ਵਰਤਮਾਨ ਸਮੇਂ ਅਫ਼ਗਾਨਿਸਤਾਨ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ। ਅਜਿਹੇ ਵਿੱਚ ਉਥੇ ਰਹਿ ਰਹੇ ਘੱਟ ਗਿਣਤੀ ਲੋਕ ਜੋ ਕਿ ਪਹਿਲਾਂ ਹੀ ਅਨੇਕ ਔਕੜਾਂ ਦਾ ਸਾਹਮਣਾ ਕਰ ਰਹੇ ਸੀ ਉਨ੍ਹਾਂ ‘ਤੇ ਮੁਸੀਬਤਾਂ ਦੇ ਪਹਾੜ ਟੁੱਟ ਗਏ ਹਨ। ਸਿੱਖਾਂ ਦਾ ਅਫ਼ਗਾਨਿਸਤਾਨ ਨਾਲ ਗੂੜਾ ਰਿਸ਼ਤਾ ਹੈ ਪਰ ਬਹੁ ਗਿਣਤੀ ਦੀ ਮਾਰ ਤਾਂ ਸਿੱਖਾਂ ਨੂੰ ਆਪਣੇ ਦੇਸ਼ ਵਿੱਚ ਵੀ ਝਲਣੀ ਪਈ ਫਿਰ ਉਹ ਤਾਂ ਅਫ਼ਗਾਨਿਸਤਾਨ ਹੈ। ਉਥੇ ਤਾਂ ਇਸ ਵਕਤ ਗੈਰ ਤਾਲਿਬਾਨੀ ਮੁਸਲਮਾਨ ਵੀ ਸੁਰੱਖਿਅਤ ਨਹੀਂ। ਅਫ਼ਗਾਨੀ ਸਿੱਖਾਂ ਦੀਆਂ ਦਰਪੇਸ਼ ਮੁਸ਼ਕਲਾਂ ਨੂੰ ਬਿਆਨ ਕਰਦਾ ਡਾ. ਰੂਪ ਸਿੰਘ ਦੇ ਇਸ ਖੋਜ ਭਰਪੂਰ ਆਰਟੀਕਲ ਵਿੱਚ ਅਫ਼ਗਾਨੀ ਸਿੱਖਾਂ ਬਾਰੇ ਵੱਡਮੁਲੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਪਾਠਕ ਇਸ ਨੂੰ ਜ਼ਰੂਰ ਪੜ੍ਹਨ।- ਡਾ. ਗੁਰਦੇਵ ਸਿੰਘ
ਲੜੀ ਜੋੜਨ ਲਈ ਪਿਛਲਾ ਅੰਕ ਪੜੋ https://scooppunjab.com/global/afghani-sikhan-di-vithia-dr-roop-singh/
ਅਫ਼ਗਾਨੀ ਸਿੱਖਾਂ ਦੀ ਵਿਥਿਆ (ਭਾਗ -2)
*ਡਾ. ਰੂਪ ਸਿੰਘ
ਅਫ਼ਗਾਨਿਸਤਾਨ ਦੀਆਂ ਸਿੱਖ ਸੰਗਤਾਂ ਨਾਲ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਜੀ ਮਸਕੀਨ, ਬਾਬਾ ਤੇਜ ਭਾਨ ਸਿੰਘ ਜੀ ਤੇ ਉਨ੍ਹਾਂ ਦੀ ਸਪੁੱਤਰੀ ਬੀਬੀ ਪਰਮਜੀਤ ਕੌਰ ਪਿੰਕੀ ਨੇ ਵੀ ਨਿਰੰਤਰ ਸੰਪਰਕ ਬਣਾਈ ਰੱਖਿਆ। ਮਸਕੀਨ ਜੀ ਤੇ ਬਾਬਾ ਤੇਜ ਭਾਨ ਸਿੰਘ ਜੀ ਕਈ ਵਾਰ ਅਫ਼ਗਾਨਿਸਤਾਨ ਦੇ ਪ੍ਰਚਾਰ ਦੌਰਿਆ ‘ਤੇ ਗਏ ਜਿਸ ਦੀ ਸ਼ਾਹਦੀ (ਹਾਮੀ) ਅੱਜ ਵੀ ਅਫ਼ਗਾਨੀ ਸਿੱਖ, ਸਤਿਕਾਰ ਸਹਿਤ ਭਰਦੇ ਹਨ। ਅਫ਼ਗਾਨਿਸਤਾਨ ਵਿੱਚ ਕੀਰਤਨ ਕਰਨ ਵਾਸਤੇ ਪ੍ਰੋ. ਦਰਸ਼ਨ ਸਿੰਘ ਰਾਗੀ ਤੇ ਭਾਈ ਅਮਰਜੀਤ ਸਿੰਘ ਤਾਨ ਵੀ ਹਾਲਾਤ ਸੁਖਾਵੇਂ ਰਹਿਣ ਤੀਕ ਜਾਂਦੇ ਰਹੇ।
ਅਫ਼ਗਾਨੀ ਸਿੱਖਾਂ ਨੂੰ ਗਿਲਾ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਸਥਾਗਤ ਰੂਪ ਵਿੱਚ ਅਫ਼ਗਾਨੀ ਸਿੱਖ-ਸੰਗਤਾਂ ਦੀ ਸਮੇਂ-ਸਿਰ ਸਾਰ ਨਹੀਂ ਲਈ ਗਈ। ਸਥਿਤੀ ਇਹ ਹੈ ਕਿ ਅੱਜ ਵੀ ਅਫ਼ਗਾਨਿਸਤਾਨ ਦੇ ਸਿੱਖਾਂ, ਇਤਿਹਾਸਕ ਗੁਰਦੁਆਰਿਆਂ, ਧਾਰਮਿਕ ਅਸਥਾਨਾਂ ਦੀ ਮੌਜੂਦਾ ਸਥਿਤੀ ਬਾਰੇ ਵੇਰਵੇ ਸਾਡੇ ਪਾਸ ਮੌਜੂਦ ਨਹੀਂ। ਅਫ਼ਗਾਨਿਸਤਾਨ ਦੇ ਗੁਰਦੁਆਰਿਆਂ ਬਾਰੇ ਬਹੁਤ ਥੋੜੀ ਸੰਖੇਪ ਵਿੱਚ ਜਾਣਕਾਰੀ ਸ੍ਰ. ਸਮਸ਼ੇਰ ਸਿੰਘ ਅਸ਼ੋਕ, ਗਿਆਨੀ ਠਾਕੁਰ ਸਿੰਘ ਜੀ ਤੇ ਡਾ. ਗੰਡਾ ਸਿੰਘ ਜੀ ਦੀਆਂ ਪੁਸਤਕਾਂ ਵਿੱਚੋਂ ਪ੍ਰਾਪਤ ਹੁੰਦੀ ਹੈ। ਇੰਨ੍ਹਾਂ ਪੁਸਤਕਾਂ ਵਿੱਚ ਵੀ ਵਰਤਮਾਨ ਵੇਰਵੇ ਨਹੀਂ ਹਨ। ਉਪਰੋਤ ਪੁਸਤਕਾਂ ਤੋਂ ਇਲਾਵਾ ਸ੍ਰ. ਹੀਰਾ ਸਿੰਘ ਖਾਲਸਾ ਜਰਨਲ ਸਕੱਤਰ, ਖਾਲਸਾ ਦੀਵਾਨ ਅਫ਼ਗਾਨਿਸਤਾਨ ਨਾਲ ਹੋਈ ਗੱਲਬਾਤ ਅਧਾਰਤ ਹੀ ਅਸੀਂ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੇ ਵਾਸੇ, ਵਿਗਾਸ, ਗੁਰਦੁਆਰਿਆਂ-ਗੁਰਧਾਮਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਡਾ. ਗੰਡਾ ਸਿੰਘ ਅਨੁਸਾਰ 1952 ਈਸਵੀ ਵਿੱਚ ਅਫ਼ਗਾਨਿਸਤਾਨ ਦੀ ਅਬਾਦੀ ਇੱਕ ਕਰੋੜ ਤੀਹ ਲੱਖ ਸੀ ਜਿਸ ਵਿੱਚ ਸਿੱਖ-ਸੇਵਕਾਂ ਦੀ ਗਿਣਤੀ ਕੇਵਲ ਛੇ-ਸੱਤ ਹਜ਼ਾਰ ਹੀ ਸੀ। ਅਫ਼ਗਾਨਿਸਤਾਨ ਵਿੱਚ ਵੱਸਣ ਵਾਲੇ ਸ੍ਰ. ਨਰਿੰਦਰ ਸਿੰਘ, ਸ੍ਰ. ਹੀਰਾ ਸਿੰਘ ਖਾਲਸਾ ਤੇ ਗੂਗਲ ਸਰਚ ਅਨੁਸਾਰ ਸਿੱਖ-ਸੇਵਕਾਂ ਦੀ ਆਬਾਦੀ 1970 ਈਸਵੀ ਵਿੱਚ ਚਰਮ ਸੀਮਾ ‘ਤੇ ਸੀ, ਜੋ ਦੋ ਲੱਖ ਤੋਂ ਲੈ ਕੇ ਪੰਜ ਲੱਖ ਤੱਕ ਪਹੁੰਚ ਚੁੱਕੀ ਸੀ, ਅਫ਼ਗਾਨਿਸਤਾਨ ਦੀ ਕੁੱਲ ਅਬਾਦੀ ਦਾ 1.8% ਤੋਂ ਲੈ ਕੇ 4.6% ਬਣਦੀ ਹੈ। 1970 ਈਸਵੀ ਤੋਂ ਹੀ ਅਫ਼ਗਾਨਿਸਤਾਨ ਵਿੱਚ ਘਰੇਲੂ ਝਗੜੇ, ਗ੍ਰਹਿ ਯੁਧ ਸ਼ੁਰੂ ਹੋ ਗਿਆ, ਜਿਸ ਕਾਰਨ ਅਫ਼ਗਾਨਿਸਤਾਨ ਦੇ ਸ਼ਾਂਤ, ਧਾਰਮਿਕ, ਸਮਾਜਿਕ ਵਾਤਾਵਰਨ ਨੂੰ ਅੱਗ ਲੱਗ ਗਈ। ਘੱਟ ਗਿਣਤੀ ਹਿੰਦੂ, ਸਿੱਖ-ਸੇਵਕਾਂ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਹੋਣਾ ਪਿਆ। ਹਿਜ਼ਰਤ ਸ਼ਬਦ ਵਰਤਿਆ ਹੀ ਮਜ਼ਬੂਰੀ ਵੱਸ ਜਨਮ ਭੂਮੀ-ਵਤਨ ਛੱਡਣ ਦੀ ਕਿਰਿਆ ਜਾਂ ਦੇਸ਼ ਤੋਂ ਜ਼ੁਦਾ ਹੋਣ ਲਈ ਜਾਂਦਾ ਹੈ। ਜ਼ਿਆਦਾਤਰ ਸਿੱਖ-ਸੇਵਕ ਅਫ਼ਗਾਨਿਸਤਾਨ ਦੇ ਰਾਜ ਜਲਾਲਾਬਾਦ, ਕਾਬੁਲ, ਕੰਧਾਰ, ਗਜ਼ਨੀ, ਖ਼ੋਸਤ, ਸ਼ਰਾਕਾਰ, ਕੰਦੂਜ਼, ਗਰਦੇਜ਼, ਖ਼ਾਨਬਾਦ ਆਦਿ ਸ਼ਹਿਰਾਂ-ਕਸਬਿਆ ਵਿੱਚ ਵਸਦੇ ਸਨ। ਘਰੇਲੂ ਯੁਧ ਤੋਂ ਪਹਿਲਾਂ ਅਫ਼ਗਾਨਿਸਤਾਨ ਦੇ ਸਿੱਖ ਬਹੁਤ ਖੁਸ਼ਹਾਲ ਸਨ। ਕਾਬੁਲ, ਜਲਾਲਬਾਦ ਤੇ ਕੰਧਾਰ ਆਦਿ ਸ਼ਹਿਰਾਂ ਵਿੱਚ 70% ਕਾਰੋਬਾਰ ਤੇ ਵਪਾਰ ਸਿੱਖਾਂ ਪਾਸ ਸੀ। ਖ਼ਾਸ ਕਰਕੇ ਸੁੱਕੇ ਫਲਾਂ, ਕੱਪੜੇ, ਦਵਾਈਆਂ ਤੇ ਗੱਡੀਆਂ ਆਦਿ ਦੇ ਕਾਰੋਬਾਰ ਵਿੱਚ ਸਿੱਖਾਂ ਦੀ ਸਿਰਦਾਰੀ ਸੀ। 1979 ਈਸਵੀ ਤੋਂ ਬਾਅਦ ਅਫ਼ਗਾਨਿਸਤਾਨ ਵਿੱਚ ਕੋਈ ਮਰਦਮ ਸ਼ੁਮਾਰੀ ਨਹੀਂ ਹੋਈ ਜਿਸ ਕਰਕੇ ਅਬਾਦੀ ਬਾਰੇ ਅਨੁਮਾਨ ਹੀ ਮੰਨਣੇ ਪੈਂਦੇ ਹਨ।
ਅਫ਼ਗਾਨੀ ਸਿੱਖ ਅਫ਼ਗਾਨੀਸਤਾਨ ਦੇ ਖੇਤਰੀ ਭਾਸ਼ਾ ਪਸ਼ਤੋ ਤੋਂ ਇਲਾਵਾ ਪੰਜਾਬੀ, ਹਿੰਦਕੂ, ਡਾਰੀ ਤੇ ਹਿੰਦੁਸਤਾਨੀ ਆਦਿ ਭਾਸ਼ਾਵਾਂ ਬੋਲ ਲੈਂਦੇ ਹਨ। 1989 ਈਸਵੀ ਵਿੱਚ ਸ਼ੁਰੂ ਹੋਏ ਘਰੇਲੂ ਯੁੱਧ ਅਤੇ ਭਾਰਤ ਵਿੱਚ ਬਾਬਰੀ ਮਸਜ਼ਿਦ ਢਹਿਣ ਉਪਰੰਤ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਹਿੰਦੂ, ਸਿੱਖ-ਸੇਵਕਾਂ ‘ਤੇ ਮਹਜ਼ਬੀ ਹਮਲੇ ਹੋਣੇ ਸ਼ੁਰੂ ਹੋ ਗਏ। ਸਿੱਖਾਂ ਦੀ ਵੱਖਰੀ ਪਹਿਚਾਣ ਤੇ ਨਿਸ਼ਾਨ ਹੋਣ ਕਰਕੇ ਜਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਪਣੀ ਜਨਮ ਭੂਮੀ ਤੇ ਪਵਿਤਰ ਧਾਰਮਿਕ ਸਥਾਨਾਂ ਦਾ ਵਿਛੋੜਾ ਅਸਹਿ ਹੁੰਦਾ ਹੈ ਪਰ ਮਜਬੂਰੀ ਵੱਸ ਬਹੁੱਤ ਵੱਡੀ ਗਿਣਤੀ ਵਿੱਚ ਅਫ਼ਗਾਨੀ ਸਿੱਖ, ਯੂਰਪ, ਅਮਰੀਕਾ, ਕੈਨੇਡਾ, ਅਸਟ੍ਰੇਲੀਆਂ ਤੇ ਭਾਰਤ ਆਦਿ ਦੇਸ਼ਾਂ ਵਿੱਚ ਵੱਸ ਗਏ। ਦੂਸਰੇ ਦੇਸ਼ਾਂ ਨੇ ਤਾਂ ਅਫ਼ਗਾਨੀ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਾਂ ਵਾਲੀਆਂ ਸਹੂਲਤਾਂ ਦੇ ਦਿੱਤੀਆਂ ਪਰ ਮੇਰੇ ਮਹਾਨ ਭਾਰਤ ਨੇ ਪੰਝੀ-ਤੀਹ ਸਾਲ ਬਾਅਦ, ਪਿਛਲੇ ਸਾਲ ਇਹ ਸਹੂਲਤ ਪ੍ਰਦਾਨ ਕੀਤੀ` ਭਾਰਤ ਵਿੱਚ ਅਫ਼ਗਾਨੀ ਸਿੱਖ ਖ਼ਾਸ ਕਰਕੇ ਦਿੱਲੀ, ਲੁਧਿਆਣਾ ਤੇ ਅੰਮ੍ਰਿਤਸਰ ਸ਼ਹਿਰ ਵਿੱਚ ਆਬਾਦ ਹੋਏ ਤੇ ਘਰ ਪਰਿਵਾਰ ਦੇ ਗੁਜ਼ਾਰੇ ਲਈ ਛੋਟੇ-ਛੋਟੇ ਕਾਰੋਬਾਰ ਕਰਨ ਲੱਗੇ। 2013 ਈਸਵੀ ਵਿੱਚ ਅਫ਼ਗਾਨਿਸਤਾਨ ਵਿੱਚ ਕੇਵਲ 1200 ਸਿੱਖ ਪਰਿਵਾਰ ਰਹਿ ਗਏ, ਜਿੰਨ੍ਹਾ ਦੀ ਗਿਣਤੀ 8000 ਦੇ ਕਰੀਬ ਸੀ। ਅਫ਼ਗਾਨੀ ਸਿੱਖ ਸਰਦਾਰ ਸ੍ਰ. ਨਰਿੰਦਰ ਸਿੰਘ ਦੀ ਰਿਪੋਰਟ ਅਨੁਸਾਰ 2019 ਈਸਵੀ ਵਿੱਚ ਕੇਵਲ 1000 ਦੇ ਕਰੀਬ ਰਹਿ ਗਏ। 2020 ਈਸਵੀ ਵਿੱਚ ਇਹ ਗਿਣਤੀ ਹੋਰ ਘੱਟ ਗਈ ‘ਤੇ 700 ਦੇ ਕਰੀਬ ਹੀ ਰਹਿ ਗਈ। ਹੁਣ ਸ੍ਰ. ਹੀਰਾ ਸਿੰਘ ਜਰਨਲ ਸਕੱਤਰ ਖ਼ਾਲਸਾ ਦੀਵਾਨ ਅਫ਼ਗਾਨਿਸਤਾਨ ਜੋ ਖੁੱਦ ਦਿੱਲੀ ਵਿੱਚ ਰਹਿੰਦੇ ਹਨ, ਦੇ ਦੱਸਣ ਅਨੁਸਾਰ 250 ਦੇ ਕਰੀਬ ਹੀ ਸਿੱਖ ਅਫ਼ਗਾਨਿਸਤਾਨ ਵਿੱਚ ਰਹਿ ਗਏ ਹਨ।
ਸੀਮਤ ਗਿਣਤੀ ਵਿੱਚ ਸਿੱਖਾਂ ਦੀ ਹਾਲਤ ਵੀ ਚਕੀ ਦੇ ਪੁੜ੍ਹਾਂ ਵਿੱਚ ਦਾਣਿਆ ਵਰਗੀ ਹੈ। ਪਤਾ ਨਹੀਂ ਕਦੋਂ ਪੀਸੇ-ਮਸਲੇ ਜਾਣ। ਸਮਕਾਲੀ, ਸਥਾਨਕ, ਧਾਰਮਕ ਮੁਸ਼ਕਲਾਂ ਕਰਕੇ ਦੁਖਾਂ ਨਾਲ ਪੀੜੇ ਹੋਏ ਹਨ, ਇਹ ਅਫ਼ਗਾਨੀ ਸਿੱਖ। ਆਪਣੇ ਬੱਚੇ-ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੇ। ਸੂਖਮ ਘੱਟ ਗਿਣਤੀ ਹੋਣ ਕਾਰਨ ਬੱਚਿਆਂ ਨੂੰ ਸਕੂਲਾਂ, ਗਲੀਆਂ, ਬਾਜ਼ਾਰਾਂ ਵਿੱਚ ਸਰੀਰਕ, ਮਾਨਸਿਕ ਤਸਹੀਹੇ ਦਿੱਤੇ ਜਾਂਦੇ ਹਨ। ਨੌਜੁਆਨ ਲੜਕੀਆਂ ਤੇ ਬੀਬੀਆਂ ਵੀ ਘਰਾਂ ਦੇ ਕਮਰਿਆਂ ਵਿੱਚ ਕੈਦ ਹਨ। ਸਿੱਖਾਂ ਦੀ ਵਸੋਂ ਅਫ਼ਗਾਨੀ ਮੁਸਲਮ ਮੁਹੱਲਿਆ ਵਿੱਚ ਸੀ, ਪਰ ਹੁਣ ਨਾਮਾਤਰ ਗਿਣਤੀ ਹੋਣ ਕਰਕੇ ਪਿਤਾ-ਪੁਰਖੀ ਜ਼ੱਦੀ ਘਰਾਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਘਰਾਂ ਵਿੱਚ ਸ਼ਰਨ ਲੈਣੀ ਪਈ ਹੈ। ਮਰਦ ਗੁਰਸਿੱਖਾਂ ਨੂੰ ਘਰ ਦੇ ਗੁਜ਼ਰਾਨ ਵਾਸਤੇ ਦੁਕਾਨਾਂ, ਬਾਜ਼ਾਰਾਂ ਵਿੱਚ ਜਾਣਾ ਹੀ ਪੈਂਦਾ ਹੈ, ਪਰ ਆਏ ਦਿਨ ਉਨ੍ਹਾਂ ਨੂੰ ਵੀ ਨਸਲੀ ਨਫ਼ਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇੰਨ੍ਹਾਂ ਗੁਰਸਿੱਖਾਂ ਦੀ ਨਿਵੇਕਲੀ ਪਹਿਚਾਣ ਦੀ ਪ੍ਰਤੀਕ ਪਗੜੀ/ਦਸਤਾਰ, ਦਾੜ੍ਹੀ-ਕੇਸਾਂ ਬਾਰੇ ਭੱਦੀ ਸ਼ਬਦਾਵਲੀ ‘ਚ ਮਜ਼ਾਕ ਕੀਤੇ ਜਾਂਦੇ ਹਨ। ਕਾਫ਼ਰ ਕਹਿ ਪੁਕਾਰਿਆ ਜਾਂਦਾ ਹੈ। ਪਤਾ ਨਹੀਂ ਕੋਈ ਸ਼ਰਾਰਤੀ ਕਿਸੇ ਦੀ ਦਸਤਾਰ ਨੂੰ ਹੱਥ ਪਾ ਲਵੇ ਤੇ ਕਦ ਕਿਸੇ ਨੂੰ ਇੱਟਾਂ-ਰੋੜਿਆ ਦੀ ਬੁਛਾੜ ਦਾ ਸਾਹਮਣਾ ਕਰਨਾ ਪਵੇ।
ਅਫ਼ਗਾਨੀ ਸਿੱਖਾਂ-ਸੇਵਕਾਂ ਦੇ ਮੌਜੂਦਾ ਸਥਿਤੀ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸ ਦਰਦਮਈ ਸਥਿਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਬਿਆਨ ਕਰਨਾ ਮੁਸ਼ਕਲ ਹੈ। ਅਫਗਨਿਸਤਾਨ ਵਿੱਚ ਵੱਸਣ ਵਾਲੇ ਸਿੱਖਾਂ ਲਈ ਇੱਕ ਸਮੇਂ ਮ੍ਰਿਤਕ ਸਰੀਰਾਂ ਦੇ ਸਸਕਾਰ ਦੀ ਸਮੱਸਿਆ ਖੜੀ ਹੋ ਗਈ। ਸਿੱਖ ਰਹਿਤ ਮਰਿਆਦਾ ਅਨੁਸਾਰ ਸਸਕਾਰ ਕਰਨ ਦੀ ਆਗਿਆ ਨਾ ਮਿਲਣ ਕਾਰਨ, ਮ੍ਰਿਤਕ ਸਰੀਰਾਂ ਨੂੰ ਪਾਕਿਸਤਾਨ, ਲਿਜਾ ਕੇ, ਅੰਤਮ ਰਸਮਾਂ ਨਿਭਾਈਆ ਜਾਂਦੀਆਂ। ਹਕੂਮਤ ਦੇ ਬਦਲਣ ‘ਤੇ ਸਰਕਾਰ ਨੇ ਮ੍ਰਿਤਕ ਸਰੀਰਾਂ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਵਿੱਚ ਜਗ੍ਹਾ ਤਾਂ ਅਲਾਟ ਕਰ ਦਿੱਤੀ ਪਰ ਸਮਕਾਲੀ ਸਮੱਸਿਆਵਾਂ ਤੋਂ ਸਿੱਖਾਂ ਨੂੰ ਮੁਕਤੀ ਮਿਲਦੀ ਨਜ਼ਰ ਨਹੀਂ ਆ ਰਹੀਂ। ਅਫ਼ਗਾਨੀ ਸਿੱਖ ਤਾਂ ਸਮਕਾਲੀ ਸਮਸਿਆਵਾਂ ਨਾਲ ਜੀਵਨ ਮੌਤ ਦੀ ਲੜਾਈ ਲੜ ਰਹੇ ਹਨ ਪਰ ਇਹ ਸਮੱਸਿਆਵਾਂ ਵਕਤੀ ਤੇ ਖੇਤਰੀ ਨਹੀਂ, ਇਹ ਸਿੱਖਾਂ ਦੀ ਕੌਮੀ ਸਮੱਸਿਆ ਹੈ ਜਿਸ ਬਾਰੇ ਕੌਮੀ ਪੱਧਰ ‘ਤੇ ਸਿਰ ਜੋੜ ਕੇ ਫ਼ੈਸਲੇ ਲੈਣ ਦੀ ਜ਼ਰੂਰਤ ਹੈ ਪਰ ਅਸੀਂ ਗੰਭੀਰ ਨਹੀਂ।
(ਚਲਦਾ)
*98146 37979 [email protected]