ਜਗਤਾਰ ਸਿੰਘ ਸਿੱਧੂ;
ਏਅਰ ਇੰਡੀਆ ਦੇ ਅਹਿਮਦਾਬਾਦ ਤੋ ਲੰਡਨ ਨੂੰ ਉਡਾਣ ਭਰਨ ਵਾਲਾ ਬੋਇੰਗ 787 ਹਵਾਈ ਜਹਾਜ਼ ਬਹੁਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ 240 ਲੋਕਾਂ ਵਿੱਚੋਂ ਕਿਸੇ ਦੇ ਬਚਣ ਦੀ ਆਸ ਤਾਂ ਖ਼ਤਮ ਹੋ ਗਈ ਹੈ ਪਰ ਰਾਖ ਦੇ ਬਦਕਿਸਮਤ ਢੇਰ ਵਿੱਚੋਂ ਕਿਸੇ ਦੀ ਪਹਿਚਾਣ ਵੀ ਖਤਮ ਹੋ ਗਈ ਹੈ ।ਬਦਕਿਸਮਤ ਬੋਇੰਗ ਦੇ ਮੁਸਾਫ਼ਰਾਂ ਦੇ ਵਾਰਿਸਾਂ ਦੇ ਪੱਲੇ ਰਹਿ ਗਈ ਹੈ ਕੇਵਲ ਮੁਸਾਫ਼ਰਾਂ ਦੀ ਲਿਸਟ।ਬਦਕਿਸਮਤ ਹਵਾਈ ਜਹਾਜ਼ ਏਅਰਪੋਰਟ ਤੋਂ ਉਡਾਣ ਭਰਨ ਦੇ ਪੰਜ ਮਿੰਟ ਬਾਅਦ ਹੀ ਅੱਗ ਦੇ ਗੋਲੇ ਵਿਚ ਬਦਲ ਗਿਆ ਅਤੇ ਸਹੀ ਉਡਾਣ ਭਰਨ ਤੋਂ ਪਹਿਲਾਂ ਹੀ ਡਿੱਗ ਪਿਆ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ। ਇਨਾਂ ਵਿਚ 169 ਭਾਰਤੀ ਸਨ ਅਤੇ 53 ਬਰਤਾਨਵੀ ਨਾਗਰਿਕ ਸਨ। ਕੁਝ ਮੁਸਾਫ਼ਰ ਪੁਰਤਗਾਲੀ ਸਨ ਅਤੇ ਇਕ ਕੇਨੈਡਾ ਦਾ ਰਹਿਣ ਵਾਲਾ ਸੀ। ਇਨਾਂ ਵਿਚ ਤੇਰਾਂ ਬੱਚੇ ਸਨ ।ਇਸ ਤਰਾਂ ਇਹ ਹਵਾਈ ਹਾਦਸਾ ਕੌਮਾਂਤਰੀ ਪੱਧਰ ਦਾ ਹੋ ਗਿਆ ਹੈ ਜਿਸ ਵਿੱਚ ਹੋਰਨਾਂ ਦੇਸ਼ਾਂ ਦੇ ਲੋਕ ਵੀ ਸਫ਼ਰ ਕਰ ਰਹੇ ਸਨ।
ਹਾਦਸੇ ਵਾਲੇ ਜਹਾਜ਼ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਨੀ ਵੀ ਸਵਾਰ ਸਨ।
ਹੁਣ ਤੱਕ ਭਾਰਤ ਦਾ ਇਹ ਦੂਜਾ ਸਭ ਤੋਂ ਵੱਡਾ ਹਵਾਈ ਹਾਦਸਾ ਹੈ। ਪਹਿਲਾਂ 1996 ਵਿੱਚ ਹਰਿਆਣਾ ਦੇ ਚਰਖੀ ਦਾਦਰੀ ਵਿਖੇ ਹਵਾਈ ਹਾਦਸੇ ਵਿੱਚ 300 ਤੋਂ ਵਧੇਰੇ ਲੋਕ ਮੌਤ ਦਾ ਸ਼ਿਕਾਰ ਹੋ ਗਏ ਸਨ।
ਬਦਕਿਸਮਤ ਬੋਇੰਗ ਹਵਾਈ ਜਹਾਜ਼ ਏਅਰ ਪੋਰਟ ਤੋਂ ਉਡਾਣ ਭਰਦਿਆਂ ਹੀ ਅੱਗ ਦੇ ਗੋਲੇ ਦੇ ਰੂਪ ਵਿੱਚ ਨੇੜਲੇ ਮੈਡੀਕਲ ਕਾਲਜ ਦੇ ਹੋਸਟਲ ਦੀ ਬਿਲਡਿੰਗ ਉਪਰ ਜਾ ਡਿੱਗਿਆ। ਮੈਡੀਕਲ ਕਾਲਜ ਦੇ ਹੋਸਟਲ ਵਾਲੇ ਵਿਦਿਆਰਥੀਆਂ ਦੀ ਬਦਕਿਸਮਤੀ ਹੀ ਸੀ ਕਿ ਦੁਪਹਿਰ ਲੰਚ ਦਾ ਸਮਾਂ ਸੀ ਅਤੇ ਮੈਡੀਕਲ ਵਿਦਿਆਰਥੀ ਇਮਾਰਤ ਵਿੱਚ ਹੀ ਸਨ। ਜਹਾਜ਼ ਨੇ ਬਿਲਡਿੰਗ ਨੂੰ ਬੁਰੀ ਤਰਾਂ ਤਬਾਹ ਕੀਤਾ ਅਤੇ ਅਜੇ ਇਹ ਸਥਿਤੀ ਸਪੱਸ਼ਟ ਨਹੀਂ ਹੈ ਕਿ ਕਿੰਨੇ ਮੈਡੀਕਲ ਵਿਦਿਆਰਥੀ ਹਾਦਸੇ ਦਾ ਸ਼ਿਕਾਰ ਹੋ ਗਏ । ਬੋਇੰਗ ਜਹਾਜ਼ ਵਿਚ ਇਕ ਲੱਖ ਛੱਬੀ ਹਜ਼ਾਰ ਲਿਟਰ ਤੇਲ ਸੀ। ਅੰਦਾਜਾ ਲਾਉਣਾ ਵੀ ਮੁਸ਼ਕਲ ਹੈ ਕਿ ਜਦੋਂ ਜਹਾਜ਼ ਨੂੰ ਅੱਗ ਲੱਗੀ ਤਾਂ ਜਹਾਜ਼ ਦਾ ਕੀ ਬਣਿਆ ਹੋਵੇਗਾ? ਇਹ ਸਿੱਧੀ ਫਲਾਈਟ ਸੀ। ਜਹਾਜ਼ ਡਿੱਗਦੇ ਹੀ ਪੂਰੇ ਇਲਾਕੇ ਵਿਚ ਧੂੰਆਂ ਫੈਲ ਗਿਆ। ਇਸ ਬੇਹੱਦ ਮੁਸ਼ਕਲ ਸਮੇਂ ਵਿੱਚ ਡਾਕਟਰਾਂ ਦੀਆਂ ਟੀਮਾਂ ਵਲੋਂ ਜ਼ਖਮੀਆਂ ਨੂੰ ਹਸਪਤਾਲ ਲੈ ਜਾਕੇ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਪਤਾ ਨਹੀਂ ਮੈਡੀਕਲ ਟੀਮਾਂ ਨੂੰ ਕਿੰਨੀ ਸਫਲਤਾ ਮਿਲੇਗੀ।
ਇਹ ਵੀ ਜਾਣਕਾਰੀ ਹੈ ਕਿ ਬਦਕਿਸਮਤ ਬੋਇੰਗ ਜਹਾਜ਼ ਦੇ ਪਾਇਲੈਟ ਅਤੇ ਕੋ ਪਾਇਲੈਟ ਚੰਗੇ ਤਜਰਬੇਕਾਰ ਸਨ।ਜਹਾਜ਼ ਕਿਸ ਤਰ੍ਹਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਇਸ ਦੀ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਇਆ। ਮਾਹਿਰਾਂ ਦਾ ਕਹਿਣਾ ਹੈ ਕਿ ਜਹਾਜ਼ ਦਾ ਬਲੈਕ ਬਾਕਸ ਮਿਲਣ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦੀ ਖਰਾਬੀ ਕਾਰਨ ਐਨਾ ਵੱਡਾ ਹਾਦਸਾ ਵਾਪਰਿਆ ਅਤੇ ਜਹਾਜ਼ ਦੇ ਚਾਲਕ ਵਲੋਂ ਉਨਾਂ ਕੁਝ ਪਲਾਂ ਦੌਰਾਨ ਕੀ ਕੁੱਝ ਕਿਹਾ ਗਿਆ ।ਇਹ ਸਾਰੇ ਮਾਮਲੇ ਜਾਂਚ ਦਾ ਵਿਸ਼ਾ ਹਨ ਪਰ ਇਹ ਕੌੜਾ ਸੱਚ ਹੈ ਕਿ ਬਹੁਤ ਦਰਦਨਾਕ ਹਾਦਸੇ ਨੇ ਕਿੰਨੇ ਪਰਿਵਾਰਾਂ ਦੀ ਦੁਨੀਆਂ ਨੂੰ ਪੰਜ ਮਿਟ ਵਿੱਚ ਰਾਖ ਦੇ ਢੇਰ ਵਿੱਚ ਇਸ ਕਦਰ ਬਦਲ ਦਿੱਤਾ ਕਿ ਆਪਣਿਆਂ ਨੂੰ ਢੂੰਡਣ ਤੇ ਰਾਖ ਤੋਂ ਇਲਾਵਾ ਕੁਝ ਨਹੀਂ ਮਿਲਿਆ।
ਮੁਲਕ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਬਹੁਤ ਸਾਰੇ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸੰਪਰਕ 9814002186