ਅਕਾਲੀ ਦਲ 1996 ਦੀ ਤਰਾਂ ਚੋਣਾਂ ਤੋਂ ਬਾਅਦ ਭਾਜਪਾ ਨਾਲ ਰਲ ਕੇ ਬਹੁਜਨ ਸਮਾਜ ਨਾਲ ਵਿਸ਼ਵਾਸ਼ਘਾਤ ਕਰੇਗਾ: ਤ੍ਰਿਪਤ ਬਾਜਵਾ

TeamGlobalPunjab
3 Min Read

ਬਟਾਲਾ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਹਲਕੇ ਦੇ ਤਕਰੀਬਨ ਅੱਧੀ ਦਰਜਨ ਪਿੰਡਾਂ ਵਿਚ ਹੋਈਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਸਹਾਰੇ ਦਲਿਤ ਸਮਾਜ ਦੀਆਂ ਵੋਟਾਂ ਬਟੋਰਨ ਤੋਂ ਬਾਅਦ ਇਸ ਵਾਰੀ ਵੀ 1996 ਦੀ ਤਰਾਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਲੈਣੀ ਹੈ।

ਬਾਜਵਾ ਨੇ ਅੱਜ ਸਵੇਰੇ ਪਿੰਡ ਮੂਲਿਆਂਵਾਲ ਅਤੇ ਦਾਬਾਂਵਾਲ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਦਲਿਤ ਸਮਾਜ ਨੂੰ ਯਾਦ ਕਰਵਾਇਆ ਕਿ 1996 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਰਲ ਕੇ ਲੜੀਆਂ ਸਨ, ਪਰ ਨਤੀਜੇ ਆਉਂਦਿਆਂ ਹੀ ਬਹੁਜਨ ਸਮਾਜ ਪਾਰਟੀ ਨਾਲ ਦਗਾ ਕਮਾਉਂਦਿਆਂ ਭਾਰਤੀ ਜਨਤਾ ਪਾਰਟੀ ਦੀ ਬਿਨਾਂ ਸ਼ਰਤ ਹਿਮਾਇਤ ਕਰਦਿੱਤੀ ਸੀ। ਬਾਜਵਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਉਸ ਵੇਲੇ ਦੇ ਪ੍ਰਧਾਨ ਬਾਬੂ ਕਾਂਸ਼ੀ ਰਾਮ ਨੇ ਅਕਾਲੀ ਦਲ ਦੇ ਇਸ ਕਦਮ ਨੂੰ ਪੰਜਾਬ ਦੇ ਲੋਕਾਂ ਵਲੋਂ ਦਿੱਤੇ ਹਏ ਫ਼ਤਵੇ ਅਤੇ ਦਲਿਤ ਸਮਾਜ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਸੀ ਕਿ ਬਹੁਜਨ ਸਮਾਜ ਕਦੇ ਵੀ ਅਕਾਲੀ ਦਲ ਉੱਤੇ ਭਰੋਸਾ ਨਾ ਕਰੇ।

ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਪੰਜਾਬ ਦੇ 700 ਤੋਂ ਵਧੇਰੇ ਕਿਸਾਨਾਂ ਦੀਆਂ ਜਾਨਾਂ ਲੈਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨ ਬਣਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਰਾਬਰ ਦਾ ਭਾਈਵਾਲ ਹੈ। ਕਾਂਗਰਸੀ ਆਗੂ ਨੇ ਕਿਸਾਨਾਂ ਨੂੰ ਯਾਦ ਕਰਵਾਇਆ ਕਿ ਕਿਵੇਂ ਬੜੀ ਬੇਸ਼ਰਮੀ ਨਾਲ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰਾ ਬਾਦਲ ਪਰਿਵਾਰ ਤਿੰਨ ਮਹੀਨੇ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ।

ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖੀ ਅਰਵਿੰਦ ਕੇਜਰੀਵਾਲ ਵੀ ਭਾਜਪਾ ਦੀ ਮਾਂ ਜਥੇਬੰਦੀ ਆਰ.ਐਸ.ਐਸ. ਦੀ ਪੈਦਾਇਸ਼ ਹੋਣ ਕਾਰਨ ਹਰ ਵਾਰ ਸਮਾਜ ਵਿਚ ਵੰਡੀਆਂ ਪਾ ਕੇ ਰਾਜਸੀ ਸਤਾ ਹਥਿਆਉਣ ਵਾਲੇ ਨਰਿੰਦਰ ਮੋਦੀ ਦਾ ਹੀ ਦੂਜਾ ਰੂਪ ਹੈ।ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਨਾਲੋਂ ਦਿੱਲੀ ਅਤੇ ਰਾਜਸਥਾਨ ਦੇ ਹਿੱਤ ਵਧੇਰੇ ਪਿਆਰੇ ਹਨ, ਇਸ ਲਈ ਉਹ ਭਗਵੰਤ ਨੂੰ ਆਪਣਾ ਮੋਹਰਾ ਬਣਾ ਕੇ ਪੰਜਾਬ ਦਾ ਪਾਣੀ ਅਤੇ ਸਰਮਾਇਆ ਲੁੱਟਣਾ ਚਾਹੁੰਦਾ ਹੈ। ਬਾਜਵਾ ਨੇ ਕਿਹਾ ਕਿ ਜੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾ ਕਾਰਜ ਐਸ. ਵਾਈ. ਐਲ. ਨਹਿਰ ਬਣੇਗੀ।

- Advertisement -

ਬਾਜਵਾ ਨੇ ਕਿਹਾ ਕਿ ਸਿਰਫ਼ ਕਾਂਗਰਸ ਪਾਰਟੀ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਅਤੇ ਇਸ ਸਰਹੱਦੀ ਸੂਬੇ ਵਿਚ ਅਮਨ-ਸ਼ਾਂਤੀ, ਆਪਸੀ ਸਦਭਾਵਨਾ ਅਤੇ ਕਾਨੂੰਨ ਦਾ ਰਾਜ ਸਥਾਪਤ ਕਰ ਸਕਦੀ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਹੀ ਪਹਿਲਾਂ ਅਤਿਵਾਦ ਅਤੇ ਫਿਰ ਗੈਂਗਸਟਰਾਂ ਦਾ ਖ਼ਾਤਮਾ ਕਰ ਕੇ ਕਾਨੂੰਨ ਦਾ ਰਾਜ ਸਥਾਪਤ ਕੀਤਾ ਸੀ ਜਿਸ ਨਾਲ ਹਰ ਨਾਗਰਿਕ ਆਪਣਾ ਜਾਨ-ਮਾਲ ਸੁਰੱਖਿਅਤ ਮਹਿਸੂਸ ਕਰਨ ਲੱਗ ਪਿਆ ਸੀ।

ਕਾਂਗਰਸੀ ਆਗੂ ਨੇ ਹਲਕੇ ਦੇ ਲੋਕਾਂ ਨੂੰ ਪਿਛਲੇ ਪੰਜ ਸਾਲਾਂ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਸਾਹਮਣੇ ਰੱਖ ਕੇ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਵੀ ਦਵਾਇਆ ਕਿ ਅਗਲੇ ਪੰਜ ਸਾਲਾਂ ਵਿਚ ਉਹ ਇਸ ਤੋਂ ਦੁੱਗਣਾ ਵਿਕਾਸ ਕਰਵਾਉਣਗੇ।

Share this Article
Leave a comment