ਇੱਕ ਮੁਰਦਾ ਜੋ ਜਿੰਦਾ ਹੋ ਗਿਆ ਤੇ ਪੁਲਿਸ ਵਾਲਿਆਂ ਨੇ ਪਾਏ ਭੰਗੜੇ, ਲਿਆ ਸੁਖ ਦਾ ਸਾਹ, ਤੇ ਅਸਮਾਨ ਵੱਲ ਮੂੰਹ ਕਰਕੇ ਕਹਿਣ ਲੱਗੇ ਵਾਹ ਓਏ ਰੱਬਾ ਵਾਹ

TeamGlobalPunjab
9 Min Read

ਲੁਧਿਆਣਾ : ਰੱਬ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ ਹੈ ਇਹ ਕਹਾਵਤ ਅਸੀਂ ਅਕਸਰ ਤਰਸ ਦੇ ਅਧਾਰ ਤੇ ਆਮ ਜਨਤਾ ਦੇ ਵਰਤੋਂ ਵਿੱਚ ਲਿਆਂਉਂਦੇ ਹਾਂ ਪਰ ਅੱਜ ਜਿਹੜੀ ਦਾਸਤਾਨ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਉਸ ਨੂੰ ਪੜ੍ਹਨ ਸੁਣਨ ਤੋਂ ਬਾਅਦ ਤੁਸੀਂ ਇਹ ਕਹਾਵਤ ਇਸ ਮਾਮਲੇ ਵਿੱਚ ਪੀੜਤ ਪੁਲਿਸ ਵਾਲਿਆਂ ਲਈ ਜਰੂਰ ਵਰਤੋਂਗੇ। ਇਹ ਕਹਾਣੀ ਹੈ ਡੇਹਲੋਂ ਦੇ ਪਿੰਡ ਰੰਗੀਆਂ ਵਸਨੀਕ ਹਰਦੀਪ ਸਿੰਘ ਦੀ। ਜਿਸ ਦੀ ਹੱਤਿਆ ਸਬੰਧੀ ਇੱਕ ਕੇਸ ਨੇ ਨਾ ਸਿਰਫ ਇਲਾਕੇ ਦੇ ਡੀਐਸਪੀ ਅਤੇ ਥਾਣੇ ਦੇ 2 ਥਾਣੇਦਾਰਾਂ ਨੂੰ 14 ਸਾਲ ਲਈ ਅਦਾਲਤਾਂ ਅਤੇ ਐਸਆਈਟੀਆਂ ਅੱਗੇ ਚੱਕਰ ਕੱਟਣ ਲਈ ਮਜ਼ਬੂਰ ਕਰ ਦਿੱਤਾ, ਬਲਕਿ ਹੁਣ ਇੱਕ ਜੱਜ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਹੋਇਆ ਇੰਝ ਕਿ ਸਾਲ 2005 ਦੌਰਾਨ ਥਾਣਾ ਡੇਹਲੋਂ ਦੀ ਪੁਲਿਸ ਨੇ ਹਰਦੀਪ ਸਿੰਘ ਨੂੰ 70 ਕਿੱਲੋਂ ਭੁੱਕੀ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਪੁਲਿਸ ਹਾਲੇ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਕਿ ਹਰਦੀਪ ਸਿੰਘ ਪੁਲਿਸ ਨੂੰ ਚਕਮਾਂ ਦੇ ਤਿੱਤਰ ਹੋ ਗਿਆ ਤੇ ਉਸ ਦੀ ਹੱਤਿਆ ਦੇ ਦੋਸ਼ ਵਿੱਚ ਫਸ ਗਏ ਇਲਾਕੇ ਦਾ ਡੀਐਸਪੀ ਤੇ ਦੋ ਥਾਣੇਦਾਰ। ਭਾਵੇਂ ਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਲੱਖ ਤਰਕ ਦਿੱਤੇ ਕਿ ਹਰਦੀਪ ਸਿੰਘ ਮਰਿਆ ਨਹੀਂ ਫਰਾਰ ਹੋ ਗਿਆ ਹੈ ਪਰ ਹਾਈ ਕੋਰਟ ਦੇ ਹੁਕਮਾਂ ਤੇ ਲੁਧਿਆਣਾ ਦੇ ਸੈਸ਼ਨ ਜੱਜ ਨੇ ਹਰਦੀਪ ਨੂੰ ਮ੍ਰਿਤਕ ਕਰਾਰ ਦਿੰਦਿਆਂ ਇਲਾਕੇ ਦੇ ਡੀਐਸਪੀ ਅਤੇ ਦੋ ਥਾਣੇਦਾਰਾਂ ਵਿਰੁੱਧ ਹੱਤਿਆ ਦਾ ਮੁਕੱਦਮਾਂ ਦਰਜ ਕਰਾਉਣ ਦੀ ਅਜਿਹੀ ਰਿਪੋਰਟ ਦਿੱਤੀ ਕਿ ਇਹ ਅਧਿਕਾਰੀ ਪਿਛਲੇ 9 ਸਾਲ ਤੋਂ ਅਦਾਲਤਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹਨ। ਇਸ ਕਹਾਣੀ ਨੇ ਮੋੜ ਉਸ ਵੇਲੇ ਖਾਦਾ ਜਦੋਂ ਹਰਦੀਪ ਅਚਾਨਕ ਜਿੰਦਾ ਨਿੱਕਲ ਆਇਆ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਕਿਉਂ? ਹੋ ਗਈ ਨਾ ਉਹੋ ਗੱਲ? ਕਿ ਰੱਬ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ! ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਰਿਟਾਇਰਡ ਡੀਐਸਪੀ ਅਮਰਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਦੋਂ ਉਹ ਥਾਣਾ ਡੇਹਲੋਂ ਦੇ ਮੁਖੀ ਦੇ ਤੌਰ ਤੇ ਤੈਨਾਤ ਸੀ ਤਾਂ 25 ਅਗਸਤ 2005 ਨੂੰ ਉਨ੍ਹਾਂ ਨੇ ਏਐਸਆਈ ਜਸਵੰਤ ਸਿੰਘ, ਏਐਸਆਈ ਕਾਬਲ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਇੱਥੋਂ ਦੇ ਪਿੰਡ ਰੰਗੀਆਂ ਦੇ ਹਰਦੀਪ ਸਿੰਘ ਪੁੱਤਰ ਨਗਿੰਦਰ ਸਿੰਘ ਨੂੰ ਮੋਟਰਸਾਇਕਲ ਤੇ ਆਉਂਦੇ ਨੂੰ 70 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਡੀਐਸਪੀ ਅਨੁਸਾਰ ਹਰਦੀਪ ਸਿੰਘ ਤੇ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਜਦੋਂ ਉਸ ਤੋਂ ਪੁੱਛ ਗਿੱਛ ਕਰ ਹੀ ਰਹੀ ਸੀ ਤਾਂ ਉਹ ਕਿਲਾ ਰਾਏਪੁਰ ਦੇ ਰਜਵਾਹੇ ਕੋਲ ਪੁਲਿਸ ਨੂੰ ਚਕਮਾਂ ਦੇ ਕੇ ਫਰਾਰ ਹੋ ਗਿਆ। ਖਹਿਰਾ ਅਨੁਸਾਰ ਇਸ ਤੋਂ ਬਾਅਦ ਹਰਦੀਪ ਸਿੰਘ ਦੇ ਪਿਤਾ ਨਗਿੰਦਰ ਸਿੰਘ ਨੇ ਹਰਦੀਪ ਨੂੰ ਨਾਜਾਇਜ਼ ਹਿਰਾਸਤ ਚ ਰੱਖਣ ਦਾ ਸ਼ੱਕ ਜਤਾਉਂਦਿਆਂ 28 ਅਗਸਤ 2005 ਨੂੰ ਹਾਈ ਕੋਰਟ ਵਿੱਚ ਦਰਖਾਸਤ ਦੇ ਕੇ ਵਾਰੰਟ ਅਧਿਕਾਰੀ ਤੋਂ ਥਾਣੇ ਅੰਦਰ ਰੇਡ ਕਰਵਾਈ ਤੇ ਵਾਰੰਟ ਅਧਿਕਾਰੀ ਨੇ ਥਾਣਾ ਡੇਹਲੋਂ ਅਤੇ ਲਤਾਲਾ ਚੌਂਕੀ ਦੀ ਤਲਾਸ਼ੀ ਵੀ ਲਈ ਪਰ ਹਰਦੀਪ ਉੱਥੇ ਨਹੀਂ ਮਿਲਿਆ।

ਡੀਐਸਪੀ ਅਮਰਜੀਤ ਸਿੰਘ ਅਨੁਸਾਰ ਇਸ ਉਪਰੰਤ 17 ਸਤੰਬਰ 2005 ਨੂੰ ਇੱਥੇ ਹੀ ਪਿੰਡ ਦੇ ਛੱਪੜ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਤਾਂ ਨਗਿੰਦਰ ਸਿੰਘ ਨੇ ਇਸ ਨੂੰ ਹਰਦੀਪ ਸਿੰਘ ਦੀ ਲਾਸ਼ ਦਸਦਿਆਂ ਹਾਈ ਕੋਰਟ ਵਿੱਚ ਇਹ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾ ਦਿੱਤੀ ਕਿ ਇਹ ਲਾਸ਼ ਹਰਦੀਪ ਸਿੰਘ ਦੀ ਹੈ ਤੇ ਉਸ ਦੀ ਹੱਤਿਆ ਕਰਕੇ ਪੁਲਿਸ ਅਧਿਕਾਰੀਆਂ ਨੇ ਇਸ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ ਹੈ। ਡੀਐਸਪੀ ਮੁਤਾਬਿਕ ਹਾਈਕੋਰਟ ਨੇ ਸ਼ਿਕਾਇਤ ਦੇ ਅਧਾਰ ਤੇ ਇਸ ਦੀ ਜਾਂਚ ਪੰਜਾਬ ਪੁਲਿਸ ਦੇ ਏਡੀਜੀਪੀ ਕ੍ਰਾਇਮ ਨੂੰ ਸੌਂਪ ਦਿੱਤੀ। ਜਿਸ ਦੀ ਰਿਪੋਰਟ ਵਿੱਚ ਏਡੀਜੀਪੀ ਨੇ ਕਿਹਾ ਕਿ ਜਿਹੜੀ ਲਾਸ਼ ਛੱਪੜ ਵਿੱਚੋਂ ਮਿਲੀ ਹੈ ਉਹ ਹਰਦੀਪ ਦੀ ਨਹੀਂ ਹੈ ਬਲਕਿ ਕਿਸੇ ਹੋਰ ਵਿਅਕਤੀ ਦੀ ਹੈ ਅਤੇ ਹਰਦੀਪ ਦੀ ਮੌਤ ਹੋਈ ਹੀ ਨਹੀਂ ਹੈ। ਡੀਐਸਪੀ ਨੇ ਦੱਸਿਆ ਕਿ ਉਸ ਸਮੇ ਏਡੀਜੀਪੀ ਨੇ ਇੱਕ ਪੱਤਰ ਲਿਖ ਕੇ ਹਰਦੀਪ ਸਿੰਘ, ਨਗਿੰਦਰ ਸਿੰਘ ਅਤੇ ਕੁਝ ਹੋਰਾਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਸ਼ਿਫਾਰਿਸ਼ ਵੀ ਕੀਤੀ ਸੀ, ਜਿਸ ਤੇ ਏਐਸਆਈ ਸੁਖਬੀਰ ਸਿੰਘ ਨੇ ਮਾਮਲਾ ਦਰਜ ਕਰ ਲਿਆ ਸੀ ਤੇ ਹਰਦੀਪ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ।

ਡੀਐਸਪੀ ਅਨੁਸਾਰ ਇਸ ਤੋਂ ਬਾਅਦ ਨਗਿੰਦਰ ਸਿੰਘ ਨੇ ਇੱਕ ਵਾਰ ਫਿਰ ਹਾਈ ਕੋਰਟ ਦੀ ਸ਼ਰਨ ਲਈ ਅਤੇ ਜਾਂਚ ਦੀ ਮੰਗ ਕੀਤੀ ਤਾਂ ਹਾਈ ਕੋਰਟ ਨੇ ਲੁਧਿਆਣਾ ਦੇ ਸੈਸ਼ਨ ਜੱਜ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਅਤੇ ਸੈਸ਼ਨ ਜੱਜ ਨੇ ਜਾਂਚ ਦੌਰਾਨ ਉਸ ਛੱਪੜ ਵਾਲੀ ਲਾਸ਼ ਨੂੰ ਹਰਦੀਪ ਸਿੰਘ ਦੀ ਲਾਸ਼ ਕਰਾਰ ਦੇ ਦਿੱਤਾ। ਸੈਸ਼ਨ ਜੱਜ ਨੇ ਸਮੇਂ ਦੇ ਐਸਐਚਓ ਅਮਰਜੀਤ ਸਿੰਘ ਖਹਿਰਾ (ਰਿਟਾਇਰਡ ਡੀਐਸਪੀ), ਏਐਸਆਈ ਜਸਵੰਤ ਸਿੰਘ ਅਤੇ ਏਐਸਆਈ ਕਾਬਲ ਸਿੰਘ ਦੇ ਖਿਲਾਫ ਕਤਲ ਦਾ ਕੇਸ ਦਰਜ ਕਰਨ ਦੀ ਸ਼ਿਫਾਰਿਸ ਕੀਤੀ, ਜਿਸ ਮਗਰੋਂ 21 ਅਗਸਤ 2010 ਨੂੰ ਉਕਤ ਅਧਿਕਾਰੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹਾਈ ਕੋਰਟ ਨੇ ਇਸ ਕੇਸ ਦੀ ਐਸਆਈਟੀ ਜਾਂਚ ਕਰਵਾਉਣ ਦੇ ਹੁਕਮ ਦੇ ਦਿੱਤੇ ਤੇ ਐਸਪੀ ਕ੍ਰਾਇਮ ਗੁਰਦਿਆਲ ਸਿੰਘ, ਐਸਪੀ ਭੁਪਿੰਦਰ ਸਿੰਘ, ਐਸਪੀ ਮਹਿੰਦਰ ਸਿੰਘ ਛੋਕਰ, ਡੀਐਸਪੀ ਨਰਿੰਦਰਪਾਲ ਸਿੰਘ ਰੂਬੀ, ਡੀਐਸਪੀ ਵਾਲੀਆ ਅਤੇ ਥਾਣਾ ਡੇਹਲੋਂ ਦੇ ਮੁਖੀ ਦੇ ਅਧਾਰ ਤੇ ਬਣੀ ਸਿੱਟ ਨੂੰ ਜਾਂਚ ਸੌਂਪੀ ਗਈ। ਉਨ੍ਹਾਂ ਦੱਸਿਆ ਕਿ ਇਸ ਸਿੱਟ ਨੇ ਵੀ ਆਪਣੀ ਰਿਪੋਰਟ ਵਿੱਚ ਇਹੀਓ ਕਿਹਾ ਕਿ ਛੱਪੜ ਚੋਂ ਮਿਲੀ ਲਾਸ਼ ਹਰਦੀਪ ਸਿੰਘ ਦੀ ਨਹੀਂ ਸੀ।  

- Advertisement -

ਮੁੱਕਦੀ ਗੱਲ ਹਰਦੀਪ ਸਿੰਘ ਦੇ ਕਤਲ ਦੇ ਦੋਸ਼ ਚ ਰਿਟਾਇਰਡ ਡੀਐਸਪੀ ਅਮਰਜੀਤ ਸਿੰਘ ਖਹਿਰਾ, ਏਐਸਆਈ ਜਸਵੰਤ ਸਿੰਘ ਅਤੇ ਏਐਸਆਈ ਕਾਬਲ ਸਿੰਘ ਦੇ ਖਿਲਾਫ ਲੁਧਿਆਣਾ ਅਦਾਲਤਾਂ ਵਿੱਚ ਜੇਐਮਆਈਸੀ ਰਾਜਵੀਰ ਕੌਰ ਦੀ ਅਦਾਲਤ ਚ ਚੱਲ ਰਿਹਾ ਕੇਸ ਜਦੋਂ ਬਿਲਕੁਲ ਅੰਤਿਮ ਦੌਰ ਚ ਪਹੁੰਚ ਗਿਆ ਤੇ ਇਸ ਕੇਸ ਦੀ ਅਗਲੀ ਪੇਸ਼ੀ 2 ਸਤੰਬਰ 2019 ਨੂੰ ਹੋਣੀ ਸੀ ਤਾਂ ਇਸ ਤੋਂ ਪਹਿਲਾਂ ਹੀ ਉਸ ਹਰਦੀਪ ਸਿੰਘ ਨੂੰ ਸੀਆਈਏ ਸਟਾਫ ਪੁਲਿਸ ਦੇ ਏਐਸਆਈ ਜਨਕ ਰਾਜ ਨੇ ਭੂੰਦੜੀ ਤੋਂ ਗ੍ਰਿਫਤਾਰ ਕਰ ਲਿਆ ਜਿਸ ਨੂੰ  ਡੇਹਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਹਰਦੀਪ 2005 ਚ ਜਦੋਂ ਪੁਲਿਸ ਹਿਰਾਸਤ ਚੋਂ ਫਰਾਰ ਹੋਇਆ ਸੀ ਤਾਂ ਉਹ ਕਾਲਕਾ ਦੇ ਨੇੜੇ ਫਾਰਮ ਹਾਉਸ ਚ ਲੰਬੇ ਸਮੇਂ ਤੱਕ ਕੰਮ ਕਰਦਾ ਰਿਹਾ। ਜਾਂਚ ਅਧਿਕਾਰੀਆਂ ਅਨੁਸਾਰ ਇਸ ਬਾਰੇ ਹਰਦੀਪ ਦੇ ਪਿਤਾ ਨਗਿੰਦਰ ਸਿੰਘ ਨੂੰ ਵੀ ਪਤਾ ਸੀ, ਪਰ ਫਿਰ ਵੀ ਉਸ ਨੇ ਝੂਠੇ ਮੁਕੱਦਮੇ ਚ ਪੁਲਿਸ ਅਧਿਕਾਰੀਆਂ ਨੂੰ ਸਜ਼ਾ ਦਵਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਦਾ ਦਾਅਵਾ ਹੈ ਕਿ ਨਗਿੰਦਰ ਸਿੰਘ ਨੇ ਨਾਜਾਇਜ਼ ਦਸਤਾਵੇਜ਼ਾਂ ਦੇ ਅਧਾਰ ਤੇ ਹਰਦੀਪ ਨੂੰ ਇੱਕ ਸਿਮ ਕਾਰਡ ਵੀ ਲੈ ਕੇ ਦਿੱਤਾ ਹੋਇਆ ਸੀ ਅਤੇ ਦੋਨੋਂ ਆਪਸ ਵਿੱਚ ਗੱਲਬਾਤ ਵੀ ਕਰਦੇ ਸਨ ਤੇ ਇਸ ਤੋਂ ਇਲਾਵਾ ਨਗਿੰਦਰ ਸਿੰਘ ਹਰਦੀਪ ਸਿੰਘ ਨੂੰ ਮਰਿਆ ਹੋਇਆ ਦੱਸ ਕੇ ਸਰਕਾਰ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਲੈ ਚੁਕਿਆ ਸੀ।

ਪਰ ਕਹਿੰਦੇ ਨੇ ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ ਹੈ ਤੇ ਇਸ ਵਾਰ ਉਸ ਪ੍ਰਮਾਤਮਾਂ ਨੇ ਦੇਰੀ ਨਾਲ ਹੀ ਸਹੀ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ। ਹਰਦੀਪ ਸਿੰਘ ਅੱਜ ਜਿਉਂਦਾ ਜਾਗਦਾ ਪੁਲਿਸ ਹਿਰਾਸਤ ਵਿੱਚ ਹੈ ਤੇ ਸ਼ਾਇਦ ਉਨ੍ਹਾਂ ਪੁਲਿਸ ਵਾਲਿਆਂ ਦੇ ਚੰਗੇ ਕਰਮਾਂ ਦਾ ਫਲ ਉਨ੍ਹਾਂ ਦੇ ਸਾਹਮਣੇ ਆਇਆ ਹੈ ਕਿ ਅੱਜ ਉਹ 9 ਸਾਲ ਦੇ ਮਾਨਸਿਕ ਤਸੱਦਦ ਤੋਂ ਆਜ਼ਾਦ ਹੋਣ ਜਾ ਰਹੇ ਹਨ। ਹੁਣ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਹਰਦੀਪ ਸਿੰਘ ਦੇ ਜਿੰਦਾ ਹੋਣ ਬਾਰੇ ਨਗਿੰਦਰ ਸਿੰਘ  ਨੂੰ ਪਤਾ ਸੀ ਤੇ ਉਸੇ ਨੇ ਹੀ ਉਸ ਨੂੰ ਨਾਜਾਇਜ਼ ਦਸਤਾਵੇਜਾਂ ਦੇ ਅਧਾਰ ਤੇ ਸਿਮ ਕਾਰਡ ਲੈ ਕੇ ਦਿੱਤਾ ਹੋਇਆ ਸੀ ਜਿਸ ਤੇ ਉਹ ਆਪਸ ਵਿੱਚ ਗੱਲ ਕਰਦੇ ਸਨ ਇਹ ਤਾਂ ਇੱਕ ਵੱਖਰੀ ਜਾਂਚ ਦਾ ਵਿਸ਼ਾ ਹੈ ਪਰ ਇੰਨਾ ਜਰੂਰ ਹੈ ਕਿ ਜਿਸ ਤਰ੍ਹਾਂ ਹਰਦੀਪ ਸਿੰਘ 15 ਸਾਲ ਤੱਕ ਗਾਇਬ ਰਿਹਾ ਤੇ ਉਸ ਨੇ ਕਨੂੰਨ  ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨਗਿੰਦਰ ਸਿੰਘ ਸਰਕਾਰ ਨੂੰ 2 ਲੱਖ ਰੁਪਏ ਲੈ ਕੇ ਹੜੱਪ ਗਿਆ ਇਸ ਗੱਲ ਨੇ ਉਨ੍ਹਾਂ  ਦੇ ਜ਼ੁਰਮ ਨੂੰ ਹੋਰ ਵਧਾ ਦਿੱਤਾ।

Share this Article
Leave a comment