ਅਮਰੀਕਾ : ਵਿਦੇਸ਼ੀ ਕਾਮਿਆਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਅਮਰੀਕਾ ਨੇ H-1B ਵੀਜ਼ਾ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਇੱਕ ਨਵਾਂ ਫਾਰਮ I-129 ਪੇਸ਼ ਕੀਤਾ ਹੈ, ਜਿਸ ਨਾਲ ਹੁਣ H-1B ਵੀਜ਼ਾ ਬੇਤਰਤੀਬ ਲਾਟਰੀ ਰਾਹੀਂ ਨਹੀਂ, ਸਗੋਂ ਤਨਖਾਹ ਦੇ ਆਧਾਰ ‘ਤੇ ਦਿੱਤਾ ਜਾਵੇਗਾ।
USCIS ਨੇ ਅਮਰੀਕੀ ਕੰਪਨੀਆਂ ਨੂੰ ਇਸ ਫਾਰਮ ਰਾਹੀਂ ਵਿਦੇਸ਼ੀ ਕਾਮਿਆਂ ਵੱਲੋਂ ਪਟੀਸ਼ਨਾਂ ਦਾਇਰ ਕਰਦੇ ਸਮੇਂ ਨੌਕਰੀ ਨਾਲ ਸਬੰਧਤ ਹੋਰ ਵੇਰਵੇ ਜਮ੍ਹਾਂ ਕਰਾਉਣ ਲਈ ਕਿਹਾ ਹੈ। ਅਮਰੀਕਾ ਵਿੱਚ ਹਰ ਸਾਲ ਲਗਭਗ 65 ਹਜ਼ਾਰ H-1B ਵੀਜ਼ਾ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ 20 ਹਜ਼ਾਰ ਵੀਜ਼ੇ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਲਈ ਵੱਖਰੇ ਤੌਰ ‘ਤੇ ਰਾਖਵੇਂ ਹਨ ਜਿਨ੍ਹਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਵੱਧ ਦੀ ਡਿਗਰੀ ਪੂਰੀ ਕੀਤੀ ਹੈ।
ਨਵੇਂ ਫਾਰਮ ਵਿੱਚ ਕੰਪਨੀ ਨੂੰ ਹੁਣ ਨੌਕਰੀ ਲਈ ਲੋੜੀਂਦੀ ਵਿਦਿਅਕ ਯੋਗਤਾਵਾਂ, ਅਧਿਐਨ ਦੇ ਕਿਹੜੇ ਖੇਤਰ ਦੀ ਲੋੜ ਹੈ, ਉੱਥੇ ਕਿੰਨਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਕਰਮਚਾਰੀ ਦੀਆਂ ਜ਼ਿੰਮੇਵਾਰੀਆਂ ਕੀ ਹੋਣਗੀਆਂ ਇਸਦਾ ਜ਼ਿਕਰ ਕਰਨਾ ਹੋਵੇਗਾ। 1 ਅਪ੍ਰੈਲ 2026 ਤੋਂ, ਸਿਰਫ਼ ਨਵਾਂ ਫਾਰਮ I-129 ਹੀ ਸਵੀਕਾਰ ਕੀਤਾ ਜਾਵੇਗਾ।
ਦੱਸ ਦਈਏ ਇਸ ਵਾਰ H-1B ਵੀਜ਼ਾ ਲਈ ਨੌਕਰੀ ਦੇ ਆਧਾਰ ‘ਤੇ ਤਨਖਾਹ ਦੇ ਚਾਰ ਪੱਧਰ ਹੋਣਗੇ । ਇਹ ਤਨਖਾਹ ਪੱਧਰ ਇਹ ਨਿਰਧਾਰਤ ਕਰੇਗਾ ਕਿ ਕੋਈ ਵਿਅਕਤੀ ਕਿੰਨੀ ਜਲਦੀ ਵੀਜ਼ਾ ਪ੍ਰਾਪਤ ਕਰ ਸਕਦਾ ਹੈ। ਨਵੇਂ ਨਿਯਮਾਂ ਤਹਿਤ ਵੀਜ਼ਾ ਬਿਨੈਕਾਰਾਂ ਨੂੰ ਚਾਰ ਤਨਖਾਹ ਪੱਧਰਾਂ ਵਿੱਚ ਵੰਡਿਆ ਜਾਵੇਗਾ। ਐਂਟਰੀ-ਲੈਵਲ ਯਾਨੀ ਲੈਵਲ-1 ਅਹੁਦਿਆਂ ਲਈ ਅਪਲਾਈ ਕਰਨ ਵਾਲਿਆਂ ਨੂੰ ਸਿਰਫ਼ ਇੱਕ ਮੌਕਾ ਮਿਲੇਗਾ, ਜਦੋਂ ਕਿ ਲੈਵਲ-2 ਲਈ ਦੋ, ਲੈਵਲ-3 ਲਈ ਤਿੰਨ ਅਤੇ ਸਭ ਤੋਂ ਉੱਚੇ ਲੈਵਲ-4 ਅਹੁਦਿਆਂ ਲਈ ਚਾਰ ਮੌਕੇ ਮਿਲਣਗੇ। ਲੈਵਲ-4 ਆਮ ਤੌਰ ‘ਤੇ ਅਜਿਹੇ ਅਹੁਦੇ ਹੁੰਦੇ ਹਨ ਜਿਨ੍ਹਾਂ ਵਿੱਚ ਜ਼ਿਆਦਾ ਤਜਰਬਾ ਅਤੇ ਕਈ ਵਾਰ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੁੰਦੀ ਹੈ।
ਨਵੇਂ ਫਾਰਮ I-129 ਵਿੱਚ ਕੰਪਨੀਆਂ ਨੂੰ ਨੌਕਰੀ ਨਾਲ ਸਬੰਧਤ ਜ਼ਿਆਦਾ ਜਾਣਕਾਰੀ ਦੇਣੀ ਪਵੇਗੀ। ਇਸ ਵਿੱਚ ਇਹ ਦੱਸਣਾ ਹੋਵੇਗਾ ਕਿ ਉਸ ਅਹੁਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਕੀ ਹੈ, ਕਿਸ ਵਿਸ਼ੇ ਦੀ ਡਿਗਰੀ ਜ਼ਰੂਰੀ ਹੈ, ਕੀ ਪਹਿਲਾਂ ਦਾ ਕੰਮ ਦਾ ਤਜਰਬਾ ਚਾਹੀਦਾ ਹੈ ਅਤੇ ਕੀ ਉਸ ਅਹੁਦੇ ‘ਤੇ ਕਿਸੇ ਤਰ੍ਹਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਹੋਵੇਗੀ।
ਦੱਸਣਯੋਗ ਹੈ ਕਿ ਮੂਰਤੀ ਲਾਅ ਫਰਮ ਨੇ ਇੱਕ ਬਲੌਗ ਪੋਸਟ ਵਿੱਚ ਕਿਹਾ ਕਿ ਸਰਕਾਰ ਨੇ ਨਵੇਂ ਫਾਰਮ I-129 ‘ਤੇ ਧਿਆਨ ਨਾਲ ਵਿਚਾਰ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਕੰਪਨੀ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਲੈਵਲ 1 ਦੀ ਤਨਖਾਹ ਦੀ ਪੇਸ਼ਕਸ਼ ਕਰ ਰਹੀ ਹੈ, ਅਤੇ ਨੌਕਰੀ ਦੇ ਵੇਰਵੇ ਵੀ ਲੈਵਲ 1 ਦੇ ਹਨ, ਪਰ ਰਜਿਸਟ੍ਰੇਸ਼ਨ ਦੌਰਾਨ ਕੰਪਨੀ ਲੈਵਲ 1 ਤੋਂ ਉੱਪਰ ਦੀ ਤਨਖਾਹ ਦੇ ਆਧਾਰ ‘ਤੇ ਨੌਕਰੀ ਦੀ ਜਾਣਕਾਰੀ ਦਰਜ ਕਰਦੀ ਹੈ ਤਾਂ USCIS ਇੱਕ ਪੁੱਛਗਿੱਛ ਸ਼ੁਰੂ ਕਰ ਸਕਦਾ ਹੈ। ਇਹ ਕੰਪਨੀ ਤੋਂ ਪੁੱਛ ਸਕਦਾ ਹੈ ਕਿ ਉੱਪਰ-ਪੱਧਰ 1 ਦੀ ਤਨਖਾਹ ਕਿਉਂ ਦਰਜ ਕੀਤੀ ਗਈ ਸੀ। ਕੰਪਨੀ ਦੁਆਰਾ I-129 ‘ਤੇ ਦਿੱਤੇ ਗਏ ਵੇਰਵੇ ਤੁਹਾਡੇ ਪ੍ਰਮਾਣ ਪੱਤਰਾਂ ਨਾਲ ਮੇਲ ਖਾਂਦੇ ਹੋਣੇ ਚਾਹੀਦੇ ਹਨ। ਜੇਕਰ ਇਸ ਵਿੱਚ ਕੋਈ ਅੰਤਰ ਮਿਲਦਾ ਤਾਂ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ।

