ਅਫਗਾਨ-ਅਮਰੀਕੀ ਸਿੱਖ ਸੰਗਠਨ ਨੇ ਮੋਦੀ ਸਰਕਾਰ ਨੂੰ ਅਫਗਾਨਿਸਤਾਨ ‘ਚ ਫਸੇ ਹਿੰਦੂਆਂ ਅਤੇ ਸਿੱਖਾਂ ਦੀ ਪਨਾਹ ਲਈ ਲਗਾਈ ਗੁਹਾਰ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ-ਅਫਗਾਨ ਸਿੱਖ ਸੰਗਠਨ ਨੇ ਅਫਗਾਨਿਸਤਾਨ ‘ਚ ਫਸੇ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਦੀ ਪਨਾਹ ਅਤੇ ਮੁੜ ਵਸੇਬੇ ਲਈ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ। ਦਰਅਸਲ ਅਫਗਾਨਿਸਤਾਨ ਦੇ ਕਾਬੁਲ, ਜਲਾਲਾਬਾਦ ਅਤੇ ਗਾਜ਼ੀ ਵਿਚ ਰਹਿੰਦੇ ਘੱਟਗਿਣਤੀ ਸਿੱਖ ਅਤੇ ਹਿੰਦੂ ਆਪਣੀ ਜਾਨ ਬਚਾਉਣ ਲਈ ਭਾਰਤ ‘ਚ ਪਨਾਹ ਦੀ ਮੰਗ ਕਰਦੇ ਰਹੇ ਹਨ। ਅਜਿਹੇ ਅਫਗਾਨਿਸਤਾਨ ‘ਚ ਲਗਭਗ 650 ਪਰਿਵਾਰ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਕਾਬੁਲ ਦੇ ਇੱਕ ਗੁਰਦੁਆਰੇ ‘ਤੇ ਹੋਏ ਹਮਲੇ ਵਿੱਚ 25 ਸਿੱਖ ਮਾਰੇ ਗਏ ਸਨ। ਜਿਸ ਤੋਂ ਬਾਅਦ ਇਹ ਪਰਿਵਾਰ ਅਫਗਾਨਿਸਤਾਨ ‘ਚ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ।

ਭਾਰਤ ‘ਚ ਨਾਗਰਿਕਤਾ ਸੋਧ ਐਕਟ ਪਾਸ ਹੋਣ ਕਾਰਨ ਸਿੱਖ ਉਤਸ਼ਾਹਿਤ ਹਨ। ਅਮਰੀਕਾ ਵਿਚ ਵਸਦੇ ਅਮਰੀਕੀ-ਅਫਗਾਨ ਸਿੱਖ ਸੰਗਠਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਐਕਟ ਦੇ ਅਧਾਰ ‘ਤੇ ਅਫਗਾਨ ਹਿੰਦੂਆਂ ਅਤੇ ਸਿੱਖਾਂ ਨੂੰ ਪਨਾਹ ਦੇਣ। ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਉਤਸ਼ਾਹਤ ਅਫ਼ਗ਼ਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਨੇਤਾਵਾਂ ਨੇ ਵੀ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਦੇ ਘੱਟਗਿਣਤੀ ਸਿੱਖ ਅਤੇ ਹਿੰਦੂਆਂ ਨੂੰ ਕਾਨੂੰਨੀ ਪ੍ਰਵੇਸ਼ ਅਤੇ ਰਾਜਨੀਤਿਕ ਪਨਾਹ ਦੇਣ।

ਅਫਗਾਨਿਸਤਾਨ ਸਿੱਖ ਕਮੇਟੀ ਫਾਰ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਅਫਗਾਨ-ਅਮਰੀਕੀ ਪਰਮਜੀਤ ਸਿੰਘ ਬੇਦੀ ਨੇ ਕਿਹਾ ਕਿ ਅਸੀਂ ਕੋਰੋਨਾ ਮਹਾਮਾਰੀ ਕਾਰਨ ਭਾਰਤ ਦੀ ਮੌਜੂਦਾ ਸਥਿਤੀ ਨੂੰ ਸਮਝਦੇ ਹਾਂ ਪਰ ਮੈਂ ਅੱਜ ਵੀ ਭਾਰਤ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਅਫਗਾਨਿਸਤਾਨ ਵਿਚ ਰਹਿੰਦੇ ਘੱਟਗਿਣਤੀ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਅੱਜ ਵੀ ਡਰ ਹੈ। ਇਸ ਦੇ ਨਾਲ ਹੀ ਬੇਦੀ ਨੇ ਮੋਦੀ ਸਰਕਾਰ ਨੂੰ ਕਾਬੁਲ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕਰਨ ਅਤੇ ਅਫਗਾਨਿਸਤਾਨ ‘ਚ ਘੱਟਗਿਣਤੀ ਸਿੱਖਾਂ ਦੀ ਸੁਰੱਖਿਆ ‘ਚ ਦਖਲ ਦੇਣ ਲਈ ਕਿਹਾ। ਨਾਲ ਹੀ ਪਰਮਜੀਤ ਸਿੰਘ ਬੇਦੀ ਨੇ ਆਈਐੱਸਆਈ ਦੀ ਤਰਫ ਤੋਂ 25 ਮਾਰਚ ਨੂੰ ਕਾਬੁਲ ਦੇ ਇੱਕ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਅੱਤਵਾਦੀ ਹਮਲੇ ਦਾ ਹਵਾਲਾ ਦਿੰਦੇ ਹੋਏ ਆਪਣੀ ਚਿੰਤਾ ਵੀ ਜ਼ਾਹਿਰ ਕੀਤੀ।

Share this Article
Leave a comment