ਪੰਜਾਬ ਦੀ ਬਹਾਦਰ ਕੁੜੀ – ਸਾਬਾਸ਼ ਕੁਸਮ!

TeamGlobalPunjab
4 Min Read

-ਅਵਤਾਰ ਸਿੰਘ

ਪੰਜਾਬ ਦੇ ਸ਼ਹਿਰ ਜਲੰਧਰ ਦੀ ਐਤਵਾਰ ਨੂੰ ਵਾਪਰੀ ਇਕ ਘਟਨਾ ਜੋ ਸੋਮਵਾਰ ਨੂੰ ਮੀਡੀਆ ਵਿਚ ਆਈ, ਨੇ ਸਭ ਦਾ ਵਿਸ਼ੇਸ਼ ਧਿਆਨ ਖਿਚਿਆ ਹੈ। ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਇਸ ਘਟਨਾ ਵਿਚ ਇਕ ਬੱਚੀ ਵੱਲੋਂ ਦਿਖਾਈ ਗਈ ਬਹਾਦਰੀ ਨੇ ਸਾਰਿਆਂ ਨੂੰ ਮੂੰਹੋਂ ਕਹਿਣ ਲਈ ਮਜਬੂਰ ਕਰ ਦਿੱਤਾ ‘ਸ਼ਾਬਾਸ਼ ਕੁਸੁਮ’, ਸਦਕੇ ਤੇਰੀ ਬਹਾਦਰੀ ਦੇ। ਰਿਪੋਰਟਾਂ ਅਨੁਸਾਰ ਜਲੰਧਰ – ਕਪੂਰਥਲਾ ਰੋਡ ‘ਤੇ ਦੀਨ ਦਯਾਲ ਉਪਾਧਿਆਇ ਨਗਰ ਵਿੱਚ ਕੁਸਮ ਟਿਊਸ਼ਨ ਪੜ੍ਹ ਕੇ ਘਰ ਆ ਰਹੀ ਸੀ ਕਿ ਦੋ ਸਕੂਟਰ ਸਵਾਰ ਮੁੰਡਿਆਂ ਨੇ ਉਸ ਦੇ ਹੱਥ ਵਿਚੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੇ ਆਪਣੀ ਬਹਾਦਰੀ ਦੀ ਮਿਸਾਲ ਕਾਇਮ ਕਰਦਿਆਂ ਇਨ੍ਹਾਂ ਦਾ ਮੁਕਾਬਲਾ ਕੀਤਾ। ਹਾਲਾਂਕਿ ਉਹ ਉਨ੍ਹਾਂ ਵੇਹਲੜਾਂ ਹੱਥੋਂ ਜ਼ਖਮੀ ਵੀ ਹੋ ਗਈ ਪਰ ਉਸ ਨੇ ਉਨ੍ਹਾਂ ਦਾ ਮੁਕਾਬਲਾ ਪੂਰੀ ਹਿੰਮਤ ਨਾਲ ਕੀਤਾ। ਜਿਸ ਹੌਸਲੇ ਨਾਲ ਕੁਸਮ ਨੇ ਇਨ੍ਹਾਂ ਦਾ ਮੁਕਾਬਲਾ ਕੀਤਾ ਉਸ ਵਿੱਚ ਉਸ ਦੀ ਜਾਨ ਨੂੰ ਪੂਰਾ ਖ਼ਤਰਾ ਜਾਪਦਾ ਹੈ। ਪਰ ਉਸ ਨੇ ਕਿਸੇ ਕਿਸਮ ਦੀ ਪ੍ਰਵਾਹ ਨਹੀਂ ਕੀਤੀ।

ਦਿਹਾੜੀਦਾਰ ਪਿਓ ਸਾਧੂ ਰਾਮ ਦੀ ਇਹ ਧੀ ਇਸ ਵੇਲੇ ਇਕ ਜੋਸ਼ੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਪਰ ਅਜੇ ਵੀ ਪੂਰੇ ਹੌਸਲੇ ਵਿਚ ਹੈ। ਉਸ ਦੇ ਇਲਾਜ਼ ਦਾ ਸਾਰਾ ਖਰਚਾ ਜ਼ਿਲਾ ਪ੍ਰਸਾਸ਼ਨ ਕਰ ਰਿਹਾ ਹੈ। ਉਸ ਦੇ ਇਸ ਜਜ਼ਬੇ ਦੀ ਸਭ ਸਰਾਹਨਾ ਕਰ ਰਹੇ ਹਨ। ਇਹ ਸਾਰੀ ਘਟਨਾ ਕੈਮਰਿਆਂ ਵਿੱਚ ਕੈਦ ਹੋ ਗਈ। ਜਦੋਂ ਕੈਮਰਿਆਂ ਦੀ ਫੁਟੇਜ ਪੁਲਿਸ ਨੇ ਦੇਖੀ ਉਹ ਵੀ ਕੁਸਮ ਦੀ ਹਿੰਮਤ ਦੀ ਸਿਫਤ ਕਰਨ ਲੱਗ ਪਏ। ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕੁਸਮ ਦਾ ਨਾਂ ਕੌਮੀ ਤੇ ਰਾਜ ਬਹਾਦਰੀ ਪੁਰਸਕਾਰ ਲਈ ਭੇਜਿਆ ਜਾਵੇਗਾ।

ਮੋਬਾਈਲ ਖੋਹਣ ਵਾਲੇ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕਰਨ ਵਾਲੀ 15 ਸਾਲਾ ਕੁਸਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ 51,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਕੁਸਮ ਦੀ ਬਹਾਦਰੀ ਦੀ ਚਰਚਾ ਜਲੰਧਰ ਵਿੱਚ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਹੋ ਰਹੀ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਮੁਤਾਬਿਕ ਕੁਸਮ ਨੂੰ ਇਕ ਮੁਲਜ਼ਮ ਨੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਕੁਸਮ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।

- Advertisement -

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੂਜੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸਮ ਦੇ ਨਾਂ ਨੂੰ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਵਰਤਿਆ ਜਾਵੇਗਾ ਅਤੇ ‘ਦਾਦੀ ਦੀ ਲਾਡਲੀ’ ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਤਿੰਨ ਲੜਕੀਆਂ ਨੂੰ 10,000 ਰੁਪਏ, 5,000 ਰੁਪਏ ਅਤੇ 2,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਰਿਪੋਰਟਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕੁਸਮ ਦੇ ਨਾਂ ਵਾਲੇ ਸੁਭੰਕਰ (ਮਸਕਟ) ਦੀ ਵਰਤੋਂ ਕਰਨ ਲਈ ਜਲਦ ਐਲਾਨ ਕਰ ਦਿੱਤਾ ਜਾਵੇਗਾ। ਵਿਭਾਗ ਦੀ ਟੀਮ ਉਸ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰ ਰਹੀ ਹੈ।

ਇਸੇ ਤਰ੍ਹਾਂ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਹੋਰ ਆਗੂਆਂ ਨੇ ਹਸਪਤਾਲ ਜਾ ਕੇ ਪੀੜਤ ਲੜਕੀ ਦਾ ਹਾਲ-ਚਾਲ ਪੁੱਛਿਆ। ਯੂਥ ਕਾਂਗਰਸ, ਜਲੰਧਰ ਦੇ ਪ੍ਰਧਾਨ ਅੰਗਦ ਦਤਾ ਨੇ ਵੀ ਜੋਸ਼ੀ ਹਸਪਤਾਲ ਜਾ ਕੇ ਕੁਸਮ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨਾਲ ਕੁਸਮ ਦੀ ਬਹਾਦਰੀ ਬਾਰੇ ਗੱਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਕਿ ਕੁਸਮ ਨੂੰ ਵਿਸ਼ੇਸ਼ ਸਕਾਲਰਸ਼ਿਪ ਦਿਵਾਉਣ ਦੇ ਯਤਨ ਕਰਨਗੇ। ਪੰਜਾਬ ਦੀ ਇਸ ਬਹਾਦਰ ਕੁੜੀ ਵਾਂਗ ਸਭ ਲੜਕੀਆਂ ਨੂੰ ਬੁਰਾਈ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸਾਬਾਸ਼ ਕੁਸਮ!

Share this Article
Leave a comment