ਵੈਨਕੂਵਰ ‘ਚ 12 ਬੱਚਿਆਂ ਨੂੰ ਕੋਵਿਡ-19 ਦੀ ਗਲਤ ਵੈਕਸੀਨ ਲਗਾਈ ਗਈ

TeamGlobalPunjab
1 Min Read

ਵੈਨਕੂਵਰ: ਵੈਨਕੂਵਰ ਕੋਸਟਲ ਹੈਲਥ ਨੇ ਮੁਆਫੀ ਮੰਗਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਰਜਨ ਭਰ ਬੱਚਿਆਂ ਨੂੰ ਕੋਵਿਡ-19 ਦੀ ਗਲਤ ਵੈਕਸੀਨ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਇਮਿਊਨਾਈਜ਼ੇਸ਼ਨ ਪ੍ਰਕਿਰਿਆ ਨੂੰ ਅਪਡੇਟ ਕਰ ਰਹੇ ਹਨ।

ਸਿਹਤ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਗਲਤੀ ਸ਼ੁੱਕਰਵਾਰ ਤੇ ਸ਼ਨਿਵਾਰ ਨੂੰ ਹੋਈ ਜਦੋਂ 12 ਤੋਂ 17 ਸਾਲ ਦੇ ਬੱਚਿਆਂ ਨੂੰ ਪਹਿਲੀ ਡੋਜ਼ ਲਗਾਈ ਜਾਣੀ ਸੀ। ਬੱਚਿਆਂ ਨੂੰ ਫਾਈਜ਼ਰ-ਬਾਇਓਐਨਟੈਕ ਦੀ ਥਾਂ ‘ਤੇ ਮੌਡਰਨਾ ਦੇ ਟੀਕੇ ਲਾ ਦਿੱਤੇ ਗਏ। ਜਦਕਿ ਕੈਨੇਡਾ ‘ਚ 12 ਤੇ 17 ਸਾਲ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਵੈਕਸੀਨ ਨੂੰ ਹੀ ਮਨਜੂ਼ਰੀ ਦਿੱਤੀ ਗਈ ਹੈ।

ਉਧਰ ਦੂਜੇ ਪਾਸੇ ਮੌਡਰਨਾ ਵੀ ਇਹ ਐਲਾਨ ਕਰ ਚੁੱਕੀ ਹੈ ਕਿ ਉਨ੍ਹਾਂ ਦੇ ਕਲੀਨਿਕਲ ਟ੍ਰਾਇਲਜ਼ ਵਿੱਚ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਪਾਈ ਗਈ ਹੈ। ਪਰ ਹਾਲੇ ਤੱਕ ਕੈਨੇਡਾ ‘ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਇਸ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਮਿਲੀ ਹੈ।

ਉੱਥੇ ਹੀ ਵੈਨਕੂਵਰ ਕੋਸਟਲ ਹੈਲਥ ਮੈਡੀਕਲ ਅਫਸਰਾਂ ਦਾ ਵੀ ਇਹ ਹੀ ਮੰਨਣਾ ਹੈ ਕਿ ਮੌਡਰਨਾ ਨਾਲ 12 ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਕਦੇ ਵੀ ਅਜਿਹਾ ਕੁੱਝ ਨਾ ਵਾਪਰੇ।

- Advertisement -

Share this Article
Leave a comment