ਮੋਦੀ ਸਰਕਾਰ ਦਾ ਸੁੱਖ ਭੋਗ ਰਹੇ ਬਾਦਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਤੌਖਲਿਆਂ ‘ਤੇ ਸਪਸ਼ਟੀਕਰਨ ਦੇਣ: ਆਪ

TeamGlobalPunjab
4 Min Read

ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਦੇਸ਼ ਵਿਚ ਘੱਟ ਗਿਣਤੀਆਂ ਦੇ ਖ਼ਤਰੇ ਹੇਠ ਹੋਣ ਬਾਰੇ ਪ੍ਰਗਟਾਏ ਤੌਖਲਿਆਂ ਨੂੰ ਗੰਭੀਰ ਮੁੱਦਾ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਅਤੇ ਮੋਦੀ ਸਰਕਾਰ ‘ਚ ਕੈਬਨਿਟ ਮੰਤਰੀ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਹੈ।

ਬੁੱਧਵਾਰ ਨੂੰ ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ, ਬੁਲਾਰੇ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ (ਸਾਰੇ ਵਿਧਾਇਕ) ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾ ਵੱਲੋਂ ਇਹ ਕਿਹਾ ਜਾਣਾ, ‘ਦੇਸ਼ ਅੰਦਰ ਘੱਟ ਗਿਣਤੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ,” ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਕਾਰਜਸ਼ੈਲੀ ਉੱਤੇ ਸਿੱਧਾ ਸਵਾਲ ਹੈ, ਜਿਸ ਦਾ ਜਵਾਬ ਸੁਖਬੀਰ ਸਿੰਘ ਬਾਦਲ ਦੇਣ, ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਚ ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਹਿੱਸੇਦਾਰ ਹੈ ਅਤੇ ਹਰਸਿਮਰਤ ਕੌਰ ਬਾਦਲ ਵਜ਼ੀਰੀ ਭੋਗ ਰਹੇ ਹਨ।

ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਖਾਤਿਵ ਹੁੰਦਿਆਂ ਪੁੱਛਿਆ, ”ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਰਬਉੱਚ ਸੰਸਥਾ ਹੈ ਅਤੇ ਤੁਸੀਂ (ਬਾਦਲ) ਖ਼ੁਦ ਨੂੰ ਸਿੱਖ ਪੰਥ ਦੇ ਨੁਮਾਇੰਦੇ ਅਤੇ ਅਲੰਬਰਦਾਰ ਸਮਝਦੇ ਹੋ। ਅੱਜ ਪੰਜਾਬ ਅਤੇ ਪੰਥ ਪ੍ਰਤੀ ਸੁਚੇਤ ਲੋਕ ਤੁਹਾਡੇ (ਬਾਦਲਾਂ) ਕੋਲੋਂ ਸਪਸ਼ਟੀਕਰਨ ਮੰਗਦੇ ਹਨ ਕਿ ਕੀ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖਾਂ ਦੇ ਹਵਾਲੇ ਨਾਲ ਘੱਟ ਗਿਣਤੀਆਂ ਨੂੰ ਦਰਪੇਸ਼ ਖ਼ਤਰਿਆਂ ਬਾਰੇ ਪ੍ਰਗਟ ਕੀਤੇ ਤੌਖਲਿਆਂ ਨਾਲ ਸਹਿਮਤ ਹੋ ਜਾਂ ਨਹੀਂ? ਜੇਕਰ ਸਹਿਮਤ ਹੋ ਤਾਂ ਦੱਸਿਆ ਜਾਵੇ ਕਿ ਤੁਸੀਂ ਕਿਸ ਨੈਤਿਕ ਆਧਾਰ ‘ਤੇ ਮੋਦੀ ਸਰਕਾਰ ਦਾ ਹਿੱਸਾ ਬਣੇ ਹੋਏ ਹੋ? ਜੇਕਰ ਸਹਿਮਤ ਨਹੀਂ ਹੋ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀਆਂ ਦਲੀਲਾਂ ਨੂੰ ਗ਼ਲਤ ਸਾਬਤ ਕਰਕੇ ਆਪਣੀ ਮੋਦੀ ਸਰਕਾਰ ਨੂੰ ‘ਕਲੀਨ ਚਿੱਟ’ ਦੇ ਅੰਤਿਮ ਫ਼ੈਸਲਾ ਲੋਕਾਂ ਦੀ ਕਚਹਿਰੀ ‘ਤੇ ਛੱਡ ਦਿਓ।

ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਬਾਦਲ ਪਰਿਵਾਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਅਜਿਹੇ ਸੰਵੇਦਨਸ਼ੀਲ ਮੁੱਦਿਆਂ ‘ਤੇ ਸਪਸ਼ਟ ਰੁਖ਼ ਅਪਣਾਉਣਾ ਹੀ ਪਵੇਗਾ, ਦੋ ਬੇੜੀਆਂ ‘ਚ ਸਵਾਰ ਹੋ ਕੇ ਸੱਤਾ ਸੁੱਖ ਲਈ ਪੰਜਾਬ ਅਤੇ ਪੰਥ ਨੂੰ ਹੋਰ ਗੁਮਰਾਹ ਨਹੀਂ ਹੋਣ ਦਿੱਤਾ ਜਾਵੇਗਾ।

- Advertisement -

ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਬਾਦਲ ਪਰਿਵਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਕੇਂਦਰੀ ਵਜ਼ੀਰੀ ਲਈ ਪੰਜਾਬ ਦੀ ਸਨਅਤ ਗੁਆਂਢੀ ਰਾਜਾਂ ‘ਚ ਧੱਕ ਦਿੱਤੀ ਗਈ ਹੁਣ ਹਰਸਿਮਰਤ ਕੌਰ ਦੀ ਵਜ਼ੀਰੀ ਲਈ ਪੰਜਾਬ ਅਤੇ ਪੰਥ ਨੂੰ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਗਿਆ ਹੈ। ਇਹੋ ਕਾਰਨ ਹੈ ਮੋਦੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੀ ਪ੍ਰਵਾਹ ਕਰਨੇ ਹੀ ਹਟ ਗਈ।

ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ‘ਚ ਪੰਜਾਬੀ ਕਿਸਾਨਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਸੰਘੀ ਢਾਂਚੇ ਦਾ ਗਲ਼ਾ ਘੁੱਟ ਕੇ ਪੰਜਾਬ ਦੇ ਅਧਿਕਾਰਾਂ ‘ਤੇ ਡਾਕਾ ਮਾਰਨ ‘ਚ ਭਾਜਪਾ ਨੇ ਕਾਂਗਰਸ ਨੂੰ ਵੀ ਮਾਤ ਦੇ ਦਿੱਤੀ ਹੈ। ਇਹ ਵੀ ਦੋਸ਼ ਲਗਾਇਆ ਕਿ ਨਾਗਰਿਕਤਾ ਸੋਧ ਅਤੇ ਕਿਸਾਨ ਵਿਰੋਧੀ ਆਰਡੀਨੈਂਸਾਂ ‘ਤੇ ਵੀ ਬਾਦਲਾਂ ਨੇ ਦੋਗਲੀ ਭੂਮਿਕਾ ਨਿਭਾਈ ਹੈ।

‘ਆਪ’ ਵਿਧਾਇਕਾਂ ਨੇ ਦੁਨੀਆ ਭਰ ‘ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਹਿਤਾਂ ਲਈ ਕੈਪਟਨ, ਬਾਦਲਾਂ ਅਤੇ ਭਾਜਪਾ ਨੂੰ ਕਰਾਰਾ ਸਬਕ ਸਿਖਾਉਣ ਦਾ ਸੱਦਾ ਦਿੱਤਾ।

Share this Article
Leave a comment