Bombay ਬਣਿਆ ਆਦਮੀਆਂ ਦਾ ਜੰਗਲ : ਸ਼ਵਿੰਦਰ ਮਾਹਲ
ਹਰ ਇੱਕ ਅਦਾਕਾਰ ਆਪਣੀ ਅਦਾਕਾਰੀ ਕਰਕੇ ਜਾਣਿਆ ਜਾਂਦਾ ਹੈ। ਪੰਜਾਬੀ ਇੰਡਸਟਰੀ ‘ਚ ਵੀ ਕਈ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਫਿਲਮਾਂ ‘ਚ ਇੱਕ ਖਾਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਕਾਰਨ ਇੱਕ ਵੱਖਰੀ ਪਹਿਚਾਣ ਮਿਲੀ ਹੈ। ਅਸੀਂ ਜਿਸ ਅਦਾਕਾਰ ਦੀ ਗੱਲ ਕਰ ਰਹੇ ਹਾਂ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਦਾ ਓਮ ਪੁਰੀ ਵੀ ਆਖਿਆ ਜਾਂਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਅਦਾਕਾਰ ਸ਼ਵਿੰਦਰ ਮਾਹਲ ਦੀ। ਸਾਡੇ ਖਾਸ ਪ੍ਰੋਗਰਾਮ “ਕੈਫੇ ਪੰਜਾਬੀ” ‘ਚ ਸ਼ਵਿੰਦਰ ਮਾਹਲ ਨੇ ਆਪਣੇ ਦਿਲ ਦੇ ਕਈ ਗੁੱਝੇ ਭੇਦ ਖੋਲ੍ਹੇ। ਕੀ ਕਿਹਾ ਉਨ੍ਹਾਂ ਨੇ ਆਓ ਦੱਸਦੇ ਹਾਂ…
ਤੁਸੀਂ Shavinder Mahal ਭਾਵ ਆਪਣੇ-ਆਪ ਨੂੰ ਕਿਹੜੇ ਸ਼ਬਦਾਂ ‘ਚ ਪਰਿਭਾਸ਼ਿਤ ਕਰੋਗੇ।
ਸ਼ਵਿੰਦਰ ਮਾਹਲ ਨੇ ਕਿਹਾ ਕਿ ਮੈਂ ਜੋ ਕਹਿੰਦਾ ਹਾਂ ਉਹੀ ਕਰਦਾ ਹਾਂ ਤੇ ਇਹ ਹੀ ਮੇਰੀ ਜ਼ਿੰਦਗੀ ਦਾ ਮੁੱਖ ਸਿਧਾਂਤ ਹੈ। ਜਿਹੜੀ ਗੱਲ ਮੇਰੀ ਜੁਬਾਨ ‘ਤੇ ਹੁੰਦੀ ਹੈ ਉਹੀ ਗੱਲ ਮੇਰੇ ਦਿਲ ਤੇ ਦਿਮਾਗ ‘ਚ ਹੁੰਦੀ ਹੈ ਤੇ ਮੈਂ ਹਮੇਸਾ ਸੱਚ ਬੋਲਦਾ ਹਾਂ।
ਬੰਬੇ ਦੇ ਫਿਲਮੀ ਸਫਰ ਤੇ ਪੰਜਾਬੀ ਇੰਡਸਟਰੀ ਦੇ ਫਿਲਮ ਸਫਰ ‘ਚ ਤੁਸੀਂ ਕੀ ਫਰਕ ਦੇਖਿਆ ਹੈ।
ਜਦੋਂ ਕੋਈ ਵੀ ਅਦਾਕਾਰ ਆਪਣਾ ਫਿਲਮੀ ਸਫਰ ਸ਼ੁਰੂ ਕਰਨ ਲਈ ਬੰਬੇ(ਫਿਲਮ ਇੰਡਸਟਰੀ) ਜਾਂਦਾ ਹੈ ਤਾਂ ਉਸ ਨੂੰ ਕਾਮਯਾਬ ਹੋਣ ਲਈ ਕਾਫੀ ਲੰਮਾ ਸਮਾਂ ਲੱਗਦਾ ਹੈ। ਆਪਣੇ ਫਿਲਮੀ ਸਫਰ ਦੌਰਾਨ ਮੈਂ ਕਈ ਸਾਲ ਬੰਬੇ ਰਿਹਾ। ਕੁਝ ਪਰਿਵਾਰਿਕ ਮੁਸ਼ਕਿਲਾਂ ਦੇ ਚੱਲਦਿਆਂ ਮੈਨੂੰ ਵਾਪਸ ਪੰਜਾਬ ਆਉਣਾ ਪਿਆ ਤੇ ਇਸ ਸਮੇਂ ਮੈਂ ਪੰਜਾਬ ‘ਚ ਹਾਂ ਤੇ ਬਹੁਤ ਖੁਸ਼ ਹਾਂ।
ਮੈਂ ਆਪਣੇ ਫਿਲਮੀ ਸਫਰ ਦੇ ਸ਼ੁਰੂਆਤੀ ਦਿਨਾਂ ‘ਚ ਬਹੁਤ ਸਘੰਰਸ ਕੀਤਾ ਹੈ। ਹਰ ਇੱਕ ਵਿਅਕਤੀ ਨੂੰ ਕਾਮਯਾਬ ਹੋਣ ਲਈ ਕਾਫੀ ਸਘੰਰਸ ਕਰਨਾ ਪੈਂਦਾ ਹੈ ਤੇ ਸਭ ਨੂੰ ਸੰਘਰਸ ਕਰਨਾ ਵੀ ਚਾਹੀਦਾ ਹੈ। ਸੰਘਰਸ ਕਰਨ ਤੋਂ ਬਾਅਦ ਹੀ ਬੰਦੇ ਨੂੰ ਪਤਾ ਲੱਗਦਾ ਕਿ ਦਿਨ ਰਾਤ ‘ਚ ਕੀ ਫਰਕ ਹੁੰਦਾ ਹੈ।
ਜ਼ਿੰਦਗੀ ਦੀ ਕੋਈ ਅਜਿਹੀ ਘਟਨਾ(ਮੋੜ) ਜਿਸ ਨੇ ਤੁਹਾਡੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ।
ਮੇਰਾ ਪਰਿਵਾਰ ਇੱਕ ਫੌਜੀ ਪਰਿਵਾਰ ਸੀ। ਮੇਰਾ ਪਰਿਵਾਰ ਚਾਹੁੰਦਾ ਸੀ ਕਿ ਮੈਂ ਫੌਜ ਦੀ ਨੌਕਰੀ ਕਰਾ ਤੇ ਮੈਂ ਵੀ ਫੌਜ ‘ਚ ਕਰਨ ਬਾਰੇ ਸੋਚਿਆ ਹੋਇਆ ਸੀ। ਰੋਪੜ ਦੇ ਸਰਕਾਰੀ ਕਾਲਜ ਤੋਂ ਮੈਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਮੇਰੀ ਦਿਲਚਸਪੀ ਪਹਿਲਾਂ ਤੋਂ ਹੀ ਫੌਜ ਦੀ ਨੌਕਰੀ ਕਰਨ ‘ਚ ਸੀ ਜਿਸ ਕਾਰਨ ਮੈਂ ਐੱਨਸੀਸੀ ‘ਚ ਦਾਖਲਾ ਲਿਆ।
ਮੇਰੇ ਆਪਣੇ ਦੋਸਤਾਂ ਦੇ ਕਹਿਣ ‘ਤੇ ਮੈਂ ਫਿਲਮ ਲਾਇਨ ‘ਚ ਆਇਆ। ਜੋ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਮੋੜ ਸੀ। ਉਸ ਸਮੇਂ ‘ਚ ਹੀ ਮੈਂ ਆਪਣੇ ਕੇਸ ਕਤਲ ਕਰਵਾ ਦਿੱਤੇ ਸੀ। ਉਸ ਸਮੇਂ ਮੇਰੇ ਨਾਲ ਇਕਬਾਲ ਸਿੰਘ ਢਿੱਲੋਂ ਵੀ ਬੰਬੇ ਗਿਆ। ਮੇਰੀ ਪਹਿਲੀ ਪੰਜਾਬੀ ਫਿਲਮ “ਪਟਵਾਰੀ” 1983 ‘ਚ ਰਿਲੀਜ਼ ਹੋਈ ਜਿਸ ‘ਚ ਮੈਂ ਅਰਪਣਾ ਚੌਧਰੀ, ਮੇਹਲ ਮਿੱਤਰ ਤੇ ਯੋਗੇਸ਼ ਛਾਬੜਾ ਨਾਲ ਕੰਮ ਕੀਤਾ। ਇਤਫਾਕ ਨਾਲ ਜਿਸ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਉਸ ਦਿਨ ਮੇਰਾ ਜਨਮਦਿਨ ਵੀ ਸੀ। ਰੂਬੀ ਵਾਲੀਆ ਵੱਲੋਂ ਮੇਰੇ ਜਨਮਦਿਨ ‘ਤੇ ਖੂਬ ਤਿਆਰੀ ਕੀਤੀ ਗਈ। ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਫਿਲਮੀ ਲਾਇਨ ‘ਚ ਜਨਮਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ।
ਬੰਬੇ ਦੀ ਕੋਈ ਅਜਿਹੀ ਚੀਜ਼ ਜੋ ਤੁਹਾਨੂੰ ਬਹੁਤ ਯਾਦ ਆਉਂਦੀ ਹੈ।
ਮੈਨੂੰ ਪਹਾੜ, ਦਰਿਆ ਤੇ ਸਮੁੰਦਰ ਦੀਆਂ ਲਹਿਰਾ ਬਹੁਤ ਚੰਗੀਆਂ ਲੱਗਦੀਆਂ ਹਨ। ਬੰਬੇ ਰਹਿੰਦੇ ਹੋਏ ਜਦੋਂ ਵੀ ਮੈਂ ਬਹੁਤ ਜ਼ਿਆਦਾ ਖੁਸ਼ ਜਾਂ ਫਿਰ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ ਤਾਂ ਮੈਂ ਸਮੁੰਦਰ ਦੇ ਕੰਢੇ ਬੈਠ ਕੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖਦਾ ਰਹਿੰਦਾ ਸੀ। ਬੰਬੇ ਰਹਿੰਦੇ ਹੋਏ ਮੈਂ ਪੰਜਾਬ ਨੂੰ ਬਹੁਤ ਯਾਦ ਕਰਦਾ ਸੀ। ਪਰ ਅੱਜ ਬੰਬੇ ਆਦਮੀਆਂ ਦਾ ਜੰਗਲ ਬਣ ਗਿਆ ਹੈ।
ਕਿਹੜਾ ਕਿਰਦਾਰ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਰਿਹਾ।
ਮੈਨੂੰ ਫਿਲਮਾਂ ‘ਚ ਦਰਦ ਭਰਿਆ ਕਿਰਦਾਰ ਨਿਭਾਉਣਾ ਬਹੁਤ ਚੰਗਾ ਲੱਗਦਾ ਹੈ। ਕਿਉਂਕਿ ਮੈਂ ਆਪਣੇ-ਆਪ ਨੂੰ ਬਹੁਤ ਜਲਦੀ ਇਸ ਤਰ੍ਹਾਂ ਦੇ ਕਿਰਦਾਰਾਂ ‘ਚ ਢਾਲ ਲੈਂਦਾ ਹਾਂ। ਜ਼ਿਆਦਾਤਰ ਫਿਲਮਾਂ ‘ਚ ਮੈਨੂੰ ਹੀਰੋਇਨਾਂ ਦੇ ਬਾਪ ਦੇ ਰੂਪ ‘ਚ ਕਿਰਦਾਰ ਕਰਨ ਦਾ ਮੌਕਾ ਮਿਲਿਆ ਹੈ।
ਜੇ ਤੁਸੀਂ ਅਦਾਕਾਰ ਨਾ ਹੁੰਦੇ ਤਾਂ ਤੁਸੀਂ ਕੀ ਹੁੰਦੇ?
ਜੇਕਰ ਮੈਂ ਅਦਾਕਾਰ ਨਾ ਹੁੰਦਾ ਤਾਂ ਮੈਂ ਜ਼ਰੂਰ ਇੱਕ ਆਰਮੀ ਅਫਸਰ ਹੋਣਾ ਸੀ ਤੇ ਹੁਣ ਤੱਕ ਤਾਂ ਮੈਂ ਰਿਟਾਇਰਡ ਵੀ ਹੋ ਜਾਣਾ ਸੀ। ਕਿਉਂਕਿ ਫਿਲਮਾਂ ‘ਚ ਆਉਣ ਤੋਂ ਪਹਿਲਾਂ ਮੇਰੀ ਦਿਲਚਸਪੀ ਫੌਜ ‘ਚ ਜ਼ਿਆਦਾ ਸੀ।
ਅਦਾਕਾਰੀ ਤੋਂ ਇਲਾਵਾ ਤੁਹਾਡੇ ਹੋਰ ਕੀ-ਕੀ ਸ਼ੌਂਕ ਹਨ?
ਮੈਂ ਘੁਮਣ ਫਿਰਨ ਦਾ ਬਹੁਤ ਸ਼ੌਕੀਨ ਹਾਂ ਤੇ ਜਦੋਂ ਮੈਨੂੰ ਸਮਾਂ ਮਿਲਦਾ ਹੈ ਤਾਂ ਮੈਂ ਕਿਤਾਬਾਂ ਵੀ ਪੜ੍ਹ ਲੈਂਦਾ ਹਾਂ। ਇਸ ਤੋਂ ਇਲਾਵਾ ਮੈਨੂੰ ਦੋਸਤ ਬਣਾਉਣ ਦਾ ਵੀ ਬਹੁਤ ਸ਼ੌਕ ਹੈ। ਇੱਥੋਂ ਤੱਕ ਕਿ ਕੋਈ ਵੀ ਅਜਿਹਾ ਦੇਸ਼ ਨਹੀਂ ਹੋਵੇਗਾ ਜਿੱਥੇ ਮੇਰੇ ਦੋਸਤ ਨਾ ਹੋਣ।
ਬੰਬੇ ਤੋਂ ਵਾਪਸ ਆਉਣ ਤੋਂ ਕੁਝ ਸਮਾਂ ਬਾਅਦ ਮੈਂ ਇੱਕ ਵੈੱਬਸਾਈਟ ਲਾਂਚ ਕਰਨ ਦੀ ਸੋਚੀ। ਇਸ ਲਈ ਮੈਂ ਚੰਡੀਗੜ੍ਹ ‘ਚ ਰਹਿਣ ਵਾਲੇ ਸਾਰੇ ਥੇਟਰ ਕਲਾਕਾਰਾਂ ਨੂੰ ਆਪਣੇ ਨਾਲ ਜੋੜਿਆ ਤੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਸੰਸਥਾ ਦਾ ਨਿਰਮਾਣ ਕੀਤਾ। ਗੁਰਪ੍ਰੀਤ ਸਿੰਘ ਘੁੱਗੀ ਇਸ ਸੰਸਥਾ ਦੇ ਮੌਜੂਦਾ ਪ੍ਰਧਾਨ ਹਨ ਤੇ ਮੈਂ ਸੀਨੀਅਰ ਵਾਇਸ-ਪ੍ਰਧਾਨ ਹਾਂ। ਇਸ ਸੰਸਥਾ ਨੇ ਫਿਲਮ ਸੀਟੀ ‘ਚ 550 ਬੂਟੇ ਲਗਾਏ ਹਨ, ਇਹ ਫਿਲਮ ਸੀਟੀ ਇਕਬਾਲ ਚੀਮਾ ਵੱਲੋਂ ਖੋਲ੍ਹੀ ਗਈ ਹੈ।
ਤੁਸੀਂ ਆਪਣੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ।
ਇੱਕ ਫਿਲਮ ਅਦਾਕਾਰ ਤੇ ਦਰਸ਼ਕ ਇੱਕ-ਦੂਜੇ ਨਾਲ ਫਿਲਮਾਂ ਰਾਹੀਂ ਹੀ ਜੁੜੇ ਹੋਏ ਹਨ। ਹਮੇਸਾ ਆਪਣੇ ਸੱਭਿਆਚਾਰ ਨਾਲ ਜੁੜੇ ਰਹੋ ਤੇ ਪੰਜਾਬੀ ਸੱਭਿਆਚਾਰਕ ਫਿਲਮਾਂ ਦੇਖਦੇ ਰਹੋ। ਜਿਸ ਨਾਲ ਸਾਨੂੰ ਭਾਵ ਇੱਕ ਅਦਾਕਾਰ ਨੂੰ ਬਹੁਤ ਹਿੰਮਤ ਮਿਲਦੀ ਹੈ।