ਅਕਾਲ ਤਖ਼ਤ ਸਾਹਿਬ ਦਾ ਵੱਡਾ ਫ਼ੈਸਲਾ, ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਸਿੰਘ ਮਲਕੀਤ ਸਿੰਘ ਨੂੰ ਖ਼ਾਲਸਾ ਪੰਥ ’ਚੋਂ ਕੀਤਾ ਖ਼ਾਰਜ

Global Team
3 Min Read

ਨਿਊਜ਼ ਡੈਸਕ: ਸਰਵਉੱਚ ਸਿੱਖ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਉਪਰੰਤ ਇੱਕ ਸਖ਼ਤ ਪੰਥਕ ਫ਼ੈਸਲਾ ਸੁਣਾਇਆ ਗਿਆ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਮੁਅੱਤਲ ਗ੍ਰੰਥੀ ਮਲਕੀਤ ਸਿੰਘ ਉੱਤੇ ਇੱਕ ਬੀਬੀ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸਖ਼ਤ ਫੈਸਲਾ ਕਰਦਿਆਂ ਦੋਵਾਂ ਨੂੰ ਖ਼ਾਲਸਾ ਪੰਥ ਵਿੱਚੋਂ ਖਾਰਜ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਗੰਭੀਰ ਦੋਸ਼ ਲੱਗਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਹ ਲੱਗੀ ਹੈ। ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਦੋਵਾਂ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਦੋਵਾਂ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਗਈ ਹੈ।

ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ‘ਚ ਪੂਰੀ ਤਰ੍ਹਾਂ ਬੇਦੋਸ਼ ਸਾਬਿਤ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਨੂੰ ਖ਼ਾਲਸਾ ਪੰਥ ‘ਚੋਂ ਖ਼ਾਰਜ ਰੱਖਿਆ ਜਾਵੇ। ਸਮੁੱਚੀ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਜਾਂ ਧਾਰਮਿਕ ਸਾਂਝ ਨਾ ਰੱਖੇ। ਅਮਰਜੀਤ ਸਿੰਘ ਤੇ ਉਮਰ ਭਰ ਲਈ ਕਿਸੇ ਵੀ ਸਿੱਖ ਸੰਸਥਾ ‘ਚ ਕਿਸੇ ਵੀ ਅਹੁਦੇ ‘ਤੇ ਕੰਮ ਕਰਨ ਜਾਂ ਸੇਵਾ ਨਿਭਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ।

ਇਸੇ ਤਰ੍ਹਾਂ ਦੂਜੇ ਮਾਮਲੇ ‘ਚ ਸਿੱਖ ਸੰਸਥਾ ‘ਚ ਉੱਚੇ ਤੇ ਜ਼ਿੰਮੇਵਾਰ ਅਹੁਦੇ ‘ਤੇ ਸੇਵਾ ਨਿਭਾਅ ਰਹੇ ਮਲਕੀਤ ਸਿੰਘ ਖ਼ਿਲਾਫ਼ ਵੀ ਬੀਬੀ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ‘ਤੇ ਵਿਚਾਰ ਕੀਤਾ ਗਿਆ। ਜਥੇਦਾਰ ਸਾਹਿਬ ਨੇ ਸਪੱਸ਼ਟ ਕੀਤਾ ਕਿ SGPC ਵੱਲੋਂ ਵਿਭਾਗੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਜਦੋਂ ਕੋਈ ਵਿਅਕਤੀ ਇੰਨੇ ਵੱਡੇ ਅਤੇ ਜ਼ਿੰਮੇਵਾਰ ਅਹੁਦੇ ‘ਤੇ ਬੈਠ ਕੇ ਸਿੱਖ ਮਰਿਆਦਾ ਦੇ ਉਲਟ ਆਚਰਨ ਕਰਦਾ ਹੈ ਤਾਂ ਇਹ ਸਮੁੱਚੀ ਕੌਮ ਲਈ ਅਸਹਿਣਯੋਗ ਬਣ ਜਾਂਦਾ ਹੈ।

ਜਾਰੀ ਕੀਤੇ ਗਏ ਹੁਕਮਨਾਮੇ ਅਨੁਸਾਰ ਮਲਕੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਖ਼ਾਲਸਾ ਪੰਥ ‘ਚੋਂ ਖ਼ਾਰਜ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਮੁੱਚੀ ਸਿੱਖ ਸੰਗਤ ਨੂੰ ਸਖ਼ਤ ਆਦੇਸ਼ ਦਿੱਤਾ ਗਿਆ ਹੈ ਕਿ ਮਲਕੀਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਸਮਾਜਿਕ, ਧਾਰਮਿਕ ਜਾਂ ਪੰਥਕ ਸਾਂਝ ਨਾ ਰੱਖੀ ਜਾਵੇ। ਇਸ ਤੋਂ ਇਲਾਵਾ ਸਿੱਖ ਸੰਸਥਾਵਾਂ ‘ਚ ਉਨ੍ਹਾਂ ਵੱਲੋਂ ਭਵਿੱਖ ‘ਚ ਕਿਸੇ ਵੀ ਤਰ੍ਹਾਂ ਦੀ ਸੇਵਾ ਜਾਂ ਅਹੁਦਾ ਸੰਭਾਲਣ ‘ਤੇ ਉਮਰ ਭਰ ਲਈ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment