ਬਗਦਾਦ : ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਬਗਦਾਦ ਦੇ ਅੰਤਰਾਸ਼ਟਰੀ ਏਅਰਪੋਰਟ ‘ਤੇ ਮਿਸਾਇਲ ਨਾਲ ਹਮਲਾ ਕੀਤਾ ਜਿਸ ‘ਚ ਇਰਾਨ ਦੇ ਚੀਫ ਕਮਾਂਡਰ ਕਾਸਿਮ ਸੁਲੇਮਾਨੀ ਸਣੇ 7 ਹੋਰਾਂ ਦੀ ਮੌਤ ਹੋ ਗਈ। ਇਰਾਨ ਦੇ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਸੈਨਾ ਵੱਲੋਂ ਤਿੰਨ ਮਿਸਾਇਲਾਂ ਦਾਗੀਆਂ ਗਈਆਂ ਜਿਸ ਕਾਰਨ ਏਅਰਪੋਰਟ ਦੇ ਆਸ-ਪਾਸ ਖੜ੍ਹੇ ਵਾਹਨਾਂ ‘ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ।
ਇਰਾਕ ਦੀ ਸਮਾਚਾਰ ਏਜੰਸੀ ਏਐੱਫਪੀ ਦੇ ਅਨੁਸਾਰ ਬਗਦਾਦ ਦੇ ਅੰਤਰਰਾਸ਼ਟਰੀ ਏਅਰਪੋਰਟ ‘ਤੇ ਅਮਰੀਕੀ ਹਵਾਈ ਹਮਲੇ ਦੌਰਾਨ ਇਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਦੇ ਕੁਦਰਸ ਫੋਰਸ ਦੇ ਸੀਨੀਅਰ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਹੈ। ਇਰਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ‘ਚ ਇਰਾਕ ਦੇ ਹਸਦ ਅਲ-ਸ਼ਾਬੀ ਸੈਨਾ ਬਲ ਦੇ ਉਪ-ਮੁੱਖੀ ਦੀ ਵੀ ਮੌਤ ਹੋ ਗਈ ਹੈ।
ਵਾਈਟ ਹਾਊਸ ਨੇ ਦਾਅਵਾ ਕਰਦਿਆਂ ਕਿਹਾ ਕਿ ਕੁਦਰਸ ਫੋਰਸ ਦੇ ਮੁੱਖੀ ਕਾਸਿਮ ਸੁਲੇਮਾਨੀ ਇਰਾਕ ‘ਚ ਰਹਿੰਦੇ ਅਮਰੀਕੀ ਡਿਪਲੋਮੇਟਾਂ ‘ਤੇ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਜਿਸ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਅਮਰੀਕੀ ਫੌਜ ਨੇ ਆਪਣੇ ਵਿਦੇਸ਼ੀ ਅਮਲੇ ਨੂੰ ਬਚਾਉਣ ਲਈ ਇਹ ਰੱਖਿਆਤਮਕ ਕਾਰਵਾਈ ਕੀਤੀ ਹੈ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਾਸਿਮ ਸੁਨੇਮਾਨੀ ਦੀ ਮੌਤ ਤੋਂ ਠੀਕ ਬਾਅਦ ਆਪਣੇ ਟਵੀਟਰ ਅਕਾਉਂਟ ‘ਤੇ ਅਮਰੀਕਾ ਦਾ ਝੰਡਾ ਪੋਸਟ ਕੀਤਾ।