ਤੇਹਰਾਨ : ਪੱਛਮੀ ਏਸ਼ੀਆ ਵਿੱਚ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਜਾਰੀ ਸੰਘਰਸ਼ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ। ਸ਼ਾਂਤੀ ਵਾਰਤਾ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ, ਪਰ ਇਸ ਦੇ ਬਾਵਜੂਦ ਦੋਵਾਂ ਪੱਖਾਂ ਵਿਚਾਲੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਕਰਜ ਸ਼ਹਿਰ ਵਿੱਚ ਸਥਿਤ ਇੱਕ ਵੱਡੇ ਪੁਲ ‘ਤੇ ਹਵਾਈ ਹਮਲਾ ਕੀਤਾ, ਜਿਸ ਨੂੰ ਬੀ1 ਬ੍ਰਿਜ ਕਿਹਾ ਜਾਂਦਾ ਹੈ। ਇਸ ਹਮਲੇ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 95 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਸਥਾਨਕ ਮੀਡੀਆ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਅਜੇ ਵਧ ਸਕਦੀ ਹੈ ਕਿਉਂਕਿ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇਹ ਪੁਲ ਤੇਹਰਾਨ ਅਤੇ ਕਰਜ ਵਿਚਕਾਰ ਇੱਕ ਅਹਿਮ ਸੰਪਰਕ ਸੀ। ਇਸ ‘ਤੇ ਹਮਲੇ ਤੋਂ ਬਾਅਦ ਦੋਵਾਂ ਸ਼ਹਿਰਾਂ ਵਿਚਕਾਰ ਆਵਾਜਾਈ ‘ਤੇ ਵੱਡਾ ਅਸਰ ਪਿਆ ਹੈ। ਮਾਹਰ ਮੰਨਦੇ ਹਨ ਕਿ ਅਜਿਹੇ ਹਮਲਿਆਂ ਰਾਹੀਂ ਅਮਰੀਕਾ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਹ ਈਰਾਨ ਦੇ ਮਹੱਤਵਪੂਰਨ ਢਾਂਚਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਡੋਨਾਲਡ ਟਰੰਪ ਨੇ ਇਸ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟਵੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਈਰਾਨ ਦਾ ਸਭ ਤੋਂ ਵੱਡਾ ਪੁਲ ਡੇਗ ਦਿੱਤਾ ਗਿਆ ਹੈ, ਹੁਣ ਇਸ ਦਾ ਕਦੇ ਇਸਤੇਮਾਲ ਨਹੀਂ ਹੋਵੇਗਾ। ਅਜੇ ਹੋਰ ਵੀ ਬਹੁਤ ਕੁਝ ਹੋਣਾ ਬਾਕੀ ਹੈ!” ਉਨ੍ਹਾਂ ਨੇ ਈਰਾਨ ਨੂੰ ਇਹ ਚਿਤਾਵਨੀ ਵੀ ਦਿੱਤੀ ਕਿ “ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਇੱਕ ਸਮਝੌਤਾ ਕਰ ਲਓ।”
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਈਰਾਨ ਦੀ ਫੌਜੀ ਵਿਵਸਥਾ ਨੂੰ ਕਮਜ਼ੋਰ ਕਰਨ ਦੀ ਇੱਕ ਵੱਡੀ ਯੋਜਨਾ ਦਾ ਹਿੱਸਾ ਹੈ। ਇਸ ਦਾ ਮਕਸਦ ਦੇਸ਼ ਦੇ ਅੰਦਰ ਮਿਜ਼ਾਈਲ ਅਤੇ ਡਰੋਨ ਨਾਲ ਜੁੜੇ ਸਾਮਾਨ ਦੀ ਆਵਾਜਾਈ ਨੂੰ ਰੋਕਣਾ ਸੀ। ਈਰਾਨੀ ਆਗੂਆਂ ਨੇ ਇਸ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸੰਸਦ ਸਪੀਕਰ ਮੁਹੰਮਦ ਗਾਲਿਬਾਫ ਨੇ ਕਿਹਾ, “ਜਦੋਂ ਦੇਸ਼ ਦੀ ਰੱਖਿਆ ਦੀ ਗੱਲ ਆਵੇਗੀ, ਤਾਂ ਸਾਡੇ ਵਿੱਚੋਂ ਹਰ ਵਿਅਕਤੀ ਸਿਪਾਹੀ ਬਣ ਜਾਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਦੇ ਲੋਕ ਤਿਆਰ ਹਨ ਅਤੇ ਡਟੇ ਹੋਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

