Moga News : ਇੱਕ ਪਾਸੇ ਮੋਗਾ ਵਿੱਚ ਸਿਆਸੀ ਮੰਚ ਸਜ ਚੁੱਕਿਆ ਹੈ, ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਕਾਫ਼ਲੇ ਮੋਗਾ ਵੱਲ ਰਵਾਨਾ ਹੋਣੇ ਸ਼ੁਰੂ ਹੋ ਗਏ ਹਨ। ਕਿਤੇ ਵਰਕਰਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਤਾਂ ਕਿਤੇ ਪਾਰਟੀ ਆਗੂ ਖੁਦ ਕਾਫ਼ਲਿਆਂ ਦੀ ਅਗਵਾਈ ਕਰ ਰਹੇ ਹਨ। ਜੀ ਹਾਂ, ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ‘ਖੁਸ਼ਹਾਲ ਪੰਜਾਬ ਮਹਾ ਰੈਲੀ’ ਦੀ, ਜਿਸ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੋਗਾ ਪਹੁੰਚਣਗੇ। ਪਰ ਇਸ ਰੈਲੀ ਤੋਂ ਪਹਿਲਾਂ ਪਠਾਨਕੋਟ ਦੇ ਹਲਕਾ ਭੋਆ ਤੋਂ ਵੀ ਵੱਡਾ ਕਾਫ਼ਲਾ ਮੋਗਾ ਲਈ ਰਵਾਨਾ ਹੋਇਆ ਹੈ। ਦੱਸ ਦਈਏ ਕਿ ਇਸ ਮਹਾ ਰੈਲੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ। ਪਾਰਟੀ ਵੱਲੋਂ ਇਸ ਰੈਲੀ ਨੂੰ ਲੈ ਕੇ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਵਰਕਰਾਂ ਅਤੇ ਸਮਰਥਕਾਂ ਨੂੰ ਮੋਗਾ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।ਇਸੇ ਲੜੀ ਤਹਿਤ ਪਠਾਨਕੋਟ ਦੇ ਹਲਕਾ ਭੋਆ ਤੋਂ ਇਲਾਕਾ ਵਾਸੀਆਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਵੱਡਾ ਕਾਫ਼ਲਾ ਮੋਗਾ ਲਈ ਰਵਾਨਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਗੰਨਾ ਕਿਸਾਨਾਂ ਨੂੰ ਵੱਡਾ ਤੋਹਫ਼ਾ, 2026-27 ਲਈ ਗੰਨੇ ਦਾ ਭਾਅ ਵਧਾ ਕੇ ਕੀਤਾ ₹431 ਪ੍ਰਤੀ ਕੁਇੰਟਲ
ਇਸ ਕਾਫ਼ਲੇ ਦੀ ਅਗਵਾਈ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਮਹਾ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਗੀ ਕੀਤੀ।ਕਾਫ਼ਲੇ ਵਿੱਚ ਸ਼ਾਮਲ ਲੋਕਾਂ ਵਿੱਚ ਰੈਲੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ ਵੱਲੋਂ ਇਸ ਇਕੱਠ ਨੂੰ ਲੋਕਾਂ ਦੇ ਸਮਰਥਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਹਾਲਾਂਕਿ, ਰੈਲੀ ਵਿੱਚ ਅਸਲ ਵਿੱਚ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ, ਇਹ ਰੈਲੀ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਮਹਾ ਰੈਲੀ ਦੇ ਮੰਚ ਤੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦਿੰਦੇ ਹਨ? ਕੀ ਸਰਕਾਰ ਆਪਣੇ ਪੰਜ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰੇਗੀ? ਕੀ ਪੰਜਾਬੀਆਂ ਲਈ ਕੋਈ ਨਵੇਂ ਐਲਾਨ ਕੀਤੇ ਜਾਣਗੇ? ਜਾਂ ਫਿਰ ਆਉਣ ਵਾਲੇ ਸਮੇਂ ਲਈ ਸਰਕਾਰ ਆਪਣਾ ਨਵਾਂ ਰੋਡਮੈਪ ਸਾਹਮਣੇ ਰੱਖੇਗੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮੋਗਾ ਦੀ ਇਸ ਮਹਾ ਰੈਲੀ ਵਿੱਚ ਮਿਲ ਸਕਦੇ ਹਨ। ਫਿਲਹਾਲ ਪੰਜਾਬ ਦੀਆਂ ਸਿਆਸੀ ਨਜ਼ਰਾਂ ਮੋਗਾ ਵਿੱਚ ਹੋਣ ਵਾਲੇ ਇਸ ਇਕੱਠ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਸੰਬੋਧਨਾਂ ‘ਤੇ ਟਿਕੀਆਂ ਹੋਈਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

