ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਪਾਕਿਸਤਾਨੀ ਵਿਚੋਲਗੀ ਨਾਲ ਹੋਈ ਅਸਥਾਈ ਜੰਗਬੰਦੀ ਟੁੱਟਣ ਦੀ ਕਗਾਰ ‘ਤੇ ਪਹੁੰਚਦੀ ਜਾਪਦੀ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਫੌਜ ਨੇ ਈਰਾਨ ਵਿੱਚ ਫਿਰ ਤੋਂ ਹਮਲੇ ਕਰ ਦਿੱਤੇ ਹਨ। ਬੁੱਧਵਾਰ ਰਾਤ ਈਰਾਨ ਦੇ ਅੰਦਰ ਇੱਕ ਹੋਰ ਵੱਡੇ ਹਵਾਈ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ ।
ਰਾਇਟਰਜ਼ ਦੀ ਰਿਪੋਰਟ ਮੁਤਾਬਕ ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਹਮਲੇ ਹੋਰਮੁਜ਼ ਜਲਡਮਰੂਮੱਧ ਦੇ ਆਸ-ਪਾਸ ਮੌਜੂਦ ਇੱਕ ਟਿਕਾਣੇ ‘ਤੇ ਕੀਤੇ ਗਏ, ਜਿਸ ਨੂੰ ਅਮਰੀਕੀ ਫੌਜ ਅਤੇ ਵਪਾਰਕ ਜਹਾਜ਼ਾਂ ਲਈ ਖਤਰਾ ਮੰਨਿਆ ਜਾ ਰਿਹਾ ਸੀ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮਹਿਜ਼ ਦੋ ਦਿਨ ਪਹਿਲਾਂ (ਸੋਮਵਾਰ ਨੂੰ) ਵੀ ਅਮਰੀਕੀ ਸੈਂਟਰਲ ਕਮਾਂਡ ਨੇ ਦੱਖਣੀ ਈਰਾਨ ਵਿੱਚ ਮਿਜ਼ਾਈਲ ਲਾਂਚ ਸਾਈਟਾਂ ਅਤੇ ਈਰਾਨੀ ਨੌਸੈਨਾ ਦੀਆਂ ਉਨ੍ਹਾਂ ਬੇੜੀਆਂ ਨੂੰ ਤਬਾਹ ਕੀਤਾ ਸੀ, ਜੋ ਕਥਿਤ ਤੌਰ ‘ਤੇ ਸਮੁੰਦਰ ਵਿੱਚ ਬਾਰੂਦੀ ਮਾਈਨਜ਼ ਵਿਛਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਅਧਿਕਾਰੀ ਅਨੁਸਾਰ ਅਮਰੀਕਾ ਨੇ ਈਰਾਨ ਦੇ ਚਾਰ ਹਮਲਾਵਰ ਡਰੋਨ ਵੀ ਮਾਰ ਗਿਰਾਏ ਹਨ, ਕਿਉਂਕਿ ਉਹ ਖਤਰਾ ਪੈਦਾ ਕਰ ਰਹੇ ਸਨ। ਇਸ ਰਿਪੋਰਟ ਦੇ ਅਨੁਸਾਰ, ਅਮਰੀਕੀ ਫੌਜ ਨੇ ਬੰਦਰ ਅੱਬਾਸ ਵਿੱਚ ਮੌਜੂਦ ਈਰਾਨ ਦੇ ਇੱਕ ਗਰਾਊਂਡ ਕੰਟਰੋਲ ਸਟੇਸ਼ਨ ‘ਤੇ ਵੀ ਹਮਲਾ ਕੀਤਾ, ਜਿੱਥੇ ਕਥਿਤ ਤੌਰ ‘ਤੇ ਪੰਜਵਾਂ ਡਰੋਨ ਉਡਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਅਧਿਕਾਰੀ ਦੇ ਅਨੁਸਾਰ, ਇਹ ਕਾਰਵਾਈ ਸੀਮਤ ਅਤੇ ਪੂਰੀ ਤਰ੍ਹਾਂ ਕੇਵਲ ਡਿਫੈਂਸ ਲਈ ਕੀਤੀ ਗਈ, ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਬਣੀ ਰਹੇ।ਇਸ ਤੋਂ ਪਹਿਲਾਂ ਈਰਾਨ ਦੀ ਅਰਧ-ਸਰਕਾਰੀ ‘ਫਾਰਸ ਨਿਊਜ਼ ਏਜੰਸੀ’ ਨੇ ਵੀਰਵਾਰ ਤੜਕੇ ਦੱਸਿਆ ਸੀ ਕਿ ਈਰਾਨ ਦੇ ਰਣਨੀਤਕ ਬੰਦਰਗਾਹ ਸ਼ਹਿਰ ਅਤੇ ਹੋਰਮੁਜ਼ ਜਲਡਮਰੂਮੱਧ ਦੇ ਨੇੜੇ ਸਥਿਤ ਨੌਸੈਨਿਕ ਅੱਡੇ ‘ਬੰਦਰ ਅੱਬਾਸ’ ਦੇ ਪੂਰਬ ਵਿੱਚ ਤਿੰਨ ਧਮਾਕੇ ਸੁਣੇ ਗਏ ਸਨ।
ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਨਾਲ ਜੁੜੇ ਮੀਡੀਆ ਆਊਟਲੈੱਟ ‘ਫਾਰਸ’ ਦੇ ਅਨੁਸਾਰ, ਧਮਾਕਿਆਂ ਦੀ ਸੂਚਨਾ ਸਥਾਨਕ ਸਮੇਂ ਮੁਤਾਬਕ ਲਗਭਗ ਰਾਤ ਦੇ 1:30 ਵਜੇ ਮਿਲੀ ਅਤੇ ਇਸ ਕਾਰਨ ਬੰਦਰ ਅੱਬਾਸ ਦੇ ਏਅਰ ਡਿਫੈਂਸ ਸਿਸਟਮ ਨੂੰ ਕੁਝ ਸਮੇਂ ਲਈ ਸਰਗਰਮ ਕਰਨਾ ਪਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

