ਬਗਦਾਦ: ਅਮਰੀਕੀ ਹਵਾਈ ਸੈਨਾ ਵੱਲੋਂ ਬੀਤੇ ਸ਼ੁੱਕਰਵਾਰ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੀਤੇ ਹਮਲੇ ਤੋਂ ਬਾਅਦ ਅਮਰੀਕਾ-ਇਰਾਨ ‘ਚ ਸਥਿਤੀ ਕਾਫੀ ਤਣਾਅਪੂਰਨ ਬਣੀ ਹੋਈ ਹੈ। ਉੱਥੇ ਹੀ ਅਮਰੀਕੀ ਹਵਾਈ ਸੈਨਾ ਵੱਲੋਂ ਅੱਜ ਸਵੇਰੇ (ਸ਼ਨੀਵਾਰ) ਇਰਾਕ ‘ਤੇ ਇੱਕ ਹੋਰ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਹੁਣ ਤੱਕ ਦੀ ਰਿਪੋਰਟ ਅਨੁਸਾਰ 6 ਲੋਕ ਮਾਰੇ ਗਏ ਹਨ।
ਇਰਾਕ ਦੇ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕੀ ਹਵਾਈ ਸੈਨਾ ਨੇ ਇਸ ਹਮਲੇ ‘ਚ ਇਰਾਕ ਦੇ ਹਸਦ-ਅਲ-ਸਾਬੀ ਦੇ ਕਮਾਂਡਰ ਦੀਆਂ ਦੋ ਕਾਰਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਰਾਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਮਲੇ ‘ਚ 6 ਲੋਕ ਮਾਰੇ ਗਏ ਹਨ ਤੇ ਉਸ ‘ਚ ਕੋਈ ਵੀ ਸੀਨੀਅਰ ਕਮਾਂਡਰ ਮੌਜੂਦ ਨਹੀਂ ਸੀ।
ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਯੁੱਧ ਨਹੀਂ ਕਰਨਾ ਚਾਹੁੰਦੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਮਰੀਕੀ ਸੈਨਾ ਨੇ ਯੁੱਧ ਨੂੰ ਰੋਕਣ ਲਈ ਇਰਾਨ ‘ਤੇ ਹਵਾਈ ਹਮਲਾ ਕੀਤਾ ਸੀ। ਕਿਉਂਕਿ ਇਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਦੇ ਜਨਰਨ ਕਾਸਿਮ ਸੁਲੇਮਾਨੀ ਅਮਰੀਕਾ ‘ਤੇ ਹਮਲਾ ਕਰਨ ਦੀ ਸੋਚ ਰਹੇ ਸਨ। ਜਿਸ ਲਈ ਅਮਰੀਕੀ ਸੈਨਾ ਨੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਗਿਰਾਇਆ ਹੈ।
ਦੱਸ ਦਈਏ ਬੀਤੇ ਮੰਗਲਵਾਰ ਇਰਾਨ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਬਗਦਾਦ ‘ਚ ਬਣੇ ਅਮਰੀਕੀ ਦੂਤਾਵਾਸ ‘ਤੇ ਕੀਤੇ ਹਮਲੇ ਦੇ ਜਵਾਬ ‘ਚ ਅਮਰੀਕੀ ਹਵਾਈ ਸੈਨਾ ਨੇ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਮਲੇ ਦੌਰਾਨ ਇਰਾਨ ਦੇ ਮਿਲਟਰੀ ਚੀਫ ਕਮਾਂਡਰ ਕਾਸਿਮ ਸੁਲੇਮਾਨੀ ਸਮੇਤ 7 ਹੋਰਾਂ ਨੂੰ ਮਾਰ ਗਿਰਾਇਆ ਸੀ।