‘ਆਪ’ ਨੇ ਝੂਠ ਦੀ ਬੁਨਿਆਦ ‘ਤੇ ਬਣਾਈ ਸਰਕਾਰ: ਬਾਜਵਾ

TeamGlobalPunjab
2 Min Read

ਗੁਰਦਾਸਪੁਰ: ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਸੱਤਾ ‘ਚ ਆਏ ਹਾਲੇ ਕੁੱਝ ਹੀ ਦਿਨ ਹੋਏ ਨੇ ਪਰ ਆਪ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਉਣੀ ਸ਼ੁਰੂ ਹੋ ਗਈ ਹੈ। ਕਾਦੀਆਂ ਤੋਂ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਆਪ ‘ਤੇ ਖੂਬ ਰਗੜੇ ਲਗਾਏ।

ਬਾਜਵਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ। 24 ਘੰਟਿਆਂ ਅੰਦਰ ਪੰਜਾਬ ‘ਚ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ ਤੇ 24 ਘੰਟਿਆਂ ‘ਚ ਹੀ ਬਰਗਾੜੀ ਮਾਮਲੇ ‘ਚ ਇਨਸਾਫ਼ ਦਵਾਇਆ ਜਾਵੇਗਾ ਪਰ ਹਾਲੇ ਤੱਕ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਲਟਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਸਾਰ ਹੀ ਜਿਨ੍ਹਾਂ ਕਿਸਾਨਾਂ ਤੋਂ ਵੋਟਾਂ ਲਈਆਂ ਉਨ੍ਹਾਂ ਕਿਸਾਨਾਂ ‘ਤੇ ਹੀ ਲੰਬੀ ‘ਚ ਲਾਠੀਚਾਰਜ ਕਰਵਾਇਆ ਤੇ ਜਿਨ੍ਹਾਂ ਅਧਿਆਪਕਾ ਨੇ ‘ਆਪ’ ਨੂੰ ਵੋਟਾਂ ਦਿੱਤੀਆਂ ਉਨ੍ਹਾਂ ਤੇ ਮਾਮਲੇ ਦਰਜ ਕਰ ਦਿੱਤੇ।

ਇਸ ਮੌਕੇ ਬਾਜਵਾ ਨੇ ਇਹ ਵੀ ਕਿਹਾ ਕਿ ਲੋਕਾਂ ਨੇ 1 ਮਹੀਨੇ ‘ਚ ਹੀ ਆਪ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ, ਕਿਉਂਕਿ ਲਾਅ ਐਂਡ ਆਰਡਰ ਦੀ ਗੱਲਾਂ ਕਰਨ ਵਾਲਿਆਂ ਦੀ ਸਰਕਾਰ ‘ਚ ਹੀ ਗੁੰਡਾਗਰਦੀ ਇਸ ਕਦਰ ਵਧੀ ਕਿ ਹਰ ਰੋਜ਼ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੋਣਾਂ ਜਿੱਤਣ ਤੋਂ ਬਾਅਦ ਹੀ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਹਫ਼ਤੇ ਦੇ 7 ਦਿਨ ਹੀ ਆਪਣੇ ਹਲਕੇ ਦੇ ਲੋਕਾਂ ‘ਚ ਵਿਚਰਨਗੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਆਮ ਵੋਟਰਾਂ ਅਤੇ ਆਪਣੇ ਆਗੂਆਂ ਦੀ ਹਾਜ਼ਰੀ ‘ਚ ਖੁੱਲ੍ਹੇ ਦਰਬਾਰ ਲਗਾਉਣਗੇ। ਇਸ ਤੋਂ ਇਲਾਵਾ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਇਹ ਦਰਬਾਰ ਲੱਗਣਗੇ। ਇਸੇ ਲੜੀ ਤਹਿਤ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਬੀਡੀਪੀਓ ਦਫਤਰ ਕਾਹਨੂੰਵਾਨ ‘ਚ ਪੰਚਾਂ-ਸਰਪੰਚਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨ ਲਈ ਖੁੱਲ੍ਹਾ ਦਰਬਾਰ ਲਗਾਇਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment