ਲਾਲੜੂ (ਦਰਸ਼ਨ ਸਿੰਘ ਖੋਖਰ) : ਲਾਲੜੂ ਨੇੜਲੇ ਪਿੰਡ ਬੜਾਣਾ ਵਿੱਚ ਦੇਰ ਰਾਤ ਪੰਚਾਇਤੀ ਜਮੀਨ ਵਿੱਚੋਂ ਕਥਿਤ ਤੌਰ ਉੱਤੇ ਹੋ ਰਹੀ ਮਾਈਨਿੰਗ ਨੂੰ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠ ਦਰੜਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਦੀ ਸ਼ਨਾਖਤ 65 ਸਾਲਾ ਗੁਰਚਰਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੜਾਣਾ ਵਜੋਂ ਹੋਈ ਦੱਸੀ ਹੈ।ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਵੀ ਸੀ।ਇਸ ਮਾਮਲੇ ‘ਚ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁੱਖੀ ਹੰਡੇਸਰਾ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਅਨੁਸਾਰ ਮ੍ਰਿਤਕ ਗੁਰਚਰਨ ਸਿੰਘ ਦੇ ਪੁੱਤਰ ਭੁਪਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ 16-17 ਫਰਵਰੀ ਦੀ ਰਾਤ ਨੂੰ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਦੀ ਅਵਾਜ ਸੁਣੀ ਤਾਂ ਉਹ ਆਪਣੇ ਇੱਕ ਸਾਥੀ ਸਮੇਤ ਘਰ ਦੇ ਬਾਹਰ ਆਇਆ ਤੇ ਉਸ ਨੇ ਦੇਖਿਆ ਕਿ ਪਿੰਡ ਦੀ ਪੰਚਾਇਤੀ ਜਮੀਨ ਵਿੱਚੋਂ ਕੁੱਝ ਲੋਕ ਟਰੈਕਟਰ-ਟਰਾਲੀਆਂ ਰਾਹੀਂ ਮਿੱਟੀ ਚੁੱਕ ਰਹੇ ਸਨ।
ਭੁਪਿੰਦਰ ਮੁਤਾਬਿਕ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਵਾਲਿਆਂ ਨੂੰ ਮਿੱਟੀ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਵਿੰਦਰ ਸਿੰਘ ਉਰਫ ਗੱਗੂ ਦੇ ਕਹਿਣ ਉੱਤੇ ਮਿੱਟੀ ਚੁੱਕ ਰਹੇ ਹਨ। ਇਹ ਸੁਣ ਕੇ ਗੁਰਚਰਨ ਸਿੰਘ ਨੇ ਟਰੈਕਟਰ ਚਾਲਕ ਨੂੰ ਹਰਵਿੰਦਰ ਸਿੰਘ ਜਾਂ ਪੰਚਾਇਤ ਦੇ ਕਿਸੇ ਨੁਮਾਇੰਦੇ ਨੂੰ ਮੌਕੇ ਉੱਤੇ ਸੱਦਣ ਦੀ ਗੱਲ ਆਖੀ। ਗੁਰਚਰਨ ਸਿੰਘ ਵੱਲੋਂ ਉਠਾਏ ਇਤਰਾਜ ਉਪਰੰਤ ਡਰਾਇਵਰ ਨੇ ਕਿਸੇ ਨੂੰ ਫੋਨ ਮਿਲਾਇਆ ਤੇ ਇਸ ਉਪਰੰਤ ਉਥੇ 5-7 ਵਿਅਕਤੀ ਹੋਰ ਉਥੇ ਪੁੱਜ ਗਏ । ਇਨ੍ਹਾਂ ਵਿਅਕਤੀਆਂ ਨੇ ਗੁਰਚਰਨ ਸਿੰਘ ਨੂੰ ਰਾਹ ਵਿੱਚੋਂ ਹਟਣ ਲਈ ਕਿਹਾ, ਪਰ ਗਰੁਚਰਨ ਨੇ ਉਨ੍ਹਾਂ ਦਾ ਦਬਾਅ ਨਹੀਂ ਮੰਨਿਆ ਤੇ ਚਾਲਕ ਨੇ ਕਥਿਤ ਤੌਰ ਉੱਤੇ ਟਰੈਕਟਰ-ਟਰਾਲੀ ਗੁਰਚਰਨ ਦੇ ਉੱਤੋਂ ਚੜ੍ਹਾ ਦਿੱਤੀ। ਭੁਪਿੰਦਰ ਨੇ ਦੱਸਿਆ ਕਿ ਉਹ ਵੀ ਮੌਕੇ ਉਤੇ ਪੁੱਜ ਗਿਆ ਸੀ ਤੇ ਉਸ ਨੇ ਟਰੈਕਟਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰੈਕਟਰ ਬੰਦ ਨਹੀਂ ਹੋਇਆ ਤੇ ਮਿੱਟੀ ਚੁੱਕਣ ਵਾਲੇ ਵਿਅਕਤੀ ਟਰੈਕਟਰ-ਟਰਾਲੀ ਤੇ ਜੇਸੀਬੀ ਆਦਿ ਮਸ਼ੀਨਾਂ ਉਥੋਂ ਭਜਾ ਕੇ ਲੈ ਗਏ।
ਇਸ ਘਟਨਾ ਉਪਰੰਤ ਭੁਪਿੰਦਰ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਡੇਰਾਬੱਸੀ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਜਸਵਿੰਦਰ ਸਿੰਘ ਉਰਫ ਕਾਲਾ, ਜਸਵਿੰਦਰ ਸਿੰਘ ਉਰਫ ਛਿੰਦਾ ਤੇ ਹਰਵਿੰਦਰ ਸਿੰਘ ਉਰਫ ਗੱਗੂ ਖਿਲਾਫ ਆਈ ਪੀਸੀ ਦੀ ਧਾਰਾ 302, 379, 34 ਤੇ ਮਾਈਨਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਲਾਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.