ਭਾਰਤ ‘ਚ ਕੋਰੋਨਾ ਦੇ ਇਲਾਜ ਲਈ ਬਲੱਡ ਪਲਾਜ਼ਮਾ ਥੈਰੇਪੀ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਮਨਜ਼ੂਰੀ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ‘ਚ ਹੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਬਲੱਡ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਰਲ ਭਾਰਤ ਦਾ ਪਹਿਲਾਂ ਰਾਜ ਹੋਵੇਗਾ ਜੋ ਕੋਵਿਡ -19 ਦੇ ਮਰੀਜ਼ਾਂ ‘ਤੇ ਇਸ ਪਲਾਜ਼ਮਾ ਥੈਰੇਪੀ ਦਾ ਇਸਤੇਮਾਲ ਕਰੇਗਾ। ਦੱਸ ਦਈਏ ਕਿ ਹਾਲ ਹੀ ‘ਚ ਕੇਰਲ ਨੇ ਇਸ ਲਈ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਤੋਂ ਇਸ ਥੈਰੇਪੀ ਦੇ ਇਸਤੇਮਾਲ ਲਈ ਇਜਾਜ਼ਤ ਮੰਗੀ ਸੀ।

ਬਲੱਡ ਪਲਾਜ਼ਮਾ ਥੈਰੇਪੀ ਕੀ ਹੈ?

ਬਲੱਡ ਪਲਾਜ਼ਮਾ ਥੈਰੇਪੀ ‘ਚ ਉਨ੍ਹਾਂ ਲੋਕਾਂ ਦੇ ਲਹੂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹੁੰਦੇ ਹਨ। ਦੱਖਣੀ ਕੋਰੀਆ ਨੇ ਇਸ ਥੈਰੇਪੀ ਦਾ ਇਸਤੇਮਾਲ ਕਰਕੇ ਕਾਮਯਾਬੀ ਹਾਸਲ ਕੀਤੀ ਹੈ। ਦੱਖਣੀ ਕੋਰੀਆ ‘ਚ ਦੋ ਲੋਕਾਂ ‘ਤੇ ਇਸ ਦਾ ਕਲੀਨਿਕਲ ਟਰਾਇਲ ਕੀਤਾ ਗਿਆ ਸੀ ਜਿਸ ਦੇ ਚੰਗੇ ਨਤੀਜ਼ੇ ਸਾਹਮਣੇ ਆਏ ਹਨ। ਦੱਖਣੀ ਕੋਰੀਆ ਨੇ ਕੋਰੋਨਾ ਤੋਂ ਠੀਕ ਹੋ ਚੁੱਕੇ ਦੋ ਮਰੀਜ਼ਾਂ ਦੇ ਲਹੂ ਤੋਂ ਐਂਟੀਬਾਡੀਜ਼ ਲੈ ਕੇ, ਉਸ ਦਾ ਇਸਤੇਮਾਲ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ‘ਤੇ ਕੀਤਾ ਗਿਆ।

ਇਸ ਥੈਰੇਪੀ ਅਨੁਸਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ ਦੇ ਬਲੱਡ ਪਲਾਜ਼ਮਾ ‘ਚ ਮੌਜੂਦ ਐਂਟੀਬਾਡੀਜ਼ ਕੋਰੋਨਾ ਦੇ ਦੂਜੇ ਮਰੀਜ਼ ‘ਚ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ। ਸਾਲ 1918 ‘ਚ ਫਲੂ, ਚੇਚਕ ਤੇ ਨਮੂਨੀਆ ਵਰਗੀਆਂ ਬਿਮਾਰੀਆਂ ਦੇ ਸੰਕਰਮਣ ਨੂੰ ਰੋਕਣ ਲਈ ਇਸ ਥੈਰੇਪੀ ਦਾ ਇਸਤੇਮਾਲ ਕੀਤਾ ਗਿਆ ਸੀ।

- Advertisement -

ਬਲੱਡ ਪਲਾਜ਼ਮਾ ਥੈਰੇਪੀ ਦੇ ਕਲੀਨਿਕਲ ਟਰਾਇਲ ਦੀ ਪਹਿਲ ਸਭ ਤੋਂ ਪਹਿਲਾਂ ਕੇਰਲਾ ਦੇ ਸ੍ਰੀ ਚਿਤ੍ਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ (ਐਸਸੀਟੀਆਈਐਮਐਸਟੀ) ਨੇ ਕੀਤੀ ਸੀ। ਇਸ ਸੰਸਥਾ ਨੂੰ ਆਈਸੀਐਮਆਰ ਤੋਂ ਕਲੀਨਿਕਲ ਟਰਾਇਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਤੋਂ ਮਨਜ਼ੂਰੀ ਲੈਣੀ ਪਏਗੀ।

ਦੱਸ ਦਈਏ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 7,400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 240 ਲੋਕਾਂ ਦੀ ਇਸ ਮਹਾਮਾਰੀ ਨਾਲ ਹੋਈ ਹੈ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਤੇ 17 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।

Share this Article
Leave a comment