ਅਵਤਾਰ ਸਿੰਘ
-ਸੀਨੀਅਰ ਪੱਤਰਕਾਰ
ਮਾਲਵੇ ਦੇ ਇਕ ਪਿੰਡ ਵਿੱਚ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਪ੍ਰਸ਼ਾਸ਼ਨ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਉਸ ਨੂੰ ਇਨਸਾਫ ਨਾ ਮਿਲਣ ਕਰਕੇ ਦੋ ਵਾਰ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜਣਾ ਪਿਆ। ਉਸ ਦਾ ਰੋਸ ਸੀ ਕਿ ਉਸ ਦੀ ਪਤਨੀ ਵੱਲੋਂ ਉਸ ਦੇ ਪੁੱਤਰ ਤੇ ਧੀ ਦੇ ਵਿਆਹ ਵਾਲੇ ਕਾਰਡਾਂ ਉਪਰ ਉਸ ਦੇ ਨਾਂ ਅੱਗੇ ਸਵਰਗਵਾਸੀ ਲਿਖਵਾ ਦਿੱਤਾ। ਇਸ ਤੋਂ ਦੁਖੀ ਹੋ ਕੇ ਉਹ ਦੋ ਵਾਰ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਗਿਆ।
ਮੌੜ ਖੁਰਦ ਵਾਸੀ ਬ੍ਰਿਸ਼ਭਾਨ ਪੁੱਤਰ ਲਾਲ ਸਿੰਘ ਪ੍ਰਸ਼ਾਸਨ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਤੋਂ ਅੱਕ ਕੇ ਦੁਬਾਰਾ ਵਾਟਰ ਵਰਕਸ ਦੀ ਟੈਂਕੀ ’ਤੇ ਜਾ ਚੜ੍ਹਿਆ। ਇਸ ਦਾ ਪਤਾ ਲੱਗਦੇ ਹੀ ਪੁਲੀਸ ਨੂੰ ਭਾਜੜ ਪੈ ਗਈ।
ਜਦੋਂ ਲੋਕ ਇਕੱਠੇ ਹੋ ਗਏ ਤਾਂ ਮੌੜ ਖੁਰਦ ਵਾਸੀ ਬ੍ਰਿਛਭਾਨ ਨੇ ਸਾਰੀ ਕਹਾਣੀ ਦੱਸੀ। ਉਸ ਦਾ ਕਹਿਣਾ ਸੀ ਕਿ ਉਸਦੀ ਪਤਨੀ ਨੇ ਕਿਸੇ ਨਾਲ ਰਲ ਕੇ ਕਥਿਤ ਤੌਰ ’ਤੇ ਸ਼ਾਜਿਸ਼ ਰਚ ਕੇ ਉਸ ਦੇ ਪੁੱਤਰ ਤੇ ਧੀ ਦੇ ਵਿਆਹ ਦੇ ਕਾਰਡਾਂ ’ਤੇ ਉਸ ਦੇ ਨਾਂ ਅੱਗੇ ਸਵਰਗਵਾਸੀ ਲਿਖਵਾ ਦਿੱਤਾ। ਉਸ ਦਾ ਕਹਿਣਾ ਸੀ ਕਿ ਮੈਨੂੰ ਜਿਉਂਦੇ ਨੂੰ ਮਾਰ ਦਿੱਤਾ ਗਿਆ ਹੈ। ਉਸ ਨੇ ਕਿਹਾ ਕਿ ਉਸ ਨੂੰ ਪੁਲੀਸ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਸ ਨੂੰ ਜਿਉਂਦੇ ਜੀਅ ਮਰਿਆ ਸਾਬਿਤ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪਰ ਕਈ ਦਿਨ ਬੀਤਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ। ਜਿਸ ਕਾਰਨ ਉਸ ਨੂੰ ਇਨਸਾਫ ਪ੍ਰਾਪਤੀ ਲਈ ਮੁੜ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਨਾ ਪਿਆ।
ਰਿਪੋਰਟਾਂ ਮੁਤਾਬਿਕ ਮੌਕੇ ‘ਤੇ ਪੁਜੇ ਡੀਐੱਸਪੀ ਮੌੜ ਨੇ ਬ੍ਰਿਸ਼ਭਾਨ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ। ਥਾਣਾ ਮੌੜ ਦੇ ਐੱਸਐੱਚਓ ਬਿਕਰਮਜੀਤ ਸਿੰਘ ਅਨੁਸਾਰ ਮਾਮਲੇ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਜਾਂਚ ਕਰਕੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿਚ ਇਸ ਘਟਨਾ ਦੀ ਕਾਫੀ ਚਰਚਾ ਹੈ।