ਸੰਸਦ ਤੋਂ ਬਾਹਰ ਆ ਰਵਨੀਤ ਬਿੱਟੂ ਨੇ ਘੇਰੀ ਹਰਸਿਮਰਤ ਕੌਰ ਬਾਦਲ, ਮੰਗਿਆ ਸਪੱਸ਼ਟੀਕਰਨ

TeamGlobalPunjab
2 Min Read

ਨਵੀਂ ਦਿੱਲੀ : ਲੋਕ ਸਭਾ ਇਜਲਾਸ ਦੌਰਾਨ ਸਿਆਸੀ ਗਹਿਮਾ ਗਹਿਮੀ ਵੱਧਦੀ ਜਾ ਰਹੀ ਹੈ। ਲਗਾਤਾਰ ਸੰਸਦ ਮੈਂਬਰ ਆਪਸ ਵਿੱਚ ਮਿਹਣੋ ਮਿਹਣੀ ਹੋ ਰਹੇ ਹਨ । ਇਸ ਦੇ ਚਲਦਿਆਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਘੇਰਿਆ ਹੈ । ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਅੱਜ ਪੀਯੂਸ਼ ਗੋਇਲ ਨੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਹਰਸਿਮਰਤ ਕੌਰ ਬਾਦਲ ਵੱਲੋਂ ਐਫਸੀਆਈ ਦੇ ਮਸਲੇ ਤੇ ਸਵਾਲ ਪੁੱਛਿਆ ਗਿਆ ਤਾਂ ਪਿਊਸ਼ ਗੋਇਲ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਫ਼ੈਸਲੇ ਅਸੀਂ ਇਕੱਠੇ ਬੈਠ ਕੇ ਕੈਬਨਿਟ ਵਿੱਚ ਹੀ ਪਾਸ ਕੀਤੇ ਹਨ ।

ਰਵਨੀਤ ਬਿੱਟੂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਇਸ ਤੇ ਆਪਣਾ ਸਪੱਸ਼ਟੀਕਰਨ ਦੇਣ ਕਿ ਉਨ੍ਹਾਂ ਨੇ ਕਦੀ ਵੀ ਕੇਂਦਰ ਸਰਕਾਰ ਦੇ ਅਜਿਹੇ ਮਸਲਿਆਂ ਵਿੱਚ ਸਾਥ ਨਹੀਂ ਦਿੱਤਾ। ਬਿੱਟੂ ਨੇ ਕਿਹਾ ਕਿ ਅੱਜ ਹਰਸਿਮਰਤ ਕੌਰ ਬਾਦਲ ਸਪਸ਼ਟ ਕਰੇ ਕਿ ਉਹ ਕਿਸਾਨਾਂ ਦਾ ਖੂਨ ਚੂਸ ਰਹੇ ਹਨ । ਦੱਸ ਦੇਈਏ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਮੋੜਵਾਂ ਜਵਾਬ ਦਿੱਤਾ ਗਿਆ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਇਜਲਾਸ ਤੋਂ ਬਾਅਦ ਦੱਸਿਆ ਗਿਆ ਕਿ ਜਿਸ ਸਮੇਂ ਫ਼ੈਸਲਾ ਪਾਸ ਕੀਤਾ ਗਿਆ ਸੀ ਉਸ ਸਮੇਂ ਉਹ ਕੈਬਨਿਟ ਦਾ ਹਿੱਸਾ ਹੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਐਫਸੀਆਈ ਵੱਲੋਂ ਇਹ ਨਵੇਂ ਕਾਨੂੰਨ ਅਕਤੂਬਰ ਮਹੀਨੇ ਦੇ ਵਿੱਚ ਬਣਾਏ ਗਏ ਸਨ ਜਦਕਿ ਇਸ ਤੋਂ ਪਹਿਲਾਂ ਹੀ ਉਹ ਅਸਤੀਫ਼ਾ ਦੇ ਚੁੱਕੇ ਸਨ ।

Share this Article
Leave a comment