ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਤੇ ਨੀਲੇ ਕਾਰਡਾਂ ਦੇ ਮੁੱਦੇ ‘ਤੇ 7 ਜੁਲਾਈ ਨੂੰ ਕੀਤੇ ਜਾਣਗੇ ਮੁਜਾਹਰੇ

TeamGlobalPunjab
3 Min Read

ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਐਲਾਨ ਕੀਤਾ ਕਿ ਦਲ ਵੱਲੋਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਦੇ ਖਿਲਾਫ ਅਤੇ ਪੰਜਾਬ ਸਰਕਾਰ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਲੱਖਾਂ ਦੀ ਗਿਣਤੀ ਵਿੱਚ ਸਿਆਸੀ ਵਿਤਕਰੇ ਤਹਿਤ ਕੱਟਣ ਦੇ ਖਿਲਾਫ ਪੰਜਾਬ ਭਰ ਵਿੱਚ 7 ਜੁਲਾਈ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਰੋਸ ਮੁਜਾਹਰੇ ਕੀਤੇ ਜਾਣਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਰੋਸ ਮੁਜਾਹਿਰਆਂ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਉਪਰ ਆਪੋ-ਆਪਣੇ ਟੈਕਸ ਵਾਪਸ ਲੈਣ ਲਈ ਕਿਹਾ ਜਾਵੇਗਾ। ਡਾ. ਚੀਮਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਟੈਕਸਾਂ ਕਰਕੇ ਖਪਤਕਾਰ ਤੱਕ ਪਹੁੰਚਦੇ -ਪਹੁੰਚਦੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਦੁੱਗਣੀਆਂ ਹੋ ਜਾਂਦੀਆਂ ਹਨ। ਉਦਾਹਰਣ ਦੇ ਤੌਰ ਤੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਜੋ ਡੀਜਲ ਵੈਟ ਅਤੇ ਐਕਸਾਈਜ਼ ਟੈਕਸ ਤੋਂ ਬਿਨਾਂ ਪੈਟਰੋਲ ਪੰਪ ਡੀਲਰਾਂ ਨੂੰ ਦਿੱਤਾ ਜਾਂਦਾ ਹੈ ਉਸਦੀ ਕੀਮਤ 39.21 ਰੁਪਏ ਹੈ। ਪਰ ਖਪਤਕਾਰ ਤੱਕ ਪਹੁੰਚਦੇ ਪਹੁੰਚਦੇ ਵੈਟ ਅਤੇ ਅੇਕਸਾਈਜ ਟੈਕਸ ਲੱਗਣ ਕਰਕੇ ਇਸਦੀ ਕੀਮਤ 80 ਰੁਪਏ ਪਹੁੰਚ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਉਪਰ 35.12 ਪ੍ਰਤੀਸ਼ਤ, ਹਰਿਆਣਾ ਸਰਕਾਰ ਵੱਲੋਂ 20.25 ਪ੍ਰਤੀਸ਼ਤ ਅਤੇ ਹਿਮਾਚਲ ਸਰਕਾਰ ਵੱਲੋਂ 24.43 ਪ੍ਰਤੀਸ਼ਤ ਵੈਟ ਲਗਾਇਆ ਜਾਂਦਾ ਹੈ। ਜਦੋਂ ਕਿ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਵਲੋਂ ਇਹ ਸਿਰਫ 19.76 ਪ੍ਰਤੀਸ਼ਤ ਹੈ। ਜਾਹਰ ਹੈ ਕਿ ਪੰਜਾਬ ਵਿੱਚ ਚੰਡੀਗੜ੍ਹ ਨਾਲੋਂ ਪੈਟਰੋਲ ਉਪਰ 16 ਪ੍ਰਤੀਸ਼ਤ ਵਧੇਰੇ ਵੈਟ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰਾਂ ਡੀਜਲ ਉਪਰ ਪੰਜਾਬ ਸਰਕਾਰ ਵੱਲੋਂ 13.74 ਪ੍ਰਤੀਸ਼ਤ , ਦਿੱਲੀ ਸਰਕਾਰ ਵੱਲੋਂ 30 ਪ੍ਰਤੀਸ਼ਤ, ਹਰਿਆਣਾ ਸਰਕਾਰ ਵੱਲੋਂ 17.22 ਪ੍ਰਤੀਸ਼ਤ ਅਤੇ ਹਿਮਾਚਲ ਸਰਕਾਰ ਵੱਲੋਂ 14.38 ਪ੍ਰਤੀਸ਼ਤ ਵੈਟ ਲਗਾਇਆ ਜਾ ਰਿਹਾ ਹੈ। ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਵੱਲੋਂ ਲਗਾਏ ਗਏ ਭਾਰੀ ਵੈਟ ਕਰਕੇ ਇਤਿਹਾਸ ਵਿੱਚ ਪਹਿਲੀ ਵਾਰ ਦਿੱਲੀ ਵਿੱਚ ਡੀਜਲ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ।

ਡਾ ਚੀਮਾ ਨੇ ਅੱਗੇ ਕਿਹਾ ਕਿ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੱਖਾਂ ਦੀ ਗਿਣਤੀ ਵਿੱਚ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟ ਕੇ ਉਹਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਹੈ। ਇਹਨਾਂ ਰੋਸ ਮੁਜਾਹਰਿਆਂ ਵਿੱਚ ਗਰੀਬ ਲੋੜਵੰਦ ਪਰਿਵਾਰਾਂ ਦੀ ਆਵਾਜ ਬੁਲੰਦ ਕਰਕੇ ਪੰਜਾਬ ਸਰਕਾਰ ਨੂੰ ਇਹਨਾਂ ਦੇ ਨੀਲੇ ਕਾਰਡ ਦੁਬਾਰਾ ਬਹਾਲ ਕਰਨ ਲਈ ਮਜਬੂਰ ਕੀਤਾ ਜਾਵੇਗਾ।

Share this Article
Leave a comment