15 ਸਾਲ ਆਸਟ੍ਰੇਲੀਆ ‘ਚ ਰਹਿਣ ਤੋਂ ਬਾਅਦ ਇਸ ਭਾਰਤੀ ਪਰਿਵਾਰ ਨੂੰ ਦੇਸ਼ ਛੱਡਣ ਦੇ ਆਦੇਸ਼,ਮਦਦ ਦੀ ਕੀਤੀ ਮੰਗ

navdeep kaur
5 Min Read

ਆਕਲੈਂਡ : ਬੀਤੇ 15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਤੇ ਉਸ ਦਾ ਪ੍ਰਵਾਰ ਇਸ ਵੇਲੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੂੰ ਇਸ ਮਹੀਨੇ ਦੇ ਅਖ਼ੀਰ ਤਕ ਦੇਸ਼ ਛੱਡਣ ਦਾ ਹੁਕਮ ਦਿਤਾ ਗਿਆ ਹੈ।

ਗੋਲਡ ਕੋਸਟ ਵਿਖੇ ਰਹਿੰਦੇ ਪਰਮਿੰਦਰ ਸਿੰਘ ਅਤੇ ਉਸ ਦੇ ਪ੍ਰਵਾਰ ਦੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਸਟ੍ਰੇਲੀਆ ਛੱਡਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੀ ਬੀਤੀ ਫਰਵਰੀ ਵਿਚ ਆਖ਼ਰੀ ਵੀਜ਼ਾ ਅਰਜ਼ੀ ਵੀ ਰੱਦ ਕਰ ਦਿਤੀ ਗਈ ਸੀ। ਪਰਮਿੰਦਰ ਸਿੰਘ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਅੱਠ ਸਾਲ ਦੇ ਬੱਚੇ ਨੂੰ 31 ਮਈ ਤਕ ਆਸਟ੍ਰੇਲੀਆ ਵਿਚ ਰਹਿਣ ਦਾ ਸਮਾਂ ਦਿਤਾ ਗਿਆ ਸੀ।

ਭਾਰਤ ਵਾਪਸ ਭੇਜੇ ਜਾਣ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੇ ਪ੍ਰਵਾਰ ਨੇ ਸਥਾਈ ਵੀਜ਼ਾ ਲਈ ਅਪਣੇ ਹੱਕ ‘ਚ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਇਕ ਪਟੀਸ਼ਨ ਦਾਇਰ ਕੀਤੀ ਹੈ। ਕਰੀਬ 15,000 ਦਸਤਖ਼ਤਾਂ ਅਤੇ ਉਨ੍ਹਾਂ ਦੇ ਹੱਕ ਵਿਚ ਵੱਡਾ ਹੁੰਗਾਰਾ ਮਿਲਣ ਮਗਰੋਂ ਵੀ ਉਨ੍ਹਾਂ ਦੀ ਵੀਜ਼ਾ ਸਥਿਤੀ ਨਹੀਂ ਬਦਲੀ ਹੈ।

ਪਰਮਿੰਦਰ ਸਿੰਘ ਨੇ ਬੀਤੇ ਹਫ਼ਤੇ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਪ੍ਰਵਾਰ ਦੇ ਹੱਕ ਵਿਚ ਗੋਲਡ ਕੋਸਟ ਦੇ ਸੰਸਦ ਮੈਂਬਰ ਨੇ ਵੀ ਇਕ ਚਿੱਠੀ ਇਮੀਗ੍ਰੇਸ਼ਨ ਮਨਿਸਟਰ ਐਂਡਰਿਊ ਜਾਈਲਜ਼ ਨੂੰ ਲਿਖੀ ਹੈ, ਜਿਸ ਬਾਰੇ ਜਲਦ ਅਪਡੇਟ ਸਾਹਮਣੇ ਆਏਗੀ, ਉਦੋਂ ਤਕ ਪਰਮਿੰਦਰ ਸਿੰਘ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਟੀਸ਼ਨ ਨੂੰ ਸ਼ੇਅਰ ਕਰਨ ਤੇ ਹਸਤਾਖ਼ਰ ਕਰਨ ਦੀ ਅਪੀਲ ਕੀਤੀ ਹੈ।

- Advertisement -

ਪ੍ਰਵਾਰ ਦਾ ਦਾਅਵਾ ਹੈ ਕਿ ਜਦੋਂ ਤਕ ਸਰਕਾਰ ਉਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਜਾਂ ਬ੍ਰਿਜਿੰਗ ਵੀਜ਼ਾ ਪ੍ਰਦਾਨ ਨਹੀਂ ਕਰਦੀ, ਉਨ੍ਹਾਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਦਾ ਡਰ ਹੈ। ਬੀਤੇ 15 ਸਾਲ ਤੋਂ ਇਥੇ ਰਹਿ ਰਹੇ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਮੇਂ ਦੌਰਾਨ ਕਦੇ ਵੀ ਆਸਟ੍ਰੇਲੀਆ ਛੱਡ ਕੇ ਕਿਤੇ ਹੋਰ ਜਾਣ ਬਾਰੇ ਨਹੀਂ ਸੋਚਿਆ ਸੀ। ਆਸਟ੍ਰੇਲੀਆ ਵਿਚ ਰਹਿਣ ਦੀ ਆਗਿਆ ਨਾ ਮਿਲਣ ਕਾਰਨ ਉਨ੍ਹਾਂ ਨੂੰ ਸਾਰੇ ਦਰਵਾਜ਼ੇ ਬੰਦ ਹੁੰਦੇ ਦਿਖਾਈ ਦੇ ਰਹੇ ਹਨ।

ਇਕ ਇੰਟਰਵਿਊ ਦੌਰਾਨ ਪਰਮਿੰਦਰ ਸਿੰਘ ਨੇ ਦਸਿਆ, “ਆਸਟ੍ਰੇਲੀਆ ਪਿਛਲੇ 15 ਸਾਲਾਂ ਤੋਂ ਮੇਰਾ ਘਰ ਰਿਹਾ ਹੈ। ਮੈਂ ਇਸ ਸ਼ਾਨਦਾਰ ਦੇਸ਼ ਨੂੰ ਅਪਣੀ ਰਿਹਾਇਸ਼ ਵਜੋਂ ਚੁਣਿਆ ਅਤੇ ਮੇਰੇ ਬੱਚੇ ਦਾ ਜਨਮ ਵੀ ਇਥੇ ਹੋਇਆ। ਮੈਂ 2013 ਤੋਂ ਭਾਰਤ ਨਹੀਂ ਗਿਆ ਹਾਂ। ਇਸ ਦੇਸ਼ ਨੂੰ ਛੱਡਣਾ ਕਦੇ ਵੀ ਮੇਰੇ ਦਿਮਾਗ ਵਿਚ ਨਹੀਂ ਆਇਆ।”

ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਅੱਠ ਸਾਲ ਦਾ ਬੇਟਾ ਹੈ ਜੋ ਇਥੇ ਪੈਦਾ ਹੋਇਆ ਸੀ ਅਤੇ ਕਦੇ ਭਾਰਤ ਨਹੀਂ ਗਿਆ। ਜੇ ਡਿਪੋਰਟ ਕੀਤਾ ਜਾਂਦਾ ਹੈ, ਤਾਂ ਸਾਡੇ ਕੋਲ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਹੋਵੇਗਾ, ਜਿਸ ਨਾਲ ਮੇਰੇ ਪ੍ਰਵਾਰ ਦੇ ਭਵਿੱਖ, ਖ਼ਾਸ ਕਰ ਕੇ ਮੇਰੇ ਪੁੱਤਰ ਦੀ ਸਿਹਤ ਅਤੇ ਸਿਖਿਆ ‘ਤੇ ਅਸਰ ਪੈ ਸਕਦਾ ਹੈ।

ਦੱਸ ਦਿੰਦੇ ਹਾਂ ਕਿ ਪਰਮਿੰਦਰ ਸਿੰਘ 2008 ‘ਚ ਵਿਦਿਆਰਥੀ ਵੀਜ਼ੇ ‘ਤੇ ਆਸਟ੍ਰੇਲੀਆ ਆਏ ਸਨ। ਉਸ ਨੇ ਸਮਾਜ ਭਲਾਈ ਵਿਚ ਬੈਚਲਰ ਦੀ ਡਿਗਰੀ ਕੀਤੀ। ਆਖਰਕਾਰ ਉਸ ਨੂੰ ਇਕ ਨੇੜਲੇ ਰੈਸਟੋਰੈਂਟ ਵਿਚ ਮੈਨੇਜਰ ਵਜੋਂ ਨੌਕਰੀ ਮਿਲ ਗਈ।

ਉਸ ਨੇ ਆਪਣੀ ਕੰਪਨੀ ਦੀ ਮਦਦ ਨਾਲ ਖੇਤਰੀ ਆਸਟ੍ਰੇਲੀਆ ਵਿਚ ਸਥਾਈ ਤੌਰ ‘ਤੇ ਰਹਿਣ ਅਤੇ ਕੰਮ ਕਰਨ ਦੇ ਯੋਗ ਹੋਣ ਲਈ 2016 ਵਿਚ ਇਕ ਖੇਤਰੀ ਸਪਾਂਸਰਡ ਵੀਜ਼ਾ (ਸਬਕਲਾਸ 187) ਲਈ ਇਕ ਅਰਜ਼ੀ ਦਿਤੀ। ਫਿਰ ਵੀ ਉਸ ਦੀ ਵੀਜ਼ਾ ਅਰਜ਼ੀ ਰੱਦ ਕਰ ਦਿਤੀ ਗਈ ਸੀ। ਇਸ ਤੋਂ ਬਾਅਦ ਪਰਮਿੰਦਰ ਸਿੰਘ ਨੇ ਮੰਤਰੀ ਦੇ ਦਖ਼ਲ ਦੀ ਬੇਨਤੀ ਕੀਤੀ, ਪਰ ਉਸ ਬੇਨਤੀ ਨੂੰ ਵੀ ਰੱਦ ਕਰ ਦਿਤਾ ਗਿਆ।

- Advertisement -

ਪਰਮਿੰਦਰ ਸਿੰਘ ਨੇ ਕਿਹਾ, “ਕਿਉਂਕਿ ਮੇਰੇ ਕੋਲ ਕੋਈ ਹੋਰ ਰਸਤਾ ਨਹੀਂ ਸੀ, ਮੈਂ ਆਪਣਾ ਕਿੱਤਾ ਬਦਲ ਕੇ ਸਮਾਜ ਭਲਾਈ ਵੱਲ ਵਾਪਸ ਜਾਣ ਦਾ ਫ਼ੈਸਲਾ ਕੀਤਾ। ਮੈਂ ਕੋਵਿਡ (ਮਹਾਂਮਾਰੀ) ਦੌਰਾਨ ਇਕ ਨੌਜਵਾਨ ਵਰਕਰ ਵਜੋਂ ਸੇਵਾਵਾਂ ਨਿਭਾਈਆਂ ਪਰ ਜਦੋਂ ਮੈਂ ਹੁਨਰ ਦੇ ਮੁਲਾਂਕਣ ਲਈ ਅਰਜ਼ੀ ਦਿਤੀ ਤਾਂ ਮੈਨੂੰ ਦਸਿਆ ਗਿਆ ਕਿ ਮੈਨੂੰ ਇਸ ਖੇਤਰ ਵਿਚ ਹੋਰ ਦੋ ਸਾਲਾਂ ਦੇ ਤਜਰਬੇ ਦੀ ਲੋੜ ਹੈ।”

ਉਨ੍ਹਾਂ ਅੱਗੇ ਦਸਿਆ, “ਇਸ ਦੌਰਾਨ ਮੈਨੂੰ ਇਕ ਬ੍ਰਿਜਿੰਗ ਵੀਜ਼ਾ E ਦਿਤਾ ਗਿਆ ਸੀ ਜੋ ਮੈਨੂੰ ਕਾਨੂੰਨੀ ਤੌਰ ‘ਤੇ ਉਦੋਂ ਤਕ ਇਥੇ ਰਹਿਣ ਦੀ ਇਜਾਜ਼ਤ ਦਿੰਦਾ ਹੈ ਜਦੋਂ ਤਕ ਮੈਂ ਜਾਣ ਦਾ ਪ੍ਰਬੰਧ ਨਹੀਂ ਕਰ ਲੈਂਦਾ। ਮੈਨੂੰ ਦਸਿਆ ਗਿਆ ਹੈ ਕਿ ਕਿਸੇ ਹੋਰ ਠੋਸ ਵੀਜ਼ੇ ਦੀ ਕੋਈ ਉਮੀਦ ਨਹੀਂ ਹੈ ਅਤੇ ਮੈਨੂੰ 31 ਮਈ ਤਕ ਦੇਸ਼ ਛੱਡਣਾ ਪਏਗਾ।”
ਉਨ੍ਹਾਂ ਦੀ ਸਥਿਤੀ ਦੇ ਬਾਵਜੂਦ ਪਰਮਿੰਦਰ ਸਿੰਘ ਅਤੇ ਉਨ੍ਹਾਂ ਦਾ ਪ੍ਰਵਾਰ ਆਸਵੰਦ ਹੈ। ਉਨ੍ਹਾਂ ਦਸਿਆ, “ਸਾਡਾ ਮੰਨਣਾ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਮਹਾਨ ਦੇਸ਼ ਹੈ। ਭਾਈਚਾਰਾ ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਕਦਰ ਕਰਦਾ ਹੈ, ਅਤੇ ਅਸੀਂ ਹਮੇਸ਼ਾ ਉਨ੍ਹਾਂ ਕਦਰਾਂ-ਕੀਮਤਾਂ ਦਾ ਪਾਲਣ ਕੀਤਾ ਹੈ। ਅਸੀਂ ਅਜੇ ਵੀ ਇਸ ਉਮੀਦ ‘ਤੇ ਕਾਇਮ ਹਾਂ ਕਿ ਦੇਸ਼ ਸਾਨੂੰ ਅਪਣਾ ਮੰਨ ਲਵੇਗਾ। ਇਸੇ ਉਮੀਦ ‘ਤੇ ਸਾਡੀ ਕੋਸ਼ਿਸ਼ ਜਾਰੀ ਹੈ।”

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment