਚਿਤ ਜਾਤੀ, ਪੱਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ਦਾ ਸੰਤੁਲਨ ਬਣਾਕੇ ਮਾਝਾ, ਮਾਲਵਾ, ਦੁਆਬਾ ਦੇ ਪ੍ਰਤੀਨਿਧੀਆਂ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਕੁਮਾਰ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਨੂੰ ਪ੍ਰਤੀਨਿਧਤਾ ਦਿੱਤੀ ਹੈ, ਅਤੇ ਇਹ ਚਾਰੋਂ ਰਾਹੁਲ ਗਾਂਧੀ ਟੀਮ ਦੇ ਮੈਂਬਰ ਹਨ, ਪਰ ਇਸ ਨਾਲ ਟਕਸਾਲੀ ਕਾਂਗਰਸੀਆਂ ‘ਚ ਇਹ ਪ੍ਰਭਾਵ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ, ਜਿਹੜਾ ਦੇਰ ਸਵੇਰ ਕਾਂਗਰਸ ਵਿਚੋਂ ਇਹਨਾ ਲੋਕਾਂ ਦੇ ਦੂਰ ਜਾਣ ਤੇ ਹੋਰ ਪਾਰਟੀਆਂ ‘ਚ ਸ਼ਾਮਲ ਹੋਣ ਦਾ ਕਾਰਨ ਬਣੇਗਾ। ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਕਾਂਗਰਸੀਆਂ ਪਰਿਵਾਰਾਂ ‘ਚ ਬਗਾਵਤ ਦੀ ਅੱਗ ਧੁੱਖਣ ਲੱਗ ਪਈ ਹੈ।

ਮੌਜੂਦਾ ਹਾਲਤਾਂ ਵਿੱਚ ਕਾਂਗਰਸ ਦੀ ਹਾਲਤ ਹਾਸੋਹੀਣੀ ਬਣ ਚੁੱਕੀ ਹੈ। ਕਾਂਗਰਸ ਹਾਈ ਕਮਾਨ ਜਿਸਨੇ ਸਿਆਸੀ ਧੁਰੰਤਰਾਂ ਨੂੰ ਲੜਾਕੇ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕੀਤਾ ਹੈ, ਸ਼ਾਇਦ ਉਸਨੂੰ ਇਸ ਗੱਲ ਦਾ ਅਹਿਸਾਸ ਥੋੜ੍ਹੇ ਸਮੇਂ ਬਾਅਦ ਹੋ ਜਾਏ ਤੇ ਉਹਨਾ ਨੂੰ ਹੱਥ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਣ। ਗੁੱਟਬਾਜੀ ਕਾਰਨ ਪੰਜਾਬ ‘ਚ ਹੀ ਨਹੀਂ ਮੱਧ ਪ੍ਰਦੇਸ਼ ਵਿੱਚ ਆਪਣੀ ਗੱਦੀ ਗੁਆ ਚੁੱਕੀ ਹੈ। ਰਾਜਸਥਾਨ ‘ਚ ਗੁੱਟਬੰਦੀ ਸੁਝਾਅ ਨਹੀਂ ਸਕੀ। ਛੱਤੀਸਗੜ੍ਹ ਵਿੱਚ ਵੀ ਹਾਲਤ ਇਹੋ ਹੈ।

ਇਹ ਵੱਡਾ ਸੱਚ ਹੈ ਕਾਂਗਰਸ ਦੇ ਇਸ ਕਾਟੋ-ਕਲੇਸ਼ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਨ ਨਹੀਂ ਕਰਨਾ ਅਤੇ ਅਗਲੇ 6 ਜਾਂ 8 ਮਹੀਨੇ ਉਸਨੇ ਹਾਈ ਕਮਾਨ ਦੀ ਪ੍ਰਵਾਹ ਨਾ ਕਰਕੇ ਪੰਜਾਬ ਵਜਾਰਤ ਚਲਾਉਣੀ ਹੈ, ਕਿਉਂਕਿ ਕਾਂਗਰਸ ਹਾਈ ਕਮਾਨ ਕਦੇ ਇਹ ਗਵਾਰਾ ਨਹੀਂ ਕਰੇਗੀ ਕਿ ਸਿੱਧੂ ਨਾਲ ਖੜੇ ਦੋ ਦਰਜਨ ਵਿਧਾਇਕਾਂ ਦੀ ਹਿਮਾਇਤ ਕੈਪਟਨ ਵਜਾਰਤ ਤੋਂ ਵਾਪਿਸ ਲੈ ਕੇ ਪੰਜਾਬ ‘ਚ ਕਾਂਗਰਸ ਹਕੂਮਤ ਦਾ ਖ਼ਾਤਮਾ ਕਰ ਲਏ। ਕੈਪਟਨ ਅਮਰਿੰਦਰ ਸਿੰਘ ਇੱਕ ਸੂਝਵਾਨ, ਤਜ਼ਰਬੇਦਾਰ ਸਿਆਸਦਾਨ ਦੇ ਤੌਰ ‘ਤੇ ਵਿਰੋਧੀ ਗਰੁੱਪ ਨੂੰ ਨੁਕਰੇ ਲਾਉਣ ਲਈ ਹਰ ਢੰਗ ਵਰਤੇਗਾ। ਇਹ ਵੱਖਰੀ ਗੱਲ ਹੈ ਕਿ ਇਸ ਸਭ ਕੁਝ ਦੇ ਨਾਲ ਉਹ ਅੱਗੋਂ ਸਰਕਾਰ ਬਣਾ ਸਕੇ ਜਾਂ ਨਾ। ਉਹ ਵਿਧਾਇਕਾਂ ਨੂੰ ਲਾਲਚ ਦੇਕੇ, ਸਹੂਲਤਾਂ ਦੇਕੇ (ਜਿਵੇਂ ਕਿ ਅੱਜ ਹੀ 21 ਚਹੇਤੇ ਵਿਧਾਇਕਾਂ ਨੂੰ ਨਵੀਆਂ ਕਾਰਾਂ ਅਲਾਟ ਕੀਤੀਆਂ ਗਈਆਂ ਹਨ) ਉਹ ਆਪਣੇ ਨਾਲ ਕਰੇਗਾ ਅਤੇ ਵੱਡੀ ਗਿਣਤੀ ‘ਚ ਆਪਣੇ ਸਮਰੱਥਕਾਂ ਨੂੰ ਟਿਕਟਾਂ ਦੁਆ ਕੇ ਜਿਤਾਉਣ ਲਈ ਉਹ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰੇਗਾ ਅਤੇ ਆਪਣੇ ਵਿਰੋਧੀ ਧੜੇ ਦੇ ਲੋਕਾਂ ਨੂੰ ਹਰਾਉਣ ‘ਚ ਭੂਮਿਕਾ ਨਿਭਾਉਣ ਤੋਂ ਗੁਰੇਜ਼ ਵੀ ਨਹੀਂ ਕਰੇਗਾ।

ਇਹ ਅਫ਼ਵਾਹਾਂ ਵੀ ਹਨ ਕਿ ਕੈਪਟਨ ਆਪਣੀ ਵੱਖਰੀ ਪਾਰਟੀ ਬਣਾ ਲੈਣਗੇ, ਕਿਸਾਨਾਂ ਤੋਂ ਮਦਦ ਲੈ ਕੇ ਚੋਣ ਲੜਣਗੇ ਜਾਂ ਕਿਸਾਨਾਂ ਦੇ ਮਸਲੇ ਕੇਂਦਰ ਤੋਂ ਹੱਲ ਕਰਵਾਕੇ ਉਹ ਭਾਜਪਾ ਵਲੋਂ ਸਿੱਖ ਚਿਹਰਾ ਬਣਕੇ ਮੁੱਖ ਮੰਤਰੀ ਬਣ ਜਾਣਗੇ। ਇਹ ਕਿਆਸ ਅਰਾਈਆਂ ਸਮੇਂ ਤੋਂ ਪਹਿਲਾਂ ਦੀਆਂ ਹਨ। ਇਸ ਵੇਲੇ ਤਾਂ ਕਾਂਗਰਸ ਪਾਰਟੀ ਨੂੰ ਜਿਹੜਾ ਨੁਕਸਾਨ ਅਨਾੜੀ ਕਾਂਗਰਸ ਹਾਈ ਕਮਾਨ ਕਾਰਨ ਝਲਣਾ ਪਿਆ ਹੈ, ਉਸਨੂੰ ਠੀਕ ਕਰਨਾ, ਲੀਹੇ ਲਿਆਉਣਾ ਸ਼ਾਇਦ ਅਮਰਿੰਦਰ ਸਿੰਘ ਦਾ ਅਜੰਡਾ ਹੋਏਗਾ।

ਕਾਂਗਰਸ ਦੀ ਇਸ ਅੰਦਰੂਨੀ ਲੜਾਈ ਨੇ ਪੰਜਾਬੀਆਂ ਨੂੰ ਪ੍ਰੇਸ਼ਾਨ ਕੀਤਾ ਹੈ। ਉਹਨਾ ਦੀ ਇਹ ਪ੍ਰੇਸ਼ਾਨੀ ਉਂਜ ਲੰਮੇ ਸਮੇਂ ਤੋਂ ਇਸ ਕਰਕੇ ਵੀ ਹੈ ਕਿ ਪੰਜਾਬੀ, ਸਿਆਸੀ ਲੋਕਾਂ ਤੋਂ ਮੂੰਹ ਵੱਟ ਰਹੇ ਹਨ, ਕਿਉਂਕਿ ਸਿਆਸੀ ਲੋਕ ਸਵਾਰਥੀ ਹੋ ਗਏ ਹਨ ਤੇ ਉਹਨਾ ਦੀ ਬਾਂਹ ਨਹੀਂ ਫੜ ਰਹੇ। ਉਹਨਾ ਦੀ ਪੀੜ ਨਹੀਂ ਸਮਝਦੇ। ਉਹਨਾ ਨੂੰ ਰਿਆਇਤਾਂ ਦੇ ਕੇ ਜਾਂ ਧਰਮ, ਜਾਤ ਦੇ ਨਾਮ ‘ਤੇ ਵੰਡ, ਤਕਸੀਮ ਦੀ ਸਿਆਸਤ ਕਰਕੇ ਗੁਮਰਾਹ ਕਰ ਰਹੇ ਹਨ।

ਸੰਪਰਕ :9815802070

Share this Article
Leave a comment