ਅੰਮ੍ਰਿਤਸਰ: ਲੰਬੇ ਸਮੇਂ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਫਿਰ ਸਰਗਰਮ ਹੋ ਗਏ ਹਨ। ਬੁੱਧਵਾਰ ਯਾਨੀ ਅੱਜ ਸਿੱਧੂ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ‘ਚ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਲੈ ਕੇ ਹਾਲ ਬਾਜ਼ਾਰ ਤੱਕ ਪ੍ਰਦਰਸ਼ਨ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਦੇ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਅਤੇ ਕਿਸਾਨ ਵੀ ਪਹੁੰਚੇ ਹਨ।
ਟਰੈਕਟਰ ‘ਤੇ ਮੌਜੂਦ ਨਵਜੋਤ ਸਿੱਧੂ ਤਖਤੀਆਂ ਦਿਖਾ ਕੇ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਨੇ ਕਿਹਾ ਅਸੀਂ ਇਕੱਠੇ ਮਿਲ ਕੇ ਇਸ ਬਿੱਲ ਨੂੰ ਰੋਕ ਸਕਦੇ ਹਾਂ। ਸਿੱਧੂ ਨੇ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਦੱਸਿਆ ਹੈ।
ਉਨ੍ਹਾਂ ਨੇ ਸਰਕਾਰ ਤੇ ਨਿਸ਼ਾਨੇ ਲਾਉਂਦੇ ਹੋਏ ਟਵੀਟ ਕਰਕੇ ਕਿਹਾ ਹੈ ਆਵਾਜ਼ ਏ ਕਿਸਾਨ: ਜਿਸ ਨੂੰ ਅਸੀਂ ਹਾਰ ਸਮਝੇ ਗਲਾ ਆਪਣਾ ਸਜਾਉਣ ਨੂੰ, ਉਹੀ ਹੁਣ ਨਾਗ ਬਣ ਬੈਠੇ ਸਾਨੂੰ ਵੱਢ ਖਾਣ ਨੂੰ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਭਾਜਪਾ ਨੂੰ ਛੱਡ ਕੇ ਸਾਰੀ ਪਾਰਟੀਆਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਹਰਸਿਮਰਤ ਕੌਰ ਬਾਦਲ ਨੇ ਵੀ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਾਂਗਰਸ ਪਹਿਲਾਂ ਹੀ ਇਨ੍ਹਾਂ ਬਿੱਲਾਂ ਦੇ ਖਿਲਾਫ ਹੈ ਹੁਣ ਕਿਸਾਨਾਂ ਦਾ ਇਹ ਮੁੱਦਾ ਉਨ੍ਹਾਂ ਦਾ ਮੁੱਦਾ ਰਹਿਣ ਦੀ ਬਜਾਏ ਸਿਆਸੀ ਮੁੱਦਾ ਜ਼ਿਆਦਾ ਹੋ ਗਿਆ ਹੈ।