ਬਾਇਡਨ ਦਾ ਪੁਤਿਨ ਨੂੰ ਵੱਡਾ ਝਟਕਾ! ਅਮਰੀਕਾ ਨੇ ਰੂਸ ਤੋਂ ਤੇਲ ਦੀ ਦਰਾਮਦ ‘ਤੇ ਲਗਾਈਆਂ ਪਾਬੰਦੀਆਂ 

TeamGlobalPunjab
2 Min Read

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਜਵਾਬ ‘ਚ ਉਸਦੀ ਅਰਥਵਿਵਸਥਾ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ, ਰੂਸ ਤੋਂ ਸਾਰੇ ਤੇਲ ਆਯਾਤ ‘ਤੇ ਪਾਬੰਦੀਆਂ ਲਗਾਏਗਾ। ਹਾਲਾਂਕਿ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਅਮਰੀਕੀਆਂ ਲਈ, ਖਾਸ ਕਰਕੇ ਗੈਸ ਪੰਪ ‘ਤੇ ਲਾਗਤ ਵਧੇਗੀ। ਇਹ ਕਾਰਵਾਈ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੁਆਰਾ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੂੰ ਦਰਾਮਦ ਘਟਾਉਣ ਦੀ ਅਪੀਲ ਕਰਨ ਤੋਂ ਬਾਅਦ ਹੋਈ ਹੈ।

ਰੂਸ ਦੇ ਵਿੱਤੀ ਖੇਤਰ ‘ਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਤੇਲ ਨਿਰਯਾਤ ਨੇ ਨਕਦੀ ਦੇ ਪ੍ਰਵਾਹ ਨੂੰ ਸਥਿਰ ਰੱਖਿਆ ਹੈ। ਬਾਇਡਨ ਨੇ ਘੋਸ਼ਣਾ ਕੀਤੀ ਕਿ ਅਸੀਂ ਪੁਤਿਨ ਦੀ ਜੰਗ ਨੂੰ ‘ਸਬਸਿਡੀ’ ਦੇਣ ਦਾ ਹਿੱਸਾ ਨਹੀਂ ਬਣਾਂਗੇ। ਉਨ੍ਹਾਂ ਨੇ ਨਵੀਂ ਕਾਰਵਾਈ ਨੂੰ ਰੂਸ ਵੱਲੋਂ ਚੱਲ ਰਹੇ ਯੁੱਧ ਲਈ ਫੰਡ ਇਕੱਠਾ ਕਰਨ ਦੇ ਖਿਲਾਫ਼ ਇੱਕ “ਜ਼ੋਰਦਾਰ ਝਟਕਾ” ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕੀਆਂ ਨੂੰ ਵਧਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਪਵੇਗਾ, ਆਜ਼ਾਦੀ ਦੀ ਰਾਖੀ ਕਰਨੀ ਮਹਿੰਗੀ ਪਵੇਗੀ।

ਬਾਇਡਨ ਨੇ ਕਿਹਾ ਕਿ ਅਮਰੀਕਾ ਯੂਰਪੀ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ, ਜੋ ਰੂਸੀ ਊਰਜਾ ਸਪਲਾਈ ‘ਤੇ ਜ਼ਿਆਦਾ ਨਿਰਭਰ ਹਨ। ਬਾਇਡਨ ਦੇ ਚੋਟੀ ਦੇ ਖੁਫੀਆ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਰੂਸ ਨੇ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਯੂਕਰੇਨ ਦੇ ਵਿਰੋਧ ਦੀ ਤਾਕਤ ਨੂੰ ਘੱਟ ਸਮਝਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਯੁੱਧ ਵਿੱਚ ਬਹੁਤ ਸਾਰੇ ਰੂਸੀਆਂ ਦੇ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੈਨਸ ਨੇ ਕਾਂਗਰਸ (ਯੂਐਸ ਪਾਰਲੀਮੈਂਟ) ਦੀ ਇੱਕ ਕਮੇਟੀ ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੁੱਧ ਨਹੀਂ ਹਾਰਨਾ ਚਾਹੁੰਦੇ ਹਨ, ਪਰ ਉਨ੍ਹਾਂ ਦੀ ਜਿੱਤ ਸੰਘਰਸ਼ ਦੇ ਪ੍ਰਭਾਵ ਨੂੰ ਵਧਾ ਸਕਦੀ ਹੈ। ਹੈਨਸ ਨੇ ਕਿਹਾ ਕਿ ਅਮਰੀਕਾ ਨੂੰ ਰੂਸ ਦੇ ਪ੍ਰਮਾਣੂ ਹਥਿਆਰਾਂ ਦੀ ਸਥਿਤੀ ਵਿੱਚ ਕੋਈ ਅਸਾਧਾਰਨ ਬਦਲਾਅ ਨਹੀਂ ਮਿਲਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment