ਚੰਡੀਗੜ੍ਹ: ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੀ ਸ਼੍ਰੋਮਣੀ ਅਕਾਲੀ ਦਲ ਨੇ ਨਿੰਦਾ ਕੀਤੀ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਦਲਜੀਤ ਚੀਮਾ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਸਮਾਜ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਬੀਜੇਪੀ ਪ੍ਰਧਾਨ ‘ਤੇ ਹਮਲੇ ਦੀ ਸਾਡੀ ਪਾਰਟੀ ਨਖੇਦੀ ਕਰਦੀ ਹੈ। ਅਸ਼ਵਨੀ ਸ਼ਰਮਾ ‘ਤੇ ਬੀਤੀ ਰਾਤ ਚੌਲਾਂਗ ਟੋਲ ਪਲਾਜ਼ਾ ‘ਤੇ ਹਮਲਾ ਹੋਇਆ ਸੀ। ਇਸ ਹਮਲੇ ‘ਚ ਅਸ਼ਵਨੀ ਸ਼ਰਮਾ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ।
ਬੀਜੇਪੀ ਪ੍ਰਧਾਨ ‘ਤੇ ਹੋਏ ਹਮਲੇ ਨੂੰ ਦੇਖਦੇ ਹੋਏ ਦਲਜੀਤ ਚੀਮਾ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਦਲਜੀਤ ਚੀਮਾ ਨੇ ਕਿਹਾ ਕਿ ਜਦੋਂ ਕੋਈ ਵੀ ਅੰਦੋਲਨ ਪ੍ਰਾਪਤੀ ਵੱਲ ਵਧਦਾ ਹੈ ਤਾਂ ਉਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੁੰਦੀਆਂ ਹਨ।
ਉਨ੍ਹਾਂ ਕਿਹਾ ਅੰਦੋਲਨ ਨੂੰ ਸਫ਼ਲ ਹੋਣ ਤੋਂ ਰੋਕਣ ਲਈ ਸ਼ਰਾਰਤੀ ਅਨਸਰ ਅਜਿਹੀਆਂ ਹਰਕਤਾਂ ਕਰਦੇ ਹਨ। ਸੂਬੇ ਵਿੱਚ ਕਿਸਾਨ ਖੇਤੀ ਕਾਨੂੰਨ ਖਿਲਾਫ਼ ਨਿੱਤਰੇ ਹੋਏ ਹਨ ਤੇ ਹੁਣ ਕਿਸਾਨਾਂ ਦਾ ਅੰਦੋਲਨ ਸਿਰੇ ਚੜ੍ਹਨ ਵਾਲਾ ਹੈ ਇਸ ਲਈ ਅਜਿਹੀਆਂ ਵਾਰਦਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ।