ਸੰਗਰੂਰ ਤੋਂ ਬਾਅਦ ਹੁਣ ਨਕੋਦਰ ‘ਚ 12 ਸਕੂਲੀ ਬੱਚੇ ਬੀਮਾਰ, ਨਿੱਜੀ ਹਸਪਤਾਲ ’ਚ ਦਾਖ਼ਲ

Rajneet Kaur
2 Min Read

ਨਕੋਦਰ : ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਨਾਲ ਬਿਮਾਰ ਹੋ ਗਏ ਹਨ। ਸਾਰੇ ਬੱਚਿਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸਾਰੇ ਬੱਚੇ 8ਵੀਂ ਅਤੇ 10ਵੀਂ ਜਮਾਤ ਦੇ ਹਨ।ਬੱਚਿਆਂ ਦੇ ਬਿਮਾਰ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਵਿੱਚ ਹਫੜਾ-ਦਫੜੀ ਮਚ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਜਲੰਧਰ ਦੇ ਡੀਸੀ ਪੂਰੇ ਮਾਮਲੇ ਸਬੰਧੀ ਰਿਪੋਰਟ ਮੰਗ ਸਕਦੇ ਹਨ।

ਸੋਮਵਾਰ ਨੂੰ ਸਕੂਲ ਵਿੱਚ ਛੁੱਟੀ ਦੌਰਾਨ ਇੱਕ ਦਰਜਨ ਬੱਚਿਆਂ ਨੂੰ ਇਲਾਜ ਲਈ ਲਿਜਾਇਆ ਗਿਆ ਅਤੇ ਸਾਰੇ ਬੱਚਿਆਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਹਸਪਤਾਲ ਦੇ ਡਾਕਟਰਾਂ ਮੁਤਾਬਕ ਬੱਚਿਆਂ ਨੂੰ ਫੂਡ ਪੁਆਇਜ਼ਨਿੰਗ ਹੋਈ ਹੈ ਅਤੇ ਸਾਰਿਆਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਡਾ. ਕਮਲ ਤੇ ਡਾ. ਹਰਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ, ਜਿਸ ਕਾਰਨ ਫੂਡ ਪੁਆਇਜ਼ਨਿੰਗ ਹੋਈ ਹੈ।

ਵਿਦਿਆਰਥੀਆਂ ਅਨੁਸਾਰ ਜਦੋਂ ਉਹ ਕਰੀਬ 11:30 ਵਜੇ ਗਰਾਊਂਡ ’ਚ ਖੇਡ ਰਹੇ ਸਨ ਤਾਂ ਸਾਰਿਆਂ ਨੇ ਗਰਾਊਂਡ ਦੇ ਕੋਲ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ। ਉਸ ਵਿੱਚੋਂ ਹਲਕੀ ਜਿਹੀ ਬਦਬੂ ਆ ਰਹੀ ਸੀ। ਪਾਣੀ ਪੀਣ ਉਪਰੰਤ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਉਨ੍ਹਾਂ ਨੇ ਕਲਾਸ ਟੀਚਰ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ ਕਿ ਜਿਵੇਂ ਹੀ ਉਹ ਬਾਥਰੂਮ ਗਏ ਤਾਂ ਉਨ੍ਹਾਂ  ਨੂੰ ਉਲਟੀਆਂ ਆਉਣ ਲੱਗੀਆਂ।  ਦੁਪਹਿਰ 2 ਵਜੇ ਦੇ ਕਰੀਬ ਜਦੋਂ ਸਾਰੇ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੋਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਸਕੂਲ ਦੇ ਨੇੜੇ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ।

ਇਸ ਦੇ ਨਾਲ ਹੀ ਸਕੂਲ ਪ੍ਰਸ਼ਾਸਨ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦਾ ਬੀਮਾਰ ਹੋਣਾ ਬਹੁਤ ਗੰਭੀਰ ਹੈ। ਸਕੂਲ ਇਸ ਲਈ ਆਪਣੀ ਜਾਂਚ ਕਮੇਟੀ ਬਣਾ ਰਿਹਾ ਹੈ। ਜਾਂਚ ਦੇ ਆਧਾਰ ‘ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment