ਵਾਸ਼ਿੰਗਟਨ: ਅਮਰੀਕਾ ‘ਚ ਤੂਫਾਨ ਮਿਲਟਨ ਕਾਰਨ ਤਬਾਹੀ ਮਚਣ ਦੀ ਸੰਭਾਵਨਾ ਹੈ। ਤੂਫਾਨ ਮੰਗਲਵਾਰ ਨੂੰ ਫਲੋਰੀਡਾ ਦੇ ਟੈਂਪਾ ਬੇਅ ਤੱਟ ਵੱਲ ਵਧ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ ਫਲੋਰੀਡਾ ‘ਚ ਪ੍ਰਸ਼ਾਸਨ ਨੇ ਤੱਟੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ। 10 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਤੂਫ਼ਾਨ ਹੇਲੇਨ ਦੇ ਤਬਾਹੀ ਮਚਾਉਣ ਤੋਂ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਇਹ ਵੱਡਾ ਤੂਫ਼ਾਨ ਆਇਆ ਹੈ। ਰਾਸ਼ਟਰਪਤਾੀ ਬਾਇਡਨ ਨੇ ਵਿਦੇਸ਼ ਯਾਤਰਾ ਮੁਲਤਵੀ ਕਰਨ ਦੇ ਹੁਕਮ ਦਿਤੇ ਹਨ।
ਦੂਜੇ ਪਾਸੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਸਮੁੰਦਰੀ ਤੂਫਾਨ ਹੈਲਨ ਵੱਲੋਂ ਮਚਾਈ ਤਬਾਹੀ ਨਾਲ ਨਜਿੱਠ ਰਹੇ ਰਾਹਤ ਕਾਮਿਆਂ ਨੂੰ ਮੁੜ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਦਿਤੇ ਗਏ ਹਨ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਕਿਹਾ ਕਿ ਬਿਨਾਂ ਸ਼ੱਕ ਮਿਲਟਨ ਵੀ ਭਾਰੀ ਨੁਕਸਾਨ ਕਰ ਸਕਦਾ ਹੈ। ਡਿਸੈਂਟਿਸ ਵੱਲੋਂ ਸੂਬੇ ਦੀਆਂ 67 ਕਾਊਂਟੀਜ਼ ਵਿਚੋਂ 51 ਵਿਚ ਐਮਰਜੰਸੀ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਥੇ ਸੂਬੇ ਦੇ 90 ਫੀਸਦੀ ਆਬਾਦੀ ਵਸਦੀ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨੇ 2 ਜਵਾਨਾਂ ਨੂੰ ਕੀਤਾ ਅਗਵਾ
ਯੂਐਸ ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਮਿਲਟਨ ਪੱਛਮੀ-ਕੇਂਦਰੀ ਫਲੋਰੀਡਾ ਨੂੰ ਮਾਰਨ ਵਾਲੇ ਹੁਣ ਤੱਕ ਦੇ ਸਭ ਤੋਂ ਵਿਨਾਸ਼ਕਾਰੀ ਤੂਫਾਨਾਂ ਵਿੱਚੋਂ ਇੱਕ ਹੋ ਸਕਦਾ ਹੈ। ਟੈਂਪਾ ਖਾੜੀ ਦੇ ਉੱਤਰ ਅਤੇ ਦੱਖਣ ਵੱਲ ਤੱਟਵਰਤੀ ਦੇ ਨਾਲ 10 ਤੋਂ 15 ਫੁੱਟ ਦੀਆਂ ਲਹਿਰਾਂ ਦੀ ਸੰਭਾਵਨਾ ਹੈ। ਨੈਸ਼ਨਲ ਹਰੀਕੇਨ ਸੈਂਟਰ ਅਨੁਸਾਰ ਐਤਵਾਰ ਬਾਅਦ ਦੁਪਹਿਰ ਤੱਕ ਸਮੁੰਦਰੀ ਤੂਫਾਨ ਮਿਲਟਨ ਟੈਂਪਾ ਤੋਂ 1,300 ਕਿਲੋਮੀਟਰ ਦੱਖਣ ਪੱਛਮ ਵੱਲ ਮੌਜੂਦ ਸੀ ਅਤੇ ਹਵਾਵਾਂ ਦੀ ਵੱਧ ਤੋਂ ਵੱਧ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। 2017 ਤੋਂ ਬਾਅਦ ਪਹਿਲੀ ਵਾਰ ਫਲੋਰੀਡਾ ਵਿਚ ਵੱਡੇ ਪੱਧਰ ’ਤੇ ਲੋਕਾਂ ਨੂੰ ਘਰ ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣਾ ਪਵੇਗਾ। ਸੇਂਟ ਪੀਟਰਜ਼ਬਰਗ ਅਤੇ ਟੈਂਪਾ ਬੇਅ ਇਲਾਕੇ ਵਿਚ ਸਮੁੰਦਰੀ ਤੂਫਾਨ ਹੈਲਨ ਵੱਲੋਂ ਮਚਾਈ ਤਬਾਹੀ ਦੇ ਨਿਸ਼ਾਨ ਹੁਣ ਤੱਕ ਮਿਟਾਏ ਨਹੀਂ ਜਾ ਸਕੇ ਅਤੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਮੁੜ ਬਗੈਰ ਬਿਜਲੀ ਤੋਂ ਸਮਾਂ ਕੱਟਣਾ ਹੋਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।