ਧੀਮਾਨ ਤੇ ਜੀਰੇ ਤੋਂ ਬਾਅਦ ਹੁਣ ਇਹ ਲੋਕ ਵੀ ਕੈਪਟਨ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰੇ, ਸ਼ਰੇਆਮ ਖੋਲ੍ਹਤੇ ਵੱਡੇ ਭੇਦ, ਹੁਣ ਦੇਖੋ ਕਿਹੜਾ ਕਿਹੜਾ ਹੁੰਦੈ ਪਾਰਟੀ ‘ਚੋਂ ਬਾਹਰ

TeamGlobalPunjab
5 Min Read

ਫ਼ਰੀਦਕੋਟ : ਸੂਬੇ ਅੰਦਰ ਵਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਜਿੱਥੇ ਪੰਜਾਬ ਸਰਕਾਰ ਸਤਰਕ ਹੋਈ ਜਾਪਦੀ ਹੈ, ਉੱਥੇ ਹੁਣ ਇੰਝ ਲਗਦਾ ਹੈ ਜਿਵੇਂ ਇਸ ਮੁਹਿੰਮ ‘ਚ ਆਮ ਲੋਕ ਵੀ ਸਰਕਾਰ ਦੇ ਨਾਲ ਆਣ ਖਲ੍ਹੋਤੇ ਹਨ। ਇਸ ਗੱਲ ਦੀ ਉਦਾਹਰਨ ਬੀਤੇ ਦਿਨੀਂ ਉਸ ਵੇਲੇ ਮਿਲੀ ਜਦੋਂ ਫਰੀਦਕੋਟ ਜਿਲ੍ਹੇ ਦੇ ਕਾਂਗਰਸੀ ਵਰਕਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫਤਰ ਸਾਹਮਣੇ ਧਰਨਾ ਲਾਉਂਦਿਆਂ ਐੱਸ.ਐੱਸ.ਪੀ ਦੇ ਖਿਲਾਫ ਨਸ਼ਾ ਵਿਕਾਉਣ ਦੇ ਇਲਜ਼ਾਮ ਲਾ ਦਿੱਤੇ। ਜਿਸ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਸਿਆਸੀ ਰੰਗਤ ਅਖਤਿਆਰ ਕਰ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਾਂਗਰਸੀ ਵਰਕਰਾਂ ਵਲੋਂ ਐੱਸ.ਐੱਸ.ਪੀ ‘ਤੇ ਲਗਾਏ ਗਏ ਦੋਸ਼ਾਂ ਸਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਬੰਸ ਸਿੰਘ ਰੋਮਾਣਾ ਨੇ ਇੱਕ ਪੱਤਰਕਾਰ ਮਿਲਣੀ ਕਰਕੇ ਸੂਬਾ ਸਰਕਾਰ ‘ਤੇ ਹੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਿਆਂ ਐਸਐਸਪੀ ‘ਤੇ ਲਗਾਏ ਇਲਜ਼ਾਮਾਂ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।

ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਕਹਿਣਾ ਹੈ ਕਿ ਇਹ ਐਸਐਸਪੀ ‘ਤੇ ਲਾਏ ਗਏ ਇਹ ਇਲਜ਼ਾਮ ਉਸ ਵੇਲੇ ਹੋਰ ਵੀ ਗੰਭੀਰ ਹੋ ਜਾਂਦੇ ਹਨ ਜਦੋਂ ਆਪਾਂ ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਫਿਰੋਜ਼ਪੁਰ ਦੇ ਆਈਜੀ ਮੁਖਮਿੰਦਰ ਸਿੰਘ ਛੀਨਾਂ ‘ਤੇ ਲਾਏ ਗਏ ਅਜਿਹੇ ਹੀ ਇਲਜ਼ਾਮ ਨੂੰ ਇਨ੍ਹਾਂ ਨਾਲ ਮੇਲ ਕੇ ਦੇਖਦੇ ਹਾਂ। ਬੰਟੀ ਰੋਮਾਣਾ ਨੇ ਇੱਥੇ ਸਵਾਲ ਕੀਤੇ ਕਿ ਜਿਸ ਵੇਲੇ ਜੀਰਾ ਵੱਲੋਂ ਇਲਜਾਮ ਲਾਏ ਗਏ ਸਨ, ਉਸ ਸਮੇਂ ਨਾ ਹੀ ਤਾਂ ਇਲਜ਼ਾਮ ਲੱਗਣ ਤੋਂ ਬਾਅਦ ਆਈਜੀ ਖਿਲਾਫ ਕੋਈ ਜਾਂਚ ਕੀਤੀ ਗਈ ਤੇ ਨਾ ਹੀ ਕਾਰਵਾਈ ਅੱਗੇ ਵਧੀ। ਉਨ੍ਹਾਂ ਕਿਹਾ ਕਿ ਜੇਕਰ  ਕੁਲਬੀਰ ਜੀਰਾ ਵੱਲੋਂ ਲਾਏ ਗਏ ਇਲਜ਼ਾਮ ਝੂਠੇ ਸਨ ਤਾਂ ਫਿਰ ਉਸ ਗੱਲ ਦੀ ਜਾਂਚ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ, ਕਿਉਂਕਿ ਰੋਮਾਣਾ ਅਨੁਸਾਰ ਜਾਂ ਤਾਂ ਉਹ ਇਲਜ਼ਾਮ ਲਾਉਣ ਵਾਲਾ ਝੂਠਾ ਸੀ ਤੇ ਜਾਂ ਫਿਰ ਛੀਨਾਂ ਇਹ ਕੰਮ ਕਰਵਾਉਂਦੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦੋਨਾਂ ‘ਚੋਂ ਇੱਕ ਬੰਦਾ ਤਾਂ ਜਰੂਰ ਝੂਠਾ ਹੋਵੇਗਾ। ਬੰਟੀ ਰੋਮਾਣਾ ਨੇ ਕਿਹਾ ਕਿ ਕੁਝ ਇਸੇ ਤਰ੍ਹਾਂ ਦੇ ਹੀ ਹਾਲਾਤ ਮੌਜੂਦਾ ਸਮੇਂ ਵੀ ਬਣ ਚੁਕੇ ਹਨ ਜਿਨ੍ਹਾਂ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਲੋੜ ਹੈ।

ਇੱਧਰ ਦੂਜੇ ਪਾਸੇ ਇੱਕ ਕਾਂਗਰਸੀ ਵਰਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਸਮੇਂ ਕਾਂਗਰਸ ਸਰਕਾਰ ਸੱਤਾ ‘ਚ ਆਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਸਹੁੰ ਖਾਦੀ ਸੀ ਕਿ ਉਹ ਕਿਸੇ ਵੀ ਨਸ਼ਾ ਤਸਕਰ ਦਾ ਸਾਥ ਨਹੀਂ ਦੇਣਗੇ ਅਤੇ ਜੋ ਕੋਈ ਵੀ ਨਸ਼ਾ ਕਰਦਾ ਹੈ ਉਸ ਦਾ ਇਲਾਜ਼ ਕਰਾਉਣਾ ਤੇ ਨਸ਼ਾ ਤਸਕਰਾਂ ਨੂੰ ਪੁਲਿਸ ਹਵਾਲੇ ਕਰਾਉਣਾ ਉਨ੍ਹਾਂ ਦਾ ਫਰਜ਼ ਹੋਵੇਗਾ। ਇਸ ਤੋਂ ਅੱਗੇ ਕਾਂਗਰਸੀ ਵਰਕਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਇਹੀ ਗੱਲ ਸਥਾਨਕ ਪੁਲਿਸ ਕਪਤਾਨ ਤੋਂ ਸਹਿਣ ਨਹੀਂ ਹੋਈ। ਇਸ ਕਾਂਗਰਸੀ ਵਰਕਰ ਨੇ ਅੱਗੇ ਦੋਸ਼ ਲਾਉਂਦਿਆਂ ਕਿਹਾ ਕਿ ਜਿਹੜੇ ਵੀ ਨਸ਼ਾ ਤਸਕਰ ਉਨ੍ਹਾਂ ਵੱਲੋਂ ਫੜਾਏ ਜਾਂਦੇ ਹਨ ਉਨ੍ਹਾਂ ‘ਤੇ ਥੋੜਾ ਨਸ਼ਾ ਪਾ ਕੇ ਕੇਸ ਅੱਗੇ ਇਹ ਕਹਿੰਦਿਆਂ ਤੋਰ ਦਿੱਤਾ ਜਾਂਦਾ ਹੈ ਕਿ ਤੇਰੀ(ਨਸ਼ਾ ਤਸਰਕਰ) 10 ਤੋਂ 15 ਦਿਨ ਬਾਅਦ ਜ਼ਮਾਨਤ ਹੋ ਜਾਵੇਗੀ। ਵਰਕਰ ਅਨੁਸਾਰ ਪੁਲਿਸ ਵਾਲੇ ਜਿਹੜਾ ਨਸ਼ਾ ਤਸਕਰ ਤੋਂ ਫੜਦੇ ਹਨ ਕਾਗਜਾਂ ‘ਚ ਉਸ ਨਸ਼ੇ ਨੂੰ ਘੱਟ ਕਰਕੇ ਦਿਖਾਇਆ ਜਾਂਦਾ ਹੈ ਤੇ ਬਾਕੀ ਬਚਿਆ ਨਸ਼ਾ ਉਹ ਲੋਕ ਖੁਦ ਦੂਜੇ ਤਸਕਰਾਂ ਨੂੰ ਬਾਹਰ ਵੇਚਣ ਲਈ ਦੇ ਦਿੰਦੇ ਹਨ। ਇਸ ਤੋਂ ਅੱਗੇ ਉਨ੍ਹਾਂ ਇਲਜ਼ਾਮ ਲਾਇਆ ਕਿ ਇੱਥੋਂ ਦਾ ਐਸਐਸਪੀ ਬਿਲਕੁਲ ਭ੍ਰਿਸ਼ਟ ਹੈ ਤੇ ਇਸੇ ਦੇ ਵਿਰੋਧ ‘ਚ ਉਨ੍ਹਾਂ ਨੇ ਇਹ ਧਰਨਾ ਦਿੱਤਾ ਹੈ।

ਇੱਧਰ ਦੂਜੇ ਪਾਸੇ ਜਦੋਂ ਫ਼ਰੀਦਕੋਟ ਦੇ ਐਸਐਸਪੀ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ।

- Advertisement -

ਅਕਾਲੀ ਦਲ ਅਤੇ ਕਾਂਗਰਸ ਵੱਲੋਂ ਇੱਕ ਦੂਜੇ ‘ਤੇ ਨਸ਼ਾ ਸੁਦਾਗਰਾਂ ਨੂੰ ਸ਼ੈਅ ਦੇਣ ਦੇ ਲਾਏ ਜਾ ਰਹੇ ਇਲਜ਼ਾਮ ਤਾਂ ਇੱਕ ਪਾਸੇ ਹਨ, ਪਰ ਸੱਤਾਧਾਰੀ ਪਾਰਟੀ ਦੇ ਕਾਂਗਰਸੀ ਵਰਕਰਾਂ ਵਲੋਂ ਜ਼ਿਲ੍ਹਾ ਪੁਲਿਸ ਮੁੱਖੀ ਦੇ ਖਿਲਾਫ ਲਾਏ ਗਏ ਇਹ ਇਲਜ਼ਾਮ ਜਾਂਚ ਦੀ ਮੰਗ ਜ਼ਰੂਰ ਕਰਦੇ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਹੀ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ ਇੱਕ ਉੱਚ ਪੁਲਿਸ ਅਧਿਕਾਰੀ ‘ਤੇ ਕਈ ਗੰਭੀਰ ਇਲਜ਼ਾਮ ਲਗਾ ਚੁੱਕੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ‘ਚ ਵੀ ਸੂਬਾ ਸਰਕਾਰ ਕੋਈ ਕਾਰਵਾਈ ਕਰਦੀ ਹੈ ਜਾਂ ਪਹਿਲਾਂ ਵਾਂਗ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਹੀ ਬੁੱਤਾ ਸਾਰ ਲਿਆ ਜਾਂਦਾ ਹੈ।

Share this Article
Leave a comment